ਵਾਈਟ ਹਾਊਸ ਸਾਹਮਣੇ 30 ਹਜ਼ਾਰ ਫਿਲਸਤੀਨ ਸਮਰਥਕਾਂ ਵੱਲੋਂ ਪ੍ਰਦਰਸ਼ਨ

ਵਾਈਟ ਹਾਊਸ ਸਾਹਮਣੇ 30 ਹਜ਼ਾਰ ਫਿਲਸਤੀਨ ਸਮਰਥਕਾਂ ਵੱਲੋਂ ਪ੍ਰਦਰਸ਼ਨ

ਵਾਸ਼ਿੰਗਟਨ : ਗਾਜ਼ਾ ’ਚ ਇਜ਼ਰਾਈਲੀ ਹਮਲਿਆਂ ਦੌਰਾਨ 30 ਹਜ਼ਾਰ ਫਿਲਸਤੀਨ ਸਮਰਥਕਾਂ ਨੇ ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਵ੍ਹਾਈਟ ਹਾਊਸ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੇ ਮੌਕੇ ਲੋਕ ਆਪਣੇ ਸਿਰ ’ਤੇ ਹਮਾਸ ਦੇ ਬੈਂਡ ਅਤੇ ਫਿਲਸਤੀਨ ਦਾ ਝੰਡਾ ਲਹਿਰਾਉਂਦੇ ਦੇਖੇ ਗਏ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਇਕ ਵਿਅਕਤੀ ਦੇ ਹੱਥ ’ਚ ਰਾਸ਼ਟਰਪਤੀ ਬਾਈਡੇਨ ਦਾ ਮਾਸਕ ਵੀ ਸੀ, ਜੋ ਖੂਨ ਨਾਲ ਰੰਗਿਆ ਹੋਇਆ ਸੀ। ਦੱਸ ਦੇਈਏ ਕਿ ਵ?ਹਾਈਟ ਹਾਊਸ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਅਮਰੀਕੀ ਝੰਡੇ ਨੂੰ ਵੀ ਅੱਗ ਲਗਾ ਦਿੱਤੀ। ਲੋਕਾਂ ਦੇ ਹੱਥਾਂ ਵਿਚ ਕਈ ਬੈਨਰ ਅਤੇ ਪੋਸਟਰ ਵੀ ਸਨ। ਇਸ ’ਚ ਬਾਈਡੇਨ ’ਤੇ ਗਲਤ ਪੱਖ ’ਚ ਖੜ੍ਹੇ ਹੋਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵਲੋਂ ਫਿਲਸਤੀਨ ਆਜ਼ਾਦ ਦੇ ਨਾਅਰੇ ਵੀ ਲਾਏ ਗਏ। ਉਨ੍ਹਾਂ ਨੇ ਕਿਹਾ ਕਿ ਗਾਜ਼ਾ ’ਚ ਬੰਬਾਰੀ ’ਚ ਜਾਨ ਗਵਾਉਣ ਵਾਲੇ ਬੱਚਿਆਂ ਦੀਆਂ ਚੀਕਾਂ ਹਮੇਸ਼ਾ ਤੁਹਾਨੂੰ ਸਤਾਉਂਦੀਆਂ ਰਹਿਣਗੀਆਂ।
ਪ੍ਰਦਰਸ਼ਨਕਾਰੀਆਂ ਨੇ ਨੈਸ਼ਨਲ ਪਾਰਕ ਸਰਵਿਸ ਰੇਂਜਰਾਂ ’ਤੇ ਕੁਝ ਵਸਤਾਂ ਵੀ ਸੁੱਟੀਆਂ। ਇਸ ਤੋਂ ਇਲਾਵਾ ਉਥੇ ਸਥਾਪਿਤ ਬੁੱਤ ਦੀ ਵੀ ਭੰਨ-ਤੋੜ ਕੀਤੀ ਗਈ। ਉਨ੍ਹਾਂ ਨੇ ਇਜ਼ਰਾਈਲ ਲਈ ਅਮਰੀਕਾ ਦੇ ਸਮਰਥਨ ਨੂੰ ਖ਼ਤਮ ਕਰਨ ਦੀ ਮੰਗ ਕੀਤੀ। ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਵ੍ਹਾਈਟ ਹਾਊਸ ਨੇੜੇ ਸੁਰੱਖਿਆ ਵਧਾ ਦਿੱਤੀ ਗਈ। ਓਧਰ ਬ੍ਰਿਟੇਨ ਅਤੇ ਥਾਈਲੈਂਡ ’ਚ ਵੀ ਇਜ਼ਰਾਈਲ ਵਿਰੁੱਧ ਪ੍ਰਦਰਸ਼ਨ ਹੋਏ।