ਰਾਸ਼ਟਰਪਤੀ ਬਾਈਡਨ ਦਾ ਪੁੱਤਰ ਦੋਸ਼ੀ ਕਰਾਰ

ਰਾਸ਼ਟਰਪਤੀ ਬਾਈਡਨ ਦਾ ਪੁੱਤਰ ਦੋਸ਼ੀ ਕਰਾਰ

ਫੈਡਰਲ ਗੰਨ ਕੇਸ ਵਿਚ ਅਦਾਲਤ ਦਾ ਵੱਡਾ ਫੈਸਲਾ

ਵਿਲਮਿੰਗਟਨ : ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਪੁੱਤਰ ਹੰਟਰ ਬਾਈਡਨ ਨੂੰ ਸੰਘੀ ਬੰਦੂਕ ਦੇ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਹੈ ੍ਟ ਡੇਲਾਵੇਅਰ ਦੀ ਇੱਕ ਅਦਾਲਤ ਨੇ ਹੰਟਰ ਨੂੰ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਦੋ ਹੋਰ ਮਾਮਲਿਆਂ ਵਿਚ ਵੀ ਦੋਸ਼ੀ ਠਹਿਰਾਇਆ ਹੈ। ਹੰਟਰ ਨੂੰ ਨਸ਼ਿਆਂ ਦੇ ਪ੍ਰਭਾਵ ਹੇਠ ਹਥਿਆਰ ਰੱਖਣ ਦੇ ਤਿੰਨ ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਸ ਨੇ ਜਿਊਰੀ ਦੇ ਸਾਹਮਣੇ ਆਪਣੇ-ਆਪ ਨੂੰ ਬੇਕਸੂਰ ਦੱਸਿਆ ਸੀ। ਇਹ ਪਹਿਲਾ ਮਾਮਲਾ ਹੈ ਜਿਸ ਵਿਚ ਕਿਸੇ ਮੌਜੂਦਾ ਰਾਸ਼ਟਰਪਤੀ ਦੇ ਬੱਚੇ ਨੂੰ ਸ਼ਾਮਿਲ ਕੀਤਾ ਗਿਆ ਹੈ। ਖਾਸ ਤੌਰ ’ਤੇ ਅਮਰੀਕਾ ਵਿਚ ਚੋਣਾਂ ਦੇ ਸਮੇਂ ਹੰਟਰ ਬਾਈਡਨ ਨੂੰ ਦੋਸ਼ੀ ਠਹਿਰਾਉਣਾ ਬਾਈਡਨ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਸਕਦਾ ਹੈ। ਜਿਨ੍ਹਾਂ ਤਿੰਨ ਮਾਮਲਿਆਂ ਵਿਚ ਬਾਈਡਨ ਨੂੰ ਦੋਸ਼ੀ ਪਾਇਆ ਗਿਆ ਹੈ, ਉਨ੍ਹਾਂ ਵਿਚੋਂ ਦੋ ਮਾਮਲਿਆਂ ਵਿਚ 10 ਸਾਲ ਤੋਂ ਵੱਧ ਦੀ ਸਜ਼ਾ ਹੈ, ਜਦੋਂ ਕਿ ਤੀਜੇ ਕੇਸ ਵਿਚ ਪੰਜ ਸਾਲ ਦੀ ਸਜ਼ਾ ਹੈ। ਫੈਡਰਲ ਸਜ਼ਾ ਦੇ ਦਿਸ਼ਾ-ਨਿਰਦੇਸ਼ਾਂ ਦੀਆਂ ਸਿਫ਼ਾਰਸ਼ਾਂ ਦੇ ਅਨੁਸਾਰ, ਸਜ਼ਾ ਨੂੰ ਘਟਾਉਣ ਜਾਂ ਵਧਾਉਣਾ ਜੱਜ ਦੇ ਵਿਵੇਕ ’ਤੇ ਨਿਰਭਰ ਕਰਦਾ ਹੈ। ਹਰ ਮਾਮਲੇ ਵਿਚ ਲਗਭਗ 2 ਲੱਖ 50 ਹਜ਼ਾਰ ਡਾਲਰ ਦੇ ਜੁਰਮਾਨੇ ਦੀ ਵਿਵਸਥਾ ਵੀ ਹੈ। ਹਾਲਾਂਕਿ ਇਹ ਤੈਅ ਨਹੀਂ ਹੋਇਆ ਹੈ ਕਿ ਹੰਟਰ ਨੂੰ ਸਜ਼ਾ ਕਦੋਂ ਸੁਣਾਈ ਜਾਵੇਗੀ।