34 ਦੋਸ਼ਾਂ ’ਤੇ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਟਰੰਪ ਦੀ ਚੇਤਾਵਨੀ, ‘ਜੇਕਰ ਮੈਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਅਮਰੀਕਾ ਤਬਾਹ ਹੋ ਜਾਵੇਗਾ’

34 ਦੋਸ਼ਾਂ ’ਤੇ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਟਰੰਪ ਦੀ ਚੇਤਾਵਨੀ, ‘ਜੇਕਰ ਮੈਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਅਮਰੀਕਾ ਤਬਾਹ ਹੋ ਜਾਵੇਗਾ’

ਨਿਊਯਾਰਕ (ਰਾਜ ਗੋਗਨਾ)- ਪਿਛਲੇ ਹਫ਼ਤੇ ਨਿਊਯਾਰਕ ਦੀ ਜਿਊਰੀ ਵੱਲੋਂ ਸੁਣਾਈ ਗਈ ਇਤਿਹਾਸਕ ਸਜ਼ਾ ਤੋਂ ਬਾਅਦ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਘਰ ’ਚ ਨਜ਼ਰਬੰਦੀ ਜਾਂ ਜੇਲ੍ਹ ਨੂੰ ਸਵੀਕਾਰ ਕਰਨਗੇ। ਪਰ ਅਮਰੀਕੀ ਜਨਤਾ ਲਈ ਇਹ ਸਵੀਕਾਰ ਕਰਨਾ ਬਹੁਤ ਮੁਸ਼ਕਲ ਹੋਵੇਗਾ। ਇਕ ਇੰਟਰਵਿਊ ’ਚ ਟਰੰਪ ਨੇ ਕਿਹਾ ਕਿ ਮੈਂ ਨਹੀਂ ਮੰਨਦਾ ਕਿ ਲੋਕ ਇਸ ਮੁੱਦੇ ’ਤੇ ਕੁਝ ਨਹੀਂ ਕਹਿਣਗੇ। ਮੈਨੂੰ ਲੱਗਦਾ ਹੈ ਕਿ ਜਨਤਾ ਲਈ ਇਸ ਨੂੰ ਸਵੀਕਾਰ ਕਰਨਾ ਆਸਾਨ ਨਹੀਂ ਹੋਵੇਗਾ। ਟਰੰਪ ਨੇ ਇਕ ਧਮਕੀ ਵੀ ਦਿੱਤੀ, ਜਿਸ ਵਿੱਚ ਉਨ੍ਹਾਂ ਕਿਹਾ ਕਿ ਜੇਕਰ ਮੈਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਅਮਰੀਕਾ ਤਬਾਹ ਹੋ ਜਾਵੇਗਾ।
ਹਾਲਾਂਕਿ ਟਰੰਪ ਨੇ ਇਹ ਨਹੀਂ ਦੱਸਿਆ ਕਿ ਜੇਕਰ ਲੋਕਾਂ ਦਾ ਸਬਰ ਟੁੱਟੇਗਾ ਤਾਂ ਇਹ ਅਮਰੀਕਾ ’ਚ ਕਿਸ ਹੱਦ ਤੱਕ ਤਬਾਹੀ ਮਚਾ ਸਕਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪੋਰਨ ਸਟਾਰ ਦੇ ਹੁਸ਼ ਮਨੀ ਮਾਮਲੇ ’ਚ ਅਦਾਲਤ ਵੱਲੋਂ 34 ਦੋਸ਼ਾਂ ਦਾ ਦੋਸ਼ੀ ਮੰਨਣ ਤੋਂ ਬਾਅਦ 11 ਜੁਲਾਈ ਨੂੰ ਸਜ਼ਾ ਸੁਣਾਈ ਜਾਣੀ ਹੈ। ਦੱਸਣਯੋਗ ਹੈ ਕਿ ਜਦੋਂ ਟਰੰਪ ਚੋਣ ਹਾਰ ਗਏ ਸਨ, ਉਦੋਂ ਵੀ ਅਮਰੀਕਾ ਵਿੱਚ ਹਫੜਾ-ਦਫੜੀ ਮਚ ਗਈ ਸੀ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਨੇ ਸਜ਼ਾ ਦਾ ਫ਼ਾਇਦਾ ਤਾਂ ਫੰਡ ਜੁਟਾਉਣ ਲਈ ਲਿਆ ਪਰ ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।
ਇਸ ਦੇ ਉਲਟ ਉਸ ਨੇ ਸੰਨ 2020 ਵਿੱਚ ਬਾਈਡੇਨ ਤੋਂ ਹਾਰਨ ਦਾ ਵਿਰੋਧ ਕਰਦਿਆਂ ਟਿੱਪਣੀਆਂ ਕੀਤੀਆਂ। ਫਿਰ 6 ਜਨਵਰੀ, 2021 ਨੂੰ ਅਮਰੀਕਨ ਕੈਪੀਟਲ ’ਤੇ ਉਸ ਦੇ ਸਮਰਥਕਾਂ ਦੁਆਰਾ ਹਮਲਾ ਕੀਤਾ ਗਿਆ ਸੀ। ਡੋਨਾਲਡ ਟਰੰਪ ਨੇ ਨਿਊਯਾਰਕ ਦੀ ਜਿਊਰੀ ਦੁਆਰਾ ਸੁਣਾਈ ਗਈ ਸਜ਼ਾ ਵਿਰੁੱਧ ਅਪੀਲ ਕਰਨ ਦੀ ਸਹੁੰ ਖਾਧੀ ਹੈ।ਇਸ ਤੋਂ ਪਹਿਲੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 2016 ਦੀਆਂ ਚੋਣਾਂ ਤੋਂ ਪਹਿਲਾਂ ਚੁੱਪ ਰਹਿਣ ਲਈ ਪੋਰਨ ਸਟਾਰ ਨੂੰ ਕੀਤੇ ਗਏ ਭੁਗਤਾਨਾਂ ਨੂੰ ਲੁਕਾਉਣ ਲਈ ਜਾਅਲੀ ਦਸਤਾਵੇਜ਼ਾਂ ਸਮੇਤ 34 ਸੰਗੀਨ ਮਾਮਲਿਆਂ ਦਾ ਦੋਸ਼ੀ ਠਹਿਰਾਇਆ ਗਿਆ ਹੈ।