ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਹਾਈਕੋਰਟ ਵਲੋਂ ਨੋਟਿਸ ਜਾਰੀ

ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਹਾਈਕੋਰਟ ਵਲੋਂ ਨੋਟਿਸ ਜਾਰੀ

ਲਾਡੀ ਸ਼ਾਹ ਨੂੰ ਗੁਰੂ ਅਮਰਦਾਸ ਜੀ ਦਾ ਵੰਸਜ਼ ਦੱਸਣ ਦੇ ਮਾਮਲੇ ’ਚ ਦਰਜ ਹੋਈ ਸੀ ਐਫ਼ਆਈਆਰ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੰਦੀਪ ਮੋਦਗਿਲ ਦੇ ਬੈਂਚ ਨੇ ਪੰਜਾਬੀ ਗਾਇਕ ਗੁਰਦਾਸ ਮਾਨ ਤੇ ਪੁਲਿਸ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿਚ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ।
ਨਕੋਦਰ ਵਿਖੇ ਸਾਲ 2021 ਵਿਚ ਇਕ ਸਭਿਆਚਾਰਕ ਪ੍ਰੋਗਰਾਮ ਦੌਰਾਨ ਗੁਰਦਾਸ ਮਾਨ ਨੇ ਲਾਡੀ ਸ਼ਾਹ ਨੂੰ ਤੀਜੇ ਗੁਰੂ ਅਮਰਦਾਸ ਜੀ ਦਾ ਵੰਸਜ ਦਸਿਆ ਸੀ ਤੇ ਇਸ ਸਬੰਧੀ ਇਕ ਵੀਡੀਉ ਵਾਇਰਲ ਹੋਣ ਉਪਰੰਤ ਇਕ ਸਿੱਖ ਸੰਸਥਾ ਨਾਲ ਸਬੰਧ ਰੱਖਦੇ ਹਰਜਿੰਦਰ ਸਿੰਘ ਜਿੰਦਾ ਤੇ ਸਦੋਕ ਹੋਰਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿਤੀ ਸੀ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤੇ ਪੁਲਿਸ ਨੇ 26 ਅਗੱਸਤ 2021 ਨੂੰ ਨਕੋਦਰ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਸੀ।
ਹਾਲਾਂਕਿ ਗੁਰਦਾਸ ਮਾਨ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਜਿੰਦਾ ਦੇ ਵਕੀਲ ਰਮਨਦੀਪ ਸਿੰਘ ਨੇ ਹੁਣ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਕੇ ਕਿਹਾ ਹੈ ਕਿ ਇਸ ਮਾਮਲੇ ਵਿਚ ਪੁਲਿਸ ਨੇ ਹੇਠਲੀ ਅਦਾਲਤ ਵਿਚ ਕੈਂਸਲੇਸ਼ਨ ਰਿਪੋਰਟ ਦਾਖ਼ਲ ਕੀਤੀ, ਜਿਸ ਨੂੰ ਚੁਣੌਤੀ ਦਿੱਤੀ ਗਈ ਪਰ ਹੇਠਲੀ ਅਦਾਲਤ ਨੇ ਤੱਥਾਂ ’ਤੇ ਗ਼ੌਰ ਕੀਤੇ ਬਗ਼ੈਰ ਕੈਂਸਲੇਸ਼ਨ ਰਿਪੋਰਟ ਮੰਜ਼ੂਰ ਕਰ ਲਈ।
ਉਨ੍ਹਾਂ ਹਾਈ ਕੋਰਟ ਵਿਚ ਦਲੀਲਾਂ ਦਿਤੀਆਂ ਕਿ ਗੁਰਦਾਸ ਮਾਨ ਨੇ ਮਾਫ਼ੀ ਮੰਗਣ ਵੇਲੇ ਵੀ ਇਹ ਮੰਨਿਆ ਸੀ ਕਿ ਉਸ ਨੇ ਲਾਡੀ ਸ਼ਾਹ ਸਬੰਧੀ ਗੱਲ ਕਹੀ ਸੀ ਪਰ ਹੇਠਲੀ ਅਦਾਲਤ ਨੇ ਧਾਰਮਕ ਭਾਵਨਾਵਾਂ ਨੂੰ ਭੜਕਾਉਣ ਦਾ ਮਾਮਲਾ ਬਣਦਾ ਹੋਣ ਦੇ ਬਾਵਜੂਦ ਟਰਾਇਲ ਨਹੀਂ ਚਲਾਇਆ। ਲਿਹਾਜਾ ਕੈਂਸਲੇਸ਼ਨ ਰਿਪੋਰਟ ਰੱਦ ਕਰਨ ਦੀ ਮੰਗ ਕਰਦੀ ਅਰਜ਼ੀ ਰੱਦ ਕਰਨ ਦਾ ਹੇਠਲੀ ਅਦਾਲਤ ਦਾ ਹੁਕਮ ਰੱਦ ਕੀਤਾ ਜਾਵੇ ਤੇ ਹੇਠਲੀ ਅਦਾਲਤ ਵਿਚ ਕੇਸ ਚਲਾਇਆ ਜਾਵੇ।