ਸੰਤ ਬਾਬਾ ਜਵਾਹਰ ਦਾਸ ਜੀ (ਸੂਸਾਂ ਵਾਲਿਆਂ) ਦੀ ਯਾਦ ਵਿਚ ਸਲਾਨਾ ਜੋੜ ਮੇਲਾ ਗੁਰਦੁਆਰਾ ਲਵਿੰਗਸਟਨ ਵਿਖੇ ਮਨਾਇਆ

ਸੰਤ ਬਾਬਾ ਜਵਾਹਰ ਦਾਸ ਜੀ (ਸੂਸਾਂ ਵਾਲਿਆਂ) ਦੀ ਯਾਦ ਵਿਚ ਸਲਾਨਾ ਜੋੜ ਮੇਲਾ ਗੁਰਦੁਆਰਾ ਲਵਿੰਗਸਟਨ ਵਿਖੇ ਮਨਾਇਆ

ਲਵਿੰਗਸਟਨ, (ਹਰਪਾਲ ਸਿੰਘ) : ਜ਼ਿਲ੍ਹਾ ਹੁਸ਼ਿਆਰਪੁਰ ’ਚ ਪੈਂਦੇ ਪਿੰਡ ਸੂਸਾਂ, ਜਿਥੇ ਧੰਨ ਧੰਨ ਬਾਬਾ ਜਵਾਹਰ ਦਾਸ ਜੀ ਦਾ ਸਲਾਨਾ ਜੋੜ ਮੇਲਾ ਹਰ ਸਾਲ ਮਨਾਇਆ ਜਾਂਦਾ ਹੈ, ਉਸੇ ਹੀ ਤਰ੍ਹਾਂ ਕੈਲੀਫੋਰਨੀਆ ਦੇ ਸ਼ਹਿਰ ਲਵਿੰਗਸਟਨ ਗੁਰਦੁਆਰਾ ਸਾਹਿਬ ਵਿਖੇ ਵੀ ਹਰ ਸਾਲ ਦੀ ਤਰ੍ਹਾਂ ਬਾਬਾ ਜਵਾਹਰ ਦਾਸ ਜੀ ਦੀ ਯਾਦ ਵਿਚ ਜੋੜ ਮੇਲਾ ਮਨਾਇਆ ਗਿਆ। ਦੂਰੋਂ-ਦੂਰੋਂ ਪਹੁੰਚ ਕੇ ਸੰਗਤਾਂ ਨੇ ਹਾਜ਼ਰੀ ਲਗਵਾਈ, ਮਿਤੀ 17 ਮਈ ਨੂੰ ਸ੍ਰੀ ਅਖੰਡਪਾਠ ਸਾਹਿਬ ਜੀ ਦੀ ਆਰੰਭਤਾ ਕੀਤੀ ਗਈ ਅਤੇ ਐਤਵਾਰ ਮਿਤੀ 19 ਮਈ ਨੂੰ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਦੂਰੋਂ-ਦੂਰੋਂ ਸੰਗਤਾਂ ਨੇ ਜਿਥੇ ਦੀਵਾਨ ਵਿਚ ਹਾਜ਼ਰੀ ਲਗਵਾਈ, ਉਥੇ ਗੁਰੂ ਘਰ ਵਿਖੇ ਅਥਾਹ ਸੇਵੀ ਕੀਤੀ। ਗੁਰੂ ਘਰ ਵਿਖੇ ਪ੍ਰਚਾਰਕਾਂ ਨੇ ਹਾਜ਼ਰੀ ਲਗਵਾਈ ਅਤੇ ਬਾਬਾ ਜੀ ਦੇ ਜੀਵਨ ਬਾਰੇ ਦੱਸਿਆ ਕਿ ਉਹ ਹਰ ਵੇਲੇ ਸੇਵਾ ਲਈ ਤੱਤਪਰ ਰਹਿੰਦੇ ਸਨ। ਇਨਸਾਨਾਂ ਤੋਂ ਇਲਾਵਾ ਬਾਬਾ ਜੀ ਨੂੰ ਪਸ਼ੂਆਂ, ਪੰਛੀਆਂ ਨਾਲ ਵੀ ਬਹੁਤ ਪਿਆਰ ਸੀ, ਉਨ੍ਹਾਂ ਦੱਸਿਆ ਕਿ ਬਾਬਾ ਜੀ ਹਮੇਸ਼ਾ ਹੀ ਸਾਰੀਆਂ ਸੰਗਤਾਂ ਨੂੰ ਸੇਵਾ-ਸਿਮਰਨ, ਚੰਗੇ ਕਰਮ, ਸਭ ਦਾ ਭਲਾ ਮੰਗਣਾ, ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਦੇ ਰਹਿੰਦੇ ਸਨ। ਉਨ੍ਹਾਂ ਨੇ ਬਹੁਤ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ। ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ। ਬਾਬਾ ਜੀ ਦੀ ਯਾਦ ਵਿਚ ਜੇਠ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਹਰ ਸਾਲ ਜੋੜ-ਮੇਲਾ ਵੱਡੀ ਪੱਧਰ ’ਤੇ ਮਨਾਇਆ ਜਾਂਦਾ ਹੈ। ਬਾਬਾ ਜੀ ਦਾ ਅਸਥਾਨ ਜੋ ਕਿ ਅੱਜ ਕੱਲ੍ਹ ਦਮਦਮੀ ਟਕਸਾਲ (ਮਹਿਤਾ) ਵਾਲਿਆਂ ਦੀ ਦੇਖ-ਰੇਖ ਵਿਚ ਚਲ ਰਿਹਾ ਹੈ, ਜੋ ਕਿ ਬਾਬਾ ਜੀ ਦੇ ਅਸਥਾਨ ’ਤੇ ਬਾਬਾ ਹਰਨਾਮ ਸਿੰਘ (ਧੁੰਮਾ) ਦਮਦਮੀ ਟਕਸਾਲ ਵਾਲੇ ਉਚੇਚੇ ਤੌਰ ’ਤੇ ਪਹੁੰਚਦੇ ਹਨ ਅਤੇ ਬਾਬਾ ਜੀ ਨੂੰ ਨਮਸਕਾਰ ਕਰਦੇ ਹਨ। ਇਸ ਮੇਲੇ ਦੀ ਵਿਸ਼ੇਸ਼ ਮਹੱਤਤਾ ਇਹ ਹੈ ਕਿ ਇਥੇ ਨਿਸ਼ਾਨ ਸਾਹਿਬ ਆਪਣੇ-ਆਪ ਹੀ ਚੜ੍ਹਦਾ ਹੈ ਕਿਸੇ ਵੀ ਸਪੋਟ ਤੋਂ ਬਿਨਾ ਚੜ੍ਹਦਾ ਹੈ। ਜਿਸ ਨੂੰ ਕਿ ਸੰਗਤਾਂ ਦੂਰੋਂ-ਦੂਰੋਂ ਦਰਸ਼ਨ ਕਰਨ ਲਈ ਆਉਂਦੀਆਂ ਹਨ। ਲਵਿੰਗਸਟਨ ਗੁਰੂ ਘਰ ਵਿਖੇ ਸ੍ਰ. ਹਰਜਿੰਦਰ ਸਿੰਘ ਹੈਪੀ ਸੂਚ, ਸ੍ਰ. ਮਨਜੀਤ ਸਿੰਘ ਬਾਸੀ ਅਤੇ ਸਾਰੇ ਹੀ ਸੇਵਾਦਾਰਾਂ ਨੇ ਤੰਨੇ ਦਿਨ ਗੁਰੂ ਘਰ ਵਿਖੇ ਸੰਗਤਾਂ ਦੀ ਅਥਾਹ ਸੇਵਾ ਕੀਤੀ। ਉਨ੍ਹਾਂ ਨੇ ਸਾਰੀਆਂ ਸੰਗਤਾਂ ਗੁਰੂ ਘਰ ਦੀ ਕਮੇਟੀ ਦੇ ਮੈਂਬਰਾਂ ਦਾ ਵੀ ਬਹੁਤ ਧੰਨਵਾਦ ਕੀਤਾ। ਗੁਰੂ ਘਰ ਦੇ ਹੈਡ ਗ੍ਰੰਥੀ ਭਾਈ ਸਾਧੂ ਸਿੰਘ ਜੀ ਦੇ ਜਥੇ ਨੇ ਤਿੰਨੇ ਦਿਨ ਸੰਗਤਾਂ ਨੂੰ ਗੁਰਬਾਣੀ-ਕੀਰਤਨ ਨਾਲ ਜੋੜਿਆ।