ਵਿਦੇਸ਼ੀ ਕਾਮਿਆਂ ਵੱਲੋਂ ਇਮੀਗ੍ਰੇਸ਼ਨ ਨੀਤੀਆਂ ’ਚ ਤਬਦੀਲੀਆਂ ਦਾ ਵਿਰੋਧ

ਵਿਦੇਸ਼ੀ ਕਾਮਿਆਂ ਵੱਲੋਂ ਇਮੀਗ੍ਰੇਸ਼ਨ ਨੀਤੀਆਂ ’ਚ ਤਬਦੀਲੀਆਂ ਦਾ ਵਿਰੋਧ

ਵਿਨੀਪੈਗ : ਪ੍ਰਿੰਸ ਐਡਵਰਡ ਆਈਲੈਂਡ ਦੀ ਨਵੀਂ ਇਮੀਗ੍ਰੇਸ਼ਨ ਰਣਨੀਤੀ ਦਾ ਵਿਰੋਧ ਕਰ ਰਹੇ ਵਿਦੇਸ਼ੀ ਕਾਮਿਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਸੂਬੇ ਦੇ ਪ੍ਰੀਮੀਅਰ ਨਾਲ ਗੱਲਬਾਤ ਕੀਤੀ। ਗ੍ਰੇਟਰ ਸ਼ਾਰਲੇਟਾਊਨ ਏਰੀਆ ਚੈਂਬਰ ਆਫ਼ ਕਾਮਰਸ ਦੀ ਸਾਲਾਨਾ ਮੀਟਿੰਗ ਦੌਰਾਨ ਡੈਲਟਾ ਹੋਟਲ ਦੇ ਬਾਹਰ ਮੁਜ਼ਾਹਰਾਕਾਰੀਆਂ ਨੇ ਪ੍ਰੀਮੀਅਰ ਡੈਨਿਸ਼ ਕਿੰਗ ਨਾਲ ਮੁਲਾਕਾਤ ਕੀਤੀ। ਇੱਕ ਮੁਜ਼ਾਹਰਾਕਾਰੀ ਰੁਪਿੰਦਰਪਾਲ ਸਿੰਘ ਨੇ ਕਿਹਾ ਕਿ ਉਹ ਪੀਈਆਈ ਦਾ ਹਿੱਸਾ ਬਣਨਾ ਚਾਹੁੰਦੇ ਹਨ। ਉਹ ਇੱਥੇ ਰਹਿਣਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਸਰਕਾਰ ਉਨ੍ਹਾਂ ਨੂੰ ਸਹਿਯੋਗ ਕਰੇ। ਤਬਦੀਲੀਆਂ ਕਾਰਨ ਹਜ਼ਾਰਾਂ ਵਿਦੇਸ਼ੀ ਕਾਮਿਆਂ ਨੂੰ ਚਿੰਤਾ ਹੈ ਕਿ ਜਦੋਂ ਉਨ੍ਹਾਂ ਦੇ ਵਰਕ ਪਰਮਿਟ ਖ਼ਤਮ ਹੋਣਗੇ ਅਤੇ ਉਹ ਪਰਮਾਨੈਂਟ ਰੈਜ਼ੀਡੈਂਸੀ ਲਈ ਪ੍ਰੋਵਿੰਸ਼ੀਅਲ ਨੌਮੀਨੇਸ਼ਨ ਪ੍ਰੋਗਰਾਮ (ਪੀਐੱਨਪੀ) ਵਿਚ ਅਪਲਾਈ ਕਰਨ ਦੇ ਯੋਗ ਨਹੀਂ ਹੋਣਗੇ, ਜਿਸ ਕਰਕੇ ਉਨ੍ਹਾਂ ਨੂੰ ਸੂਬਾ ਜਾਂ ਸ਼ਾਇਦ ਕੈਨੇਡਾ ਹੀ ਛੱਡਣਾ ਪਵੇਗਾ। ਰੁਪਿੰਦਰਪਾਲ ਨੇ ਕਿਹਾ ਕਿ ਨਿਯਮ ਰਾਤੋਂ-ਰਾਤ ਬਦਲ ਦਿੱਤੇ ਗਏ।
ਫ਼ਰਵਰੀ ਵਿਚ ਸੂਬਾ ਸਰਕਾਰ ਨੇ ਐਲਾਨ ਕੀਤਾ ਸੀ ਕਿ ਇਸ ਸਾਲ ਲਈ ਪਰਮਾਨੈਂਟ ਰੈਜ਼ੀਡੈਂਸੀ ਦੀਆਂ ਸੂਬਾਈ ਨੌਮੀਨੇਸ਼ਨਾਂ ਵਿਚ 25 ਫੀਸਦ ਕਟੌਤੀ ਕੀਤੀ ਜਾਵੇਗੀ ਅਤੇ ਸੇਲਜ਼ ਤੇ ਸਰਵਿਸ ਸੈਕਟਰ ਦੇ ਵਰਕਰਾਂ ਦੀਆਂ ਨੌਮੀਨੇਸ਼ਨਾਂ ਜੋ ਕਿ ਪਿਛਲੇ ਸਾਲ 800 ਤੋਂ ਵੱਧ ਸਨ, ਨੂੰ ਘਟਾ ਕੇ ਇਸ ਸਾਲ ਤਕਰੀਬਨ 200 ਅਰਜ਼ੀਆਂ ਕੀਤਾ ਜਾਵੇਗਾ। ਰੈਸਟੋਰੈਂਟ ਦੇ ਮਾਲਕ ਨੇ ਕਿਹਾ ਕਿ ਸਪੱਸ਼ਟ ਹੈ ਕਿ ਜੇ ਇਹ ਵਰਕਰ ਇੱਥੇ ਨਹੀਂ ਰਹਿ ਸਕਣਗੇ ਤਾਂ ਉਨ੍ਹਾਂ ਨੂੰ ਹੋਰ ਲੋਕਾਂ ਨੂੰ ਨੌਕਰੀ ’ਤੇ ਰੱਖਣਾ ਪਵੇਗਾ। ਉਨ੍ਹਾਂ ਨੂੰ ਪਤਾ ਹੈ ਕਿ ਜੇ ਇਨ੍ਹਾਂ ਨੂੰ ਪੇਪਰ ਵਰਕ ਨਹੀਂ ਮਿਲਦਾ ਤਾਂ ਛੇ ਮਹੀਨਿਆਂ ਬਾਅਦ ਇਨ੍ਹਾਂ ਨੂੰ ਇੱਥੋਂ ਜਾਣਾ ਪਵੇਗਾ। ਮੁਜ਼ਾਹਰਾਕਾਰੀਆਂ ਵਿੱਚ ਕੁਝ ਨੌਕਰੀ ਦੇਣ ਵਾਲੇ ਵੀ ਸ਼ਾਮਲ ਸਨ ਜੋ ਆਪਣੇ ਕਾਮਿਆਂ ਦੇ ਭਵਿੱਖ ਨੂੰ ਲੈ ਕੇ ਫ਼ਿਕਰਮੰਦ ਹਨ।
ਪ੍ਰੀਮੀਅਰ ਨੇ ਵਰਕਰਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਕਿ ਤਬਦੀਲੀਆਂ ਲੋੜੀਂਦੀਆਂ ਸਨ ਅਤੇ ਬਰਕਰਾਰ ਰਹਿਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਵਿਚ ਇਮੀਗ੍ਰੇਸ਼ਨ ਰਾਹੀਂ ਟਿਕਾਊ ਵਿਕਾਸ ਕਰਨਾ ਚਾਹੁੰਦੀ ਹੈ। ਕਿੰਗ ਨੇ ਕਿਹਾ ਕਿ ਇੱਕੋ ਸੈਕਟਰ ਨੂੰ ਹੋਰ ਸੈਕਟਰਾਂ ਦੇ ਮੁਕਾਬਲੇ ਬਹੁਤ ਸਾਰੀਆਂ ਨੌਮੀਨੇਸ਼ਨਾਂ ਮਿਲ ਰਹੀਆਂ ਹਨ ਜਦਕਿ ਹੋਰ ਸੈਕਟਰਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਇਸ ਹਫ਼ਤੇ ਦੇ ਸ਼ੁਰੂ ਵਿਚ ਵਰਕ ਫੋਰਸ ਮੰਤਰੀ ਜੈਨ ਰੈਡਮੰਡ ਨੇ ਕਿਹਾ ਸੀ ਕਿ ਉਨ੍ਹਾਂ ਦਾ ਵਿਭਾਗ ਉਨ੍ਹਾਂ ਵਰਕਰਾਂ ਨਾਲ ਸੰਪਰਕ ਕਰੇਗਾ ਜਿਨ੍ਹਾਂ ਦੇ ਪਰਮਿਟ ਇਸ ਸਾਲ ਖ਼ਤਮ ਹੋ ਰਹੇ ਹਨ।