ਮੁੱਖ ਮੰਤਰੀ ਕੇਜਰੀਵਾਲ ਕਾਂਗਰਸ ਨੂੰ ਅਤੇ ਰਾਹੁਲ ‘ਆਪ’ ਨੂੰ ਪਾਉਣਗੇ ਵੋਟ : ਰਾਘਵ ਚੱਢਾ

ਮੁੱਖ ਮੰਤਰੀ ਕੇਜਰੀਵਾਲ ਕਾਂਗਰਸ ਨੂੰ ਅਤੇ ਰਾਹੁਲ ‘ਆਪ’ ਨੂੰ ਪਾਉਣਗੇ ਵੋਟ : ਰਾਘਵ ਚੱਢਾ

ਰਾਘਵ ਚੱਢਾ ਨੇ ਅੱਖਾਂ ਦਾ ਅਪਰੇਸ਼ਨ ਕਰਵਾਉਣ ਤੋਂ ਬਾਅਦ ਬਰਤਾਨੀਆ ਤੋਂ ਭਾਰਤ ਪਰਤਣ ਤੋਂ ਬਾਅਦ ਪਹਿਲੀ ਵਾਰ ਇਕ ਜਨ ਸਭਾ ਨੂੰ ਕੀਤਾ ਸੰਬੋਧਨ

ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇਸ ਲੋਕ ਸਭਾ ਚੋਣਾਂ ਵਿਚ ਆਪਣੀ ਪਹਿਲੀ ਜਨਤਕ ਮੀਟਿੰਗ ਵਿਚ ਕਿਹਾ ਕਿ ਜਦੋਂ ਕੌਮੀ ਰਾਜਧਾਨੀ ਵਿਚ ਚੋਣਾਂ ਹੋਣਗੀਆਂ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਾਂਗਰਸ ਨੂੰ ਵੋਟ ਪਾਉਣਗੇ ਅਤੇ ਰਾਹੁਲ ਗਾਂਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਣਗੇ।
ਰਾਘਵ ਚੱਢਾ ਨੇ ਅੱਖਾਂ ਦਾ ਅਪਰੇਸ਼ਨ ਕਰਵਾਉਣ ਤੋਂ ਬਾਅਦ ਬਰਤਾਨੀਆ ਤੋਂ ਭਾਰਤ ਪਰਤਣ ਤੋਂ ਬਾਅਦ ਪਹਿਲੀ ਵਾਰ ਇਕ ਜਨ ਸਭਾ ਨੂੰ ਸੰਬੋਧਨ ਕੀਤਾ। ਦੱਖਣੀ ਦਿੱਲੀ ਲੋਕ ਸਭਾ ਹਲਕੇ ਤੋਂ ਆਪਣੀ ਪਾਰਟੀ ਦੇ ਉਮੀਦਵਾਰ ਸਹੀਰਾਮ ਪਹਿਲਵਾਨ ਦੇ ਸਮਰਥਨ ਵਿਚ ਆਯੋਜਿਤ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਚੱਢਾ ਨੇ ਕਿਹਾ, “ਮੈਂ ਇਥੇ ਆਪਣੇ ਭਰਾ ਦਾ ਸਮਰਥਨ ਕਰਨ ਆਇਆ ਹਾਂ, ਨਾ ਸਿਰਫ ਇਸ ਲਈ, ਕਿਉਂਕਿ ਉਹ ਇਕ ਚੰਗਾ ਵਿਅਕਤੀ ਹੈ, ਸਗੋਂ ਇਸ ਲਈ ਵੀ ਹੈ ਕਿਉਂਕਿ ਇਹ ਚੋਣ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਲਈ ਹੈ। ਰਾਜ ਸਭਾ ਮੈਂਬਰ ਨੇ ਜਨ ਸਭਾ ’ਚ ਕਿਹਾ ਕਿ ਤੁਹਾਡੇ ਬੱਚਿਆਂ ਦਾ ਭਵਿੱਖ ਤੁਹਾਡੀ ਵੋਟ ’ਤੇ ਨਿਰਭਰ ਕਰਦਾ ਹੈ। ‘ਆਪ’ ਵਲੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹੈੱਡਕੁਆਰਟਰ ’ਤੇ ਆਯੋਜਿਤ ਪ੍ਰਦਰਸ਼ਨ ’ਚ ਰਾਘਵ ਵੀ ਮੌਜੂਦ ਸਨ। ਰਾਘਵ ਚੱਢਾ ਨੇ ਕਿਹਾ, ‘‘ਜਦੋਂ ਤੋਂ ‘ਆਪ’ ਨੇ ਦਿੱਲੀ ’ਚ ਸੱਤਾ ਸੰਭਾਲੀ ਹੈ, ਇਥੋਂ ਦੇ ਲੋਕਾਂ ਨੇ ਬਿਜਲੀ, ਦਵਾਈ, ਪਾਣੀ, ਸਕੂਲ ਫੀਸਾਂ ’ਤੇ ਪ੍ਰਤੀ ਮਹੀਨਾ 18,000 ਰੁਪਏ ਦੀ ਬੱਚਤ ਕੀਤੀ ਹੈ ਅਤੇ ਔਰਤਾਂ ਦੇ ਬੱਸ ਕਿਰਾਏ ਦੇ ਖਰਚਿਆਂ ’ਤੇ ਵੀ ਬੱਚਤ ਹੋਈ ਹੈ”। ਉਨ੍ਹਾਂ ਕਿਹਾ, ‘ਬਦਲੇ ਵਿਚ ਅਸੀਂ ਸਿਰਫ ਤੁਹਾਡੀ ਵੋਟ ਮੰਗ ਰਹੇ ਹਾਂ।’
ਆਪ ਆਗੂ ਨੇ ਕਿਹਾ, “25 ਤਰੀਕ ਨੂੰ ‘ਝਾੜੂ’ (ਆਪ ਦਾ ਚੋਣ ਨਿਸ਼ਾਨ) ਦਾ ਬਟਨ ਦਬਾਓ ਅਤੇ ਕੇਜਰੀਵਾਲ ਦਾ ਸਮਰਥਨ ਕਰੋ। ਜਦੋਂ ਰਾਹੁਲ ਗਾਂਧੀ 25 ਮਈ ਨੂੰ ਵੋਟ ਪਾਉਣਗੇ ਤਾਂ ਉਹ ‘ਆਪ’ ਉਮੀਦਵਾਰ ਨੂੰ ਵੋਟ ਪਾਉਣਗੇ ਅਤੇ ਝਾੜੂ ਦੇ ਚੋਣ ਨਿਸ਼ਾਨ ਨੂੰ ਦਬਾਉਣਗੇ। ਇਸੇ ਤਰ੍ਹਾਂ ਜਦੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਪਣੀ ਵੋਟ ਦਾ ਇਸਤੇਮਾਲ ਕਰਨਗੇ ਤਾਂ ਉਹ ਕਾਂਗਰਸ ਨੂੰ ਵੋਟ ਪਾਉਣਗੇ”। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਚੱਢਾ ਨੇ ਦੱਖਣੀ ਦਿੱਲੀ ਸੀਟ ਤੋਂ ਚੋਣ ਲੜੀ ਸੀ ਪਰ ਉਹ ਭਾਜਪਾ ਦੇ ਰਮੇਸ਼ ਬਿਧੂੜੀ ਤੋਂ ਹਾਰ ਗਏ ਸਨ। ਕਾਂਗਰਸ-ਆਪ ਗਠਜੋੜ ਦੀ ਜਿੱਤ ਦਾ ਦਾਅਵਾ ਕਰਦਿਆਂ ਚੱਢਾ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਇਸ ਵਾਰ ਅਸੀਂਂ ਦੱਖਣੀ ਦਿੱਲੀ ਤੋਂ ਵੱਧ ਤੋਂ ਵੱਧ ਵੋਟਾਂ ਨਾਲ ਜਿੱਤਾਂਗੇ। ਦਿੱਲੀ ਦੀਆਂ ਸਾਰੀਆਂ ਸੱਤ ਲੋਕ ਸਭਾ ਸੀਟਾਂ ’ਤੇ 25 ਮਈ ਨੂੰ ਵੋਟਿੰਗ ਹੋਵੇਗੀ।