ਪ੍ਰਧਾਨ ਮੰਤਰੀ ਮੋਦੀ ਨੇ 22 ਲੋਕਾਂ ਨੂੰ ਅਰਬਪਤੀ ਬਣਾਇਆ, ਅਸੀਂ ਕਰੋੜਾਂ ਨੂੰ ਲੱਖਪਤੀ ਬਣਾਵਾਂਗੇ : ਰਾਹੁਲ

ਪ੍ਰਧਾਨ ਮੰਤਰੀ ਮੋਦੀ ਨੇ 22 ਲੋਕਾਂ ਨੂੰ ਅਰਬਪਤੀ ਬਣਾਇਆ, ਅਸੀਂ ਕਰੋੜਾਂ ਨੂੰ ਲੱਖਪਤੀ ਬਣਾਵਾਂਗੇ : ਰਾਹੁਲ

ਕਿਹਾ, ਅਸੀਂ ਬੇਰੁਜ਼ਗਾਰ ਨੌਜੁਆਨਾਂ ਨੂੰ ਹਰ ਸਾਲ 1 ਲੱਖ ਰੁਪਏ ਦੇਣ ਜਾ ਰਹੇ ਹਾਂ, ਅਗਨੀਵੀਰ ਯੋਜਨਾ ਨੂੰ ਕੂੜੇਦਾਨ ’ਚ ਸੁੱਟ ਦੇਵਾਂਗੇ

ਪ੍ਰਯਾਗਰਾਜ: ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਲੋਕਾਂ ਨੂੰ ਅਰਬਪਤੀ ਬਣਾਇਆ ਹੈ ਅਤੇ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ’ (‘ਇੰਡੀਆ’ ਦੀ ਸਰਕਾਰ ਕਰੋੜਾਂ ਲੋਕਾਂ ਨੂੰ ਕਰੋੜਪਤੀ ਬਣਾਏਗੀ।
ਪ੍ਰਯਾਗਰਾਜ ਸੀਟ ਤੋਂ ਕਾਂਗਰਸ ਉਮੀਦਵਾਰ ਉਜਵਲ ਰਮਨ ਸਿੰਘ ਦੇ ਸਮਰਥਨ ’ਚ ਯਮੁਨਾਪਾਰ ਕਰਚਨਾ ਦੇ ਮੁੰਗਰੀ ਪਿੰਡ ’ਚ ਇਕ ਜਨਸਭਾ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘‘ਨਰਿੰਦਰ ਮੋਦੀ ਜੀ ਨੇ 22 ਲੋਕਾਂ ਨੂੰ ਅਰਬਪਤੀ ਬਣਾਇਆ ਹੈ। ਅਸੀਂ ਕਰੋੜਾਂ ਕਰੋੜਪਤੀ ਬਣਾਉਣ ਜਾ ਰਹੇ ਹਾਂ। ਸਾਰੇ ਗਰੀਬਾਂ ਦੀ ਸੂਚੀ ਬਣਾਈ ਜਾਵੇਗੀ।’’
ਉਨ੍ਹਾਂ ਕਿਹਾ, ‘‘ਹਰ ਗਰੀਬ ਪਰਵਾਰ ’ਚੋਂ ਇਕ ਔਰਤ ਦਾ ਨਾਂ ਚੁਣਿਆ ਜਾਵੇਗਾ ਅਤੇ ਅਸੀਂ ਕਰੋੜਾਂ ਔਰਤਾਂ ਦੇ ਬੈਂਕ ਖਾਤਿਆਂ ’ਚ ਹਰ ਮਹੀਨੇ 8,500 ਰੁਪਏ ਜਮ?ਹਾ ਕਰਾਂਗੇ। ਅਸੀਂ ਭਾਰਤ ਦੇ ਕਿਸਾਨਾਂ ਨੂੰ ਅਨਾਜ, ਆਲੂ, ਗੰਨਾ, ਕਪਾਹ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਕਾਨੂੰਨੀ ਗਰੰਟੀ ਦੇਣ ਜਾ ਰਹੇ ਹਾਂ। ਅਸੀਂ ਉਨ੍ਹਾਂ ਦੇ ਕਰਜ਼ੇ ਮੁਆਫ ਕਰਾਂਗੇ।’’
ਕਾਂਗਰਸ ਆਗੂ ਨੇ ਕਿਹਾ, ‘‘ਇਹ ਇਸ ਸੰਵਿਧਾਨ ਦੀ ਲੜਾਈ ਹੈ। ਭਾਜਪਾ ਅਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ਇਸ ’ਤੇ ਹਮਲਾ ਕਰ ਰਹੇ ਹਨ। ਕੋਈ ਵੀ ਤਾਕਤ ਅੰਬੇਡਕਰ, ਮਹਾਤਮਾ ਗਾਂਧੀ ਅਤੇ ਨਹਿਰੂ ਦੇ ਸੰਵਿਧਾਨ ਨੂੰ ਤੋੜ ਨਹੀਂ ਸਕਦੀ। ਇਹ ਲੋਕਾਂ ਦਾ ਸੰਵਿਧਾਨ ਹੈ।’’
ਉਨ੍ਹਾਂ ਕਿਹਾ, ‘‘ਅਸੀਂ ਬੇਰੁਜ਼ਗਾਰ ਨੌਜੁਆਨਾਂ ਨੂੰ ਹਰ ਸਾਲ 1 ਲੱਖ ਰੁਪਏ ਦੇਣ ਜਾ ਰਹੇ ਹਾਂ। ਅਸੀਂ ਅਗਨੀਵੀਰ ਯੋਜਨਾ ਨੂੰ ਕੂੜੇਦਾਨ ’ਚ ਸੁੱਟ ਦੇਵਾਂਗੇ। ਮਜ਼ਦੂਰਾਂ ਨੂੰ ਮਨਰੇਗਾ ’ਚ 400 ਰੁਪਏ ਅਤੇ ਆਸ਼ਾ ਵਰਕਰਾਂ ਦੀ ਆਮਦਨ ਦੁੱਗਣੀ ਕਰਨ ਜਾ ਰਹੀ ਹੈ।’’
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ, ‘‘ਇਹ ਚੋਣਾਂ ਕੋਈ ਆਮ ਚੋਣਾਂ ਨਹੀਂ ਹਨ, ਇਹ ਲੋਕਤੰਤਰ ਨੂੰ ਬਚਾਉਣ ਦੀ ਚੋਣ ਹੈ। ਇਕ ਪਾਸੇ ਉਹ ਲੋਕ ਹਨ ਜੋ ਸੰਵਿਧਾਨ ਨੂੰ ਤਬਾਹ ਕਰਨਾ ਚਾਹੁੰਦੇ ਹਨ, ਦੂਜੇ ਪਾਸੇ ਅਸੀਂ ਜੋ ਸੰਵਿਧਾਨ ਨੂੰ ਬਚਾਉਣਾ ਚਾਹੁੰਦੇ ਹਾਂ।’’
ਉਨ੍ਹਾਂ ਕਿਹਾ, ‘‘ਕਿਸਾਨਾਂ ਦੀ ਆਮਦਨ ਅਜੇ ਦੁੱਗਣੀ ਨਹੀਂ ਹੋਈ ਹੈ। ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ’ਚ ਇਕ ਲੱਖ ਕਿਸਾਨ ਖੁਦਕੁਸ਼ੀਆਂ ਕਰ ਚੁਕੇ ਹਨ। ਉਨ੍ਹਾਂ ਨੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਕੀ ਨਹੀਂ ਕੀਤਾ?’’ ਅਖਿਲੇਸ਼ ਨੇ ਕਿਹਾ ਕਿ ਜੇਕਰ ਗੱਠਜੋੜ ਸਰਕਾਰ ਬਣਦੀ ਹੈ ਤਾਂ ਕਿਸਾਨਾਂ ਨੂੰ ਐਮ.ਐਸ.ਪੀ. ਦਾ ਕਾਨੂੰਨੀ ਅਧਿਕਾਰ ਮਿਲੇਗਾ।