ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਖ਼ਾਲਸਾਈ ਰੰਗ ਵਿਚ ਰੰਗਿਆ ਕੈਲਗਰੀ

ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਖ਼ਾਲਸਾਈ ਰੰਗ ਵਿਚ ਰੰਗਿਆ ਕੈਲਗਰੀ

ਕੈਲਗਰੀ : ਖ਼ਾਲਸਾ ਸਾਜਨਾ ਦਿਵਸ ਅਤੇ ਸਿੱਖਾਂ ਦੇ ‘ਖ਼ਾਲਸਾ ਡੇਅ ਪ੍ਰੇਡ’ ਵਜੋਂ ਮਨਾਏ ਜਾਂਦੇ ਕੈਲਗਰੀ ਨਗਰ ਕੀਰਤਨ ਵਿਚ ਸੰਗਤਾਂ ਦਾ ਬੇਮਿਸਾਲ ਇਕੱਠ ਤੇ ਉਤਸ਼ਾਹ ਦੇਖਣ ਨੂੰ ਮਿਲਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਨਗਰ ਕੀਰਤਨ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿਚ ਜੈਕਾਰਿਆਂ ਦੀ ਗੂੰਜ ਵਿਚ ਆਰੰਭ ਹੋਇਆ। ਇਸ ਨਗਰ ਕੀਰਤਨ ਵਿਚ ਇੱਕ ਲੱਖ 70 ਹਜ਼ਾਰ ਤੋਂ ਵੱਧ ਦੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਸਮੇਂ ਕੈਲਗਰੀ ਦੀਆਂ ਸੰਗਤਾਂ ਤੋਂ ਇਲਾਵਾ ਐਡਮਿੰਟਨ, ਸਰੀ, ਵੈਨਕੂਵਰ, ਐਬਟਸਫੋਰਡ, ਟਰਾਂਟੋ ਤੋਂ ਸੰਗਤਾਂ ਨੇ ਭਾਰੀ ਗਿਣਤੀ ’ਚ ਹਾਜ਼ਰੀ ਭਰੀ। ਇਸ ਸਮੇਂ ਖ਼ਾਲਸਾ ਸਕੂਲ ਕੈਲਗਰੀ ਦੇ ਬੱਚਿਆਂ ਵਲੋਂ ਸ਼ਬਦ ਗਾਇਨ ਕਰ ਕੇ ਨਗਰ ਕੀਰਤਨ ਦੀ ਆਰੰਭਤਾ ਕਰਵਾਈ ਗਈ। ਇਸ ਸਮੇਂ ਮੋਟਰਸਾਈਕਲ ਅਤੇ ਕੈਲਗਰੀ ਪੁਲਿਸ ਦੀਆਂ ਗੱਡੀਆ ਸਭ ਤੋਂ ਅੱਗੇ ਚੱਲਦੀਆਂ ਹੋਈਆਂ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੀਆਂ ਸਨ। ਨਗਰ ਕੀਰਤਨ ਦੀ ਮੁੱਖ ਸਟੇਜ ਪ੍ਰੇਰੀਵਿੰਡ ਪਾਰਕ ਵਿਚ ਲਗਾਈ ਗਈ ਜਿੱਥਾੋ ਢਾਡੀ ਜਥਿਆਂ ਅਤੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਪੰਜਾਬੀ ਮੂਲ ਦੇ ਅਤੇ ਹੋਰਨਾਂ ਕਮਿਊਨਟੀ ਦੇ ਚੁਣੇ ਨੁਮਾਇਦਿਆਂ ਵਲੋ ਸੰਗਤਾਂ ਨੂੰ ਸੰਬੋਧਨ ਕਰਦਿਆਂ ਵਧਾਈ ਦਿੱਤੀ ਗਈ। ਸਟੇਜ ਸਕੱਤਰ ਦੀ ਸੇਵਾ ਭਾਈ ਪ੍ਰਦੀਪ ਸਿੰਘ ਬੈਨੀਪਾਲ, ਭਾਈ ਗੁਰਮੇਜ ਸਿੰਘ ਚੀਮਾ ਅਤੇ ਭਾਈ ਰਵਿੰਦਰ ਸਿੰਘ ਤੱਬੜ ਹੁਰਾਂ ਬਾਖ਼ੂਬੀ ਨਿਭਾਈ। ਅਖ਼ੀਰ ਵਿਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਬਲਜਿੰਦਰ ਸਿੰਘ ਗਿੱਲ ਅਤੇ ਚੇਅਰਮੈਨ ਗੁਰਜੀਤ ਸਿੰਘ ਸਿੱਧੂ ਨੇ ਸਾਰੇ ਵਲੰਟੀਅਰ, ਪ੍ਰਬੰਧਕ ਕਮੇਟੀ, ਪ੍ਰਸ਼ਾਸਨ, ਕੈਲਗਰੀ ਪੁਲਿਸ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ।