ਅੰਮ੍ਰਿਤਪਾਲ ਦੇ ਮੈਦਾਨ ’ਚ ਨਿੱਤਰਨ ਕਾਰਨ ਅਕਾਲੀ ਦਲ ਦੀ ਚਿੰਤਾ ਵਧੀ

ਅੰਮ੍ਰਿਤਪਾਲ ਦੇ ਮੈਦਾਨ ’ਚ ਨਿੱਤਰਨ ਕਾਰਨ ਅਕਾਲੀ ਦਲ ਦੀ ਚਿੰਤਾ ਵਧੀ

ਅੰਮ੍ਰਿਤਸਰ : ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਆਜ਼ਾਦ ਉਮੀਦਵਾਰ ਵਜੋਂ ਆਮਦ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੇ ਅੰਮ੍ਰਿਤਪਾਲ ਸਿੰਘ ਨੂੰ ਪੰਥਕ ਉਮੀਦਵਾਰੀ ਸਾਬਤ ਕਰਨ ਅਤੇ ਪੰਥਕ ਏਜੰਡੇ ਬਾਰੇ ਗੱਲ ਕਰਨ ਲਈ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ। ਇਸ ਸਬੰਧੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿਰਸਾ ਸਿੰਘ ਵਲਟੋਹਾ ਵੱਲੋਂ ਚੋਣ ਪ੍ਰਚਾਰ ਦੌਰਾਨ ਕੀਤੀ ਗਈ ਇੱਕ ਰੈਲੀ ਦੀ ਹੈ ਜਿਸ ਵਿੱਚ ਉਹ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਵਿੱਚ ਕਿਸੇ ਵੀ ਥਾਂ ਇੱਕ ਕਮਰੇ ਵਿੱਚ ਬੈਠ ਕੇ ਸਦਭਾਵਨਾ ਵਾਲੇ ਮਾਹੌਲ ਵਿੱਚ ਖੁੱਲ੍ਹੀ ਬਹਿਸ ਦੀ ਚੁਣੌਤੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਧਿਰ ਵੱਲੋਂ ਕੋਈ ਇੱਕ ਵਿਅਕਤੀ ਅਤੇ ਉਹ ਖੁਦ ਪੰਜਾਬ ਵਿੱਚ ਕਿਸੇ ਵੀ ਥਾਂ ’ਤੇ ਇੱਕ ਕਮਰੇ ਵਿੱਚ ਬੈਠ ਜਾਣਗੇ ਜਿੱਥੇ ਕੁਝ ਮੀਡੀਆ ਵਾਲੇ ਵੀ ਹੋਣਗੇ ਅਤੇ ਉਨ੍ਹਾਂ ਵੱਲੋਂ ਪ੍ਰੋਗਰਾਮ ਦਾ ਪ੍ਰਸਾਰਨ ਲਾਈਵ ਕੀਤਾ ਜਾਵੇਗਾ ਜਿਸ ਵਿੱਚ ਉਹ ਆਪਣੀ ਪੰਥਕ ਉਮੀਦਵਾਰੀ ਅਤੇ ਏਜੰਡੇ ਬਾਰੇ ਗੱਲ ਰੱਖਣਗੇ। ਜੇਕਰ ਕਿਸੇ ਵੀ ਤਰ੍ਹਾਂ ਉਹ ਆਪਣੀ ਉਮੀਦਵਾਰੀ ਤੇ ਪੰਥਕ ਏਜੰਡੇ ਵਿੱਚ ਕਮਜ਼ੋਰ ਸਾਬਤ ਹੋਏ ਤਾਂ ਉਹ ਇਸ ਲੋਕ ਸਭਾ ਹਲਕੇ ਤੋਂ ਆਪਣੀ ਉਮੀਦਵਾਰੀ ਛੱਡ ਦੇਣਗੇ। ਉਹ ਇਸ ਸਬੰਧੀ ਉਮੀਦਵਾਰੀ ਛੱਡਣ ਬਾਰੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਵੀ ਕੋਈ ਪ੍ਰਵਾਨਗੀ ਨਹੀਂ ਲੈਣਗੇ। ਅਕਾਲੀ ਉਮੀਦਵਾਰ ਦਾ ਦਾਅਵਾ ਹੈ ਕਿ ਉਸ ਨੇ ਚੋਣ ਮੈਦਾਨ ਵਿੱਚ ਨਿਤਰਨ ਤੋਂ ਪਹਿਲਾਂ ਅੰਮ੍ਰਿਤਪਾਲ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਸੀ ਅਤੇ ਉਨ੍ਹਾਂ ਨੇ ਸਮਰਥਨ ਦੇਣ ਦਾ ਹੁੰਗਾਰਾ ਵੀ ਭਰਿਆ ਸੀ ਪਰ ਸ੍ਰੀ ਵਲਟੋਹਾ ਨੇ ਉਸ ਪਰਿਵਾਰਿਕ ਮੈਂਬਰ ਦਾ ਨਾਂ ਦੱਸਣ ਤੋਂ ਇਨਕਾਰ ਕੀਤਾ ਜਿਸ ਵੱਲੋਂ ਸਮਰਥਨ ਦੇਣ ਦਾ ਹੁੰਗਾਰਾ ਭਰਿਆ ਗਿਆ ਸੀ। ਦੱਸਣਯੋਗ ਹੈ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਪੰਥਕ ਇਲਾਕਾ ਹੈ ਜਿੱਥੇ ਵਧੇਰੇ ਕਰਕੇ ਪੰਥਕ ਪਾਰਟੀਆਂ ਨਾਲ ਸਬੰਧਿਤ ਉਮੀਦਵਾਰ ਹੀ ਜਿੱਤਦੇ ਰਹੇ ਹਨ।