ਚੋਣ ਪ੍ਰਚਾਰ ਤੋਂ ਵੱਡੇ ਸਿਆਸੀ ਆਗੂਆਂ ਨੇ ਟਾਲਾ ਵੱਟਿਆ

ਚੋਣ ਪ੍ਰਚਾਰ ਤੋਂ ਵੱਡੇ ਸਿਆਸੀ ਆਗੂਆਂ ਨੇ ਟਾਲਾ ਵੱਟਿਆ

ਫਰੀਦਕੋਟ : ਇਸ ਵਾਰ ਲੋਕ ਸਭਾ ਚੋਣਾਂ ਵਿੱਚ ਮਾਲਵੇ ਦੇ ਵੱਡੇ ਸਿਆਸੀ ਆਗੂ ਚੋਣ ਪ੍ਰਚਾਰ ਤੋਂ ਦੂਰ ਹਨ ਅਤੇ ਉਹ ਚੋਣਾਂ ਵੀ ਨਹੀਂ ਲੜ ਰਹੇ ਹਨ। ਪੰਜਾਬ ਦੀ ਸਿਆਸਤ ਵਿੱਚ ਛਾਏ ਰਹਿਣ ਵਾਲੇ ਜਗਮੀਤ ਸਿੰਘ ਬਰਾੜ ਹੁਣ ਤੱਕ ਦੀਆਂ ਚੋਣ ਸਰਗਰਮੀਆਂ ਵਿੱਚ ਕਿਧਰੇ ਨਜ਼ਰ ਨਹੀਂ ਆਏ। ਇਸੇ ਤਰ੍ਹਾਂ ਉਨ੍ਹਾਂ ਦਾ ਭਰਾ ਰਿਪਜੀਤ ਸਿੰਘ ਬਰਾੜ ਚੋਣ ਸਰਗਰਮੀਆਂ ਤੋਂ ਪਾਸੇ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਪਰਿਵਾਰਕ ਮੈਂਬਰ ਵੀ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਕਿਧਰੇ ਨਜ਼ਰ ਨਹੀਂ ਆ ਰਹੇ। ਮਨਪ੍ਰੀਤ ਸਿੰਘ ਬਾਦਲ ਨੂੰ ਇਸ ਵਾਰ ਭਾਜਪਾ ਨੇ ਆਪਣਾ ਉਮੀਦਵਾਰ ਨਹੀਂ ਬਣਾਇਆ ਅਤੇ ਉਹ ਬਠਿੰਡਾ ਛੱਡ ਕੇ ਆਪਣੇ ਜੱਦੀ ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿੱਚ ਵਾਪਸ ਚਲੇ ਗਏ ਹਨ ਪਰ ਕਿਸੇ ਧਿਰ ਲਈ ਚੋਣ ਪ੍ਰਚਾਰ ਨਹੀਂ ਕਰ ਰਹੇ। ਮਾਲਵੇ ਵਿੱਚ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਸਟਾਰ ਪ੍ਰਚਾਰਕ ਵਜੋਂ ਵੱਡੀ ਮੰਗ ਰਹੀ ਹੈ ਪਰ ਮਾਲਵੇ ਦੇ ਕਿਸੇ ਵੀ ਭਾਜਪਾ ਉਮੀਦਵਾਰ ਨੇ ਅਜੇ ਤੱਕ ਅਮਰਿੰਦਰ ਸਿੰਘ ਨੂੰ ਚੋਣ ਪ੍ਰਚਾਰ ਲਈ ਸੱਦਾ ਨਹੀਂ ਦਿੱਤਾ। ਨਵਜੋਤ ਸਿੰਘ ਸਿੱਧੂ ਵੀ ਮਾਲਵੇ ਵਿੱਚ ਸਟਾਰ ਪ੍ਰਚਾਰਕ ਵਜੋਂ ਵਿਚਰਦੇ ਰਹੇ ਹਨ ਪਰ ਉਨ੍ਹਾਂ ਨੇ ਇਨ੍ਹਾਂ ਚੋਣਾਂ ਦੌਰਾਨ ਮਾਲਵੇ ਜਾਂ ਪੰਜਾਬ ਵਿੱਚ ਇੱਕ ਵੀ ਚੋਣ ਰੈਲੀ ਨਹੀਂ ਕੀਤੀ। ਸੂਤਰਾਂ ਅਨੁਸਾਰ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਅਤੇ ਅਕਾਲੀ ਦਲ ਨੇ ਅਜੇ ਤੱਕ ਆਪਣੇ ਸਟਾਰ ਪ੍ਰਚਾਰਕਾਂ ਦੀ ਕੋਈ ਸੂਚੀ ਵੀ ਜਾਰੀ ਨਹੀਂ ਕੀਤੀ ਜਦੋਂ ਕਿ ਹਰ ਚੋਣਾਂ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਅਜਿਹਾ ਕਰਦੀਆਂ ਰਹੀਆਂ ਹਨ। ਦਲ ਬਦਲੀ ਦੀ ਮੁਹਿੰਮ ਕਾਰਨ ਸਾਰੀਆਂ ਪਾਰਟੀਆਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰਨ ਤੋਂ ਟਾਲਾ ਵੱਟ ਰਹੀਆਂ ਹਨ। ਮੁਹੰਮਦ ਸਦੀਕ ਵੀ ਕਾਂਗਰਸੀ ਉਮੀਦਵਾਰਾਂ ਲਈ ਕਿਸੇ ਵੀ ਹਲਕੇ ਵਿੱਚ ਚੋਣ ਪ੍ਰਚਾਰ ਨਹੀਂ ਕਰ ਰਹੇ। ਜੈਤੋ ਦੇ ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ ਤਖਾਣਬੱਧ ਚੋਣ ਬੁਖਾਰ ਸਿਖਰ ’ਤੇ ਹੋਣ ਦੇ ਬਾਵਜੂਦ ਚੋਣ ਪ੍ਰਚਾਰ ਤੋਂ ਦੂਰ ਹਨ। ਮਾਲਵੇ ਦੇ ਕੁਝ ਯੂਥ ਅਕਾਲੀ ਆਗੂ ਵੀ ਚੋਣ ਪ੍ਰਚਾਰ ਤੋਂ ਦੂਰ ਹਨ। ਹਾਲਾਂਕਿ ਹਰ ਵਾਰੀ ਇਨ੍ਹਾਂ ਆਗੂਆਂ ਨੂੰ ਬਠਿੰਡਾ ਲੋਕ ਸਭਾ ਹਲਕੇ ਦੀ ਕਮਾਂਡ ਦਿੱਤੀ ਜਾਂਦੀ ਹੈ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਨਹੀਂ ਕੀਤੀ ਗਈ ਪਰ ਆਉਣ ਵਾਲੇ ਦਿਨਾਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਚੋਣ ਪ੍ਰਚਾਰ ਲਈ ਆ ਰਹੇ ਹਨ। ਦੱਸਣਾ ਬਣਦਾ ਹੈ ਕਿ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਦੇ ਪ੍ਰਚਾਰ ਨਾ ਕਰਨ ’ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ।