ਬੈਲਜੀਅਮ ’ਚ 325ਵੇਂ ਖਾਲਸਾ ਸਾਜਨਾ ਦਿਵਸ ਮੌਕੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਦਾ ਆਯੋਜਨ

ਬੈਲਜੀਅਮ ’ਚ 325ਵੇਂ ਖਾਲਸਾ ਸਾਜਨਾ ਦਿਵਸ ਮੌਕੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਦਾ ਆਯੋਜਨ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਰਵੀ ਸਿੰਘ ਖਾਲਸਾ ਏਡ ਨੇ ਕੀਤੀ ਵਿਸ਼ੇਸ਼ ਤੌਰ ’ਤੇ ਸ਼ਿਰਕਤ

ਈਪਰ : ਬੈਲਜੀਅਮ ਦੇ ਈਪਰ ਸ਼ਹਿਰ ਵਿਖੇ ਖਾਲਸਾ ਸਾਜਨਾ ਦਿਵਸ ਦੀ 325ਵੀਂ ਵਰ੍ਹੇਗੰਢ ਮਨਾਉਂਦਿਆਂ ਦੇ ਸਿੱਖ ਭਾਈਚਾਰੇ ਵੱਲੋਂ ਸੰਸਾਰ ਜੰਗਾਂ ’ਚ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਸ਼ਰਧਾਂਜਲੀ ਸਮਾਰੋਹ ਦਾ ਵਿਸ਼ੇਸ਼ ਆਯੋਜਨ ਕੀਤਾ। ਜਿਸ ਦੌਰਾਨ ਇੱਥੋਂ ਦੇ ਈਪਰ ਸ਼ਹਿਰ ਵਿਖੇ ਸਿੱਖਜ਼ ਔਨ ਵੈਸਟਰਨ ਫ਼ਰੰਟ ਵੱਲੋਂ ਫਲੈਂਡਰ ਮਿਊਜ਼ੀਅਮ ਦੀ ਇਮਾਰਤ ’ਚ ਸਮੂਹ ਸਿੱਖ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕਥਾ ਕੀਰਤਨ ਸਮਾਗਮ ਕਰਵਾਇਆ ਗਿਆ। ਜਿਸ ’ਚ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਦੇ ਹਜੂਰੀ ਰਾਗੀ ਜਥੇ ਵੱਲੋਂ ਤੰਤੀ ਸਾਜਾਂ ਨਾਲ ਕੀਰਤਨ ਦੀ ਸ਼ੁਰੂਆਤ ਕੀਤੀ ਗਈ।
ਇਸ ਤੋਂ ਬਾਅਦ ਬਾਬਾ ਭੁਪਿੰਦਰ ਸਿੰਘ ਜੀ ਨੇ ਨਾਮ ਸਿਮਰਨ ਤੇ ਭਾਈ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਨੇ ਕਥਾ ਕੀਤੀ। ਈਪਰ ਸ਼ਹਿਰ ਦੇ ਪ੍ਰਸ਼ਾਸ਼ਨ ਵੱਲੋਂ ਡਿਪਟੀ ਮੇਅਰ ਦਮਿੱਤਰੀ, ਸਾਬਕਾ ਗਵਰਨਰ ਪਾਉਲੋ ਬਰਾਇਨੇ, ਇਤਿਹਾਸਕਾਰ ਦੋਮੀਨੀਕਨ ਦਿਨਦੋਵਨ, ਕਾਮਨਵੈਲਥ ਵਾਰ ਗਰੇਵ ਕਮਿਸ਼ਨ ਵੱਲੋਂ ਗੈਰਤ ਬੀਕਾਰਤ, ਸਿੱਖ ਇਤਿਹਾਸਕਾਰ ਭੁਪਿੰਦਰ ਸਿੰਘ ਹਾਲੈਂਡ, ਬਲਵਿੰਦਰ ਸਿੰਘ ਚਾਹਲ ਯੂਕੇ ਨੇ ਸਿੱਖ ਫੌਜੀਆਂ ਅਤੇ ਸੰਸਾਰ ਜੰਗ ਦੇ ਇਤਹਾਸ ਨੂੰ ਸੰਗਤਾਂ ਨਾਲ ਸਾਂਝਾ ਕੀਤਾ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਵਿਸ਼ੇਸ਼ ਤੌਰ ’ਤੇ ਸੰਬੋਧਨ ਕੀਤਾ।
ਇਸ ਮੌਕੇ ਰਵੀ ਸਿੰਘ ਖਾਲਸਾ ਏਡ ਵੀ ਇਸ ਸਮੇਂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਸਮਾਗਮ ਦੀ ਵੱਡੀ ਪ੍ਰਾਪਤੀ ਇਹ ਵੀ ਰਹੀ ਕਿ ਇਸ ਸਮੇਂ ਸਥਾਨਕ ਬੈਲਜੀਅਮ ਵਾਸੀਆਂ ਨੇ ਵੀ ਵੱਡੀ ਗਿਣਤੀ ’ਚ ਇਸ ਸਮਾਗਮ ’ਚ ਸ਼ਮੂਲੀਅਤ ਕੀਤੀ ਅਤੇ ਉਹਨਾਂ ਸਿੱਖ ਫੌਜੀਆਂ ਦੇ ਸੰਸਾਰ ਜੰਗ ’ਚ ਪਾਏ ਯੋਗਦਾਨ ਦੀ ਜਾਣਕਾਰੀ ਵੀ ਲਈ ਤੇ ਆਖੰਡ ਪਾਠ ਸਾਹਿਬ ਤੇ ਲੰਗਰ ਦੀ ਮਹਾਨਤਾ ਜਾਣਨ ’ਚ ਉਤਸੁਕਤਾ ਜਾਹਿਰ ਕੀਤੀ।
ਉਪਰੋਕਤ ਬੁਲਾਰਿਆਂ ਦੇ ਇਲਾਵਾ ਇੰਗਲੈਂਡ ਤੋਂ ਦਲ ਸਿੰਘ ਢੇਸੀ, ਰਣਵੀਰ ਸਿੰਘ ਵਿਰਦੀ, ਦਬਿੰਦਰਜੀਤ ਸਿੰਘ, ਭਾਈ ਅਮਰੀਕ ਸਿੰਘ ਗਿੱਲ ਸਿੱਖ ਫੈਡਰੇਸ਼ਨ ਯੂਕੇ, ਭਾਈ ਰਣਜੀਤ ਸਿੰਘ ਭੁੰਗਰਨੀ ਸਵਿਸ, ਭਾਈ ਹਰਮਿੰਦਰ ਸਿੰਘ ਖਾਲਸਾ, ਭਾਈ ਮਨਪ੍ਰੀਤ ਸਿੰਘ ਖਾਲਸਾ, ਬੀਬੀ ਜਸਵਿੰਦਰ ਕੌਰ ਕੈਨੇਡਾ, ਭਾਈ ਗੁਰਮੀਤ ਸਿੰਘ ਖਨਿਆਣ ਜਰਮਨੀ, ਭਾਈ ਗੁਰਦੇਵ ਸਿੰਘ ਲਾਲੀ, ਭਾਈ ਗੁਰਦੀਪ ਸਿੰਘ ਪ੍ਰਦੇਸੀ, ਸੁਖਦੇਵ ਸਿੰਘ ਹੇਅਰ, ਰਘਵੀਰ ਸਿੰਘ ਕੁਹਾੜ ਫਰਾਂਸ, ਬਾਬਾ ਕਸ਼ਮੀਰ ਸਿੰਘ, ਹਰਜੀਤ ਸਿੰਘ ਗਿੱਲ ਹਾਲੈਂਡ, ਹਰਜੋਤ ਸਿੰਘ ਸੰਧੂ ਆਦਿ ਹਾਜ਼ਰ ਹੋਏ।
ਇਸ ਤੋਂ ਇਲਾਵਾ ਬੈਲਜੀਅਮ ਤੋਂ ਇਲਾਵਾ ਯੂਰਪ ਦੇ ਹੋਰ ਮੁਲਕਾਂ ਤੋਂ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਬੈਲਜੀਅਮ ਦੀ ਸਿੱਖ ਸੰਗਤ ਵੱਲੋਂ ਪ੍ਰਗਟ ਸਿੰਘ ਜੋਧਪੁਰੀ, ਗੁਰਪ੍ਰੀਤ ਸਿੰਘ ਰਟੌਲ, ਧਰਮਿੰਦਰ ਸਿੰਘ ਚੱਕ ਬਖਤੂ, ਮਨਜੋਤ ਸਿੰਘ ਆਦਿ ਨੌਜਵਾਨਾਂ ਵੱਲੋਂ ਸਮੁੱਚੇ ਸਮਾਗਮ ਪ੍ਰਬੰਧਾਂ ਦੀ ਪ੍ਰਸ਼ੰਸਾ ਕੀਤੀ।