NEW YORK ਕੇਸਰੀ ਅਤੇ ਇਲਾਹੀ ਰੰਗ ’ਚ ਰੰਗਿਆ ਗਿਆ

NEW YORK ਕੇਸਰੀ ਅਤੇ ਇਲਾਹੀ ਰੰਗ ’ਚ ਰੰਗਿਆ ਗਿਆ

ਨਿਊਯਾਰਕ ਦੇ ਇਤਿਹਾਸਕ 36ਵੇਂ ਮਹਾਨ ਨਗਰ ਵਿੱਚ 50 ਹਜ਼ਾਰ ਤੋਂ ਉਪਰ ਸੰਗਤਾਂ ਦਾ ਹੜ੍ਹ

NEW YORK ਨਿਊਯਾਰਕ (ਸਾਡੇ ਲੋਕ) : ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਤੇ 36ਵਾਂ ਮਹਾਨ ਨਗਰ ਕੀਰਤਨ ਨਗਰ ਕੀਰਤਨ ੳਪਰ ਸੰਗਤਾਂ ਦਾ ਹੜ੍ਹ ਆ ਗਿਆ ਇਸ ਮਹਾਨ ਨਗਰ ਕੀਰਤਨ 50 ਹਜ਼ਾਰ ਤੋਂ ਉਪਰ ਸੰਗਤਾਂ ਨੇ ਹਾਜ਼ਰੀ ਭਰੀ।
ਸਿੱਖ ਕੌਮ ਦੀ ਕਈ ਦਹਾਕਿਆਂ ਤੋਂ ਅਵਾਜ਼ ਸਮਝੇ ਜਾਂਦੇ ਗੁਰਦਵਾਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਤੇ ਮਹਾਨ ਨਗਰ ਕੀਰਤਨ ਸਮੂਹ ਗੁਰਦੁਆਰਾ ਸਾਹਿਬਾਨ ਅਤੇ ਪੰਥਕ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਮਨਹਾਟਨ ਸ਼ਹਿਰ ਨਿਊਯਾਰਕ ਵਿਚ ਸਜਾਇਆ ਗਿਆ।
ਇਹ ਨਗਰ ਕੀਰਤਨ ਉਸ ਯਾਦ ਨੂੰ ਤਾਜ਼ਾ ਕਰਵਾ ਰਿਹਾ ਸੀ ਜਦੋਂ 1604 ਈਸਵੀ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਦੀ ਸੰਪਾਦਨਾ ਉਪਰੰਤ ਬਾਬਾ ਬੁੱਢਾ ਸਾਹਿਬ ਦੇ ਸੀਸ ਤੇ ਸੁਸ਼ੋਭਿਤ ਕਰਕੇ ਨੰਗੇ ਪੈਰੀਂ ਚੌਰ ਕਰਦਿਆਂ ਰਾਮਸਰ ਸਰੋਵਰ ਤੋਂ ਸ਼ੁਰੂ ਕਰਕੇ ਹਰਿਮੰਦਰ ਸਾਹਿਬ ਤੇ ਪਹੁੰਚੇ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਇਹ ਨਗਰ ਕੀਰਤਨ ਸਜਾਇਆ ਗਿਆ। ਸੰਗਤਾਂ ਵਲੋਂ ਆਪੋ ਆਪਣੀਆਂ ਦੁਕਾਨਾਂ ਅਤੇ ਘਰਾਂ ਅੱਗੇ ਲੰਗਰਾਂ ਦੀ ਸੇਵਾ ਕੀਤੀ ਗਈ। ਇਹ ਮਹਾਨ ਨਗਰ ਕੀਰਤਨ ਸਿੱਖਾਂ ਦੀ ਇਲਾਹੀ ਹਸਤੀ ਦੀ ਤਰਜ਼ਮਾਨੀ ਕਰ ਰਿਹਾ ਸੀ ਇਥੇ ਇਹ ਜ਼ਿਕਰਯੋਗ ਹੈ ਕਿ ਮਨਹਾਟਨ ’ਚ ਸਿਰਫ ਦੇਸ਼ਾਂ ਦੀ ਆਪਣੀ ਆਪਣੀ ਪਰੇਡ ਨਿਕਲਦੀ ਹੈ ਪਰ 1984 ’ਚ ਭਾਰਤ ਸਰਕਾਰ ਵਲੋਂ ਦਰਬਾਰ ਸਾਹਿਬ ਉਪਰ ਹਮਲੇ ਤੋਂ ਬਾਅਦ ਨਿਊਯਾਰਕ ’ਚ ਸਟੇਟਲੈਸ ਸਿੱਖ ਕੌਮ ਨੂੰ ਆਪਣੀ ਪਰੇਡ ਕੱਢਣ ਦੀ ਇਜਾਜ਼ਤ ਦਿੱਤੀ ਗਈ ਸੀ ਜੋ ਸਿੱਖਾਂ ਦੀ ਅਜ਼ਾਦ ਹਸਤੀ ਦਾ ਸਬੂਤ ਹੈ।
ਇਹ ਨਗਰ ਕੀਰਤਨ ਕੌਮ ਨੂੰ ਆਪਣੀ ਹਸਤੀ ਅਤੇ ਦਰਬਾਰ ਸਾਹਿਬ ਉਪਰ ਹਮਲੇ ਦੀ ਯਾਦ ਕਰਾਉਂਦਾ ਹੈ ਇਹ ਕੌਮੀ ਅਟੁੱਟ ਸ਼ਰਧਾ ਅਤੇ ਉਨ੍ਹਾਂ ਦੇ ਸਿਧਾਂਤਾਂ ਦੀ ਯਾਦ ਦਿਵਾਉਂਦਾ ਹੈ, ਜੋ ਸਿੱਖਾਂ ਦੀਆਂ ਪੀੜ੍ਹੀਆਂ ਨੂੰ ਵਿਸ਼ਵਾਸ, ਦਇਆ ਅਤੇ ਸਮਾਨਤਾ ਦੀਆਂ ਕਦਰਾਂ-ਕੀਮਤਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਦਾ ਹੈ। ਇਸ ਸਮੇਂ ਬਹੁਤ ਸਾਰੇ ਬੁਲਾਰਿਆਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਅਮਰੀਕਾ ਦੇ ਉਘੇ ਸਿੱਖ ਆਗੂ ਸ੍ਰ. ਹਿੰਮਤ ਸਿੰਘ ਨਿਊਯਾਰਕ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਅੱਜ ਦੀ 36ਵੀਂ ਸਿੱਖ ਡੇਅ ਪਰੇਡ ਜਿਹੜੀ ਕਿ ਸਿੰਘ ਸਾਹਿਬ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਦੀ ਸ਼ਹਾਦਤ ਨੂੰ ਸਮਰਪਿਤ ਕੀਤੀ ਗਈ ਹੈ।
ਜੂਨ 1984 ਦਾ ਜੋ ਅਟੈਕ ਭਾਰਤੀ ਹਕੂਮਤ ਨੇ ਦਰਬਾਰ ਸਾਹਿਬ ’ਤੇ ਅਕਾਲ ਤਖਤ ਸਾਹਿਬ ’ਤੇ ਅਤੇ ਸਿੱਖ ਤੇ ਗੁਰਧਾਮ ਜਿਹੜੇ ਭਾਰਤ ਦੇ ਦੂਜੇ ਸੂਬਿਆਂ ਵਿਚ ਸਨ ਅਟੈਕ ਕੀਤਾ ਉਨ੍ਹਾਂ ਗੁਰਧਾਮਾਂ ਅਤੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਕੀਤੀ ਹੈ।
ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਵਧਾਈ ਦੀ ਪਾਤਰ ਹੈ। ਆਪ ਜੀ ਨੂੰ ਪਤਾ ਹੈ ਕਿ ਪਿਛਲੇ ਸਮਿਆਂ ਦੇ ਵਿਚ ਰਿਪੋਰਟ ਜਿਹੜੀ ਨਸਰ ਹੋਈ ਸਿੰਘ ਸਾਹਿਬ ਗੁਰਦੇਵ ਸਿੰਘ ਕਾਉਂਕੇ ਜੀ ਦੀ ਭਾਵੇਂ ਕਿ ਸਿੱਖ ਜਥੇਬੰਦੀਆਂ ਜੁਝਾਰੂਆਂ ਨੂੰ ਕੌਮ ਅਤੇ ਪੰਥ ਪਤਾ ਸੀ ਕਿ ਹਰਕਤ ਕਿਸ ਦੀ ਸੀ ਉਸ ਵੇਲੇ ਬਾਦਲ ਦੀ ਸਰਕਾਰ ਸੀ। ਸੈਂਟਰ ਦੇ ਇਸ਼ਾਰਿਆਂ ਦੇ ਨਾਲ ਜਥੇਦਾਰ ਸਾਹਿਬ ਦਾ ਜੋ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਪਰ ਅੱਜ ਦਾ ਸਮਾਂ ਇਕ ਜਥੇਦਾਰ ਉਹ ਜਿਹੜਾ ਸਰਬੱਤ ਖਾਲਸਾ 29 ਅਪ੍ਰੈਲ 1986 ਨੂੰ ਜਿਹੜਾ ਕੌਮ ਨੇ ਜਥੇਦਾਰ ਥਾਪਿਆ ਸੀ। ਸਾਡੀ ਕੌਮ ਦੀ ਪ੍ਰੰਪਰਾ ਸਾਡਾ ਇਤਿਹਾਸ ਰਿਹਾ ਹੈ। ਜਥੇਦਾਰ ਸਰਬੱਤ ਖਾਲਸੇ ਦੇ ਕਿਵੇਂ ਥਾਪੇ ਜਾਂਦੇ ਹਨ।
ਉਹ ਜਥੇਦਾਰ 1986 ਦੇ ਵਿਚ ਥਾਪਿਆ ਗਿਆ ਸੈਂਟਰ ਦੇ ਇਸ਼ਾਰਿਆਂ ਦੇ ਨਾਲ ਬਾਦਲ ਸਰਕਾਰ ਏਜੰਸੀਆਂ ਨੇ ਉਸ ਜਥੇਦਾਰ ਨੂੰ ਸ਼ਹੀਦ ਕਰ ਦਿੱਤਾ। ਇਕ ਜਥੇਦਾਰ ਸਰਬੱਤ ਖਾਲਸਾ 2015 ਦੇ ਵਿਚ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਥਾਪੇ ਗਏ। ਜਿਨ੍ਹਾਂ ਦਾ ਅੱਜ ਸੰਦੇਸ਼ ਵੀ ਇਸ ਪਰੇਡ ਦੇ ਵਿਚ ਅਰੰਭਤਾ ਵੇਲੇ ਪੜਿ੍ਹਆ ਗਿਆ। ਉਹ ਜਥੇਦਾਰ ਦਿੱਲੀ ਦੀ ਜੇਲ੍ਹ ਵਿਚ ਬੰਦ ਹੈ ਤੇ ਕੌਮ ਨੇ ਦੇਖਣਾ ਹੈ ਕਿ ਅਸੀਂ ਜਿਹੜਾ ਸਿਸਟਮ ਹੈ ਪੰਥਕ ਮਰਿਆਦਾ ਹੈ ਜਥੇਦਾਰ ਥਾਪਣ ਦੀ। ਇਕ ਜਥੇਦਾਰ ਆਪਾਂ ਸ਼ਹੀਦ ਕਰ ਲਿਆ ਅਤੇ ਇਕ ਜੇਲ੍ਹ ਵਿਚ ਬੰਦ ਹੈ। ਉਹ ਜਥੇਦਾਰ ਨੂੰ ਆਪਾਂ ਨੇ ਅਜ਼ਾਦ ਕਿਵੇਂ ਕਰਵਾਉਣਾ। ਉਸ ਜਥੇਦਾਰ ਦੇ ਨਾਲ ਕਿੰਨੇ ਹੀ ਸਾਡੇ ਬੰਦੀ ਸਿੰਘ ਜੋ 30-30 ਅਤੇ 35-35 ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਹਨ ਅਤੇ ਨਵੇਂ ਨਵੇਂ ਹੋਰ ਸਾਡੇ ਨੌਜਵਾਨ ਜਿਹੜੀ ਕੌਮੀ ਘਰ ਦੀ ਗੱਲ ਪੰਜਾਬ ਦੀ ਧਰਤੀ ਤੋਂ ਕਰਦੇ ਹਨ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਕਿੰਨੇ ਹੀ ਅਨੇਕਾਂ ਸਿੰਘ ਜਿਨ੍ਹਾਂ ਨੂੰ ਐਨਐਸਏ ਲਗਾ ਕੇ ਡਿਬਰੂਗੜ੍ਹ ਦੀ ਜੇਲ੍ਹ ਵਿਚ ਭੇਜ ਦਿੱਤਾ ਗਿਆ ਤੇ ਅਸੀਂ ਕਦੋਂ ਜਾਗਣਾ ਹੈ। ਇਸੇ ਤਰ੍ਹਾਂ ਅਸੀਂ ਆਪਣੇ ਨੌਜਵਾਨਾਂ ਨੂੰ ਸ਼ਹੀਦ ਕਰਵਾਈ ਜਾ ਰਹੇ ਹਾਂ। ਸਾਨੂੰ ਅੰਤਰਰਾਸ਼ਟਰੀ ਪੱਧਰ ਉਪਰ ਅਵਾਜ ਬੁਲੰਦ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਥੇ ਜਾਲਮ ਮੁਗਲ ਅਤੇ ਫਰੰਗੀ ਨਹੀਂ ਰਹੇ ਸਿੱਖਾਂ ਦੇ ਦੁਸ਼ਮਣ ਹੁਕਮਰਾਨ ਨਹੀਂ ਰਹੇ ਅੱਜ ਦੇ ਹੰਕਾਰੀ ਸ਼ਾਸਕ ਨੇ ਵੀ ਸਦਾ ਨਹੀਂ ਰਹਿਣਾ। ਸਿੱਖ ਅਜ਼ਾਦ ਹੋਕੇ ਰਹਿਣਗੇ ਅਤੇ ਉਸ ਖਿਤੇ ’ਚ ਸਿੱਖ ਰਾਜ ਮੁੜ ਕਾਇਮ ਹੋ ਕੇ ਰਹੇਗਾ। ਉਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਭਾਰਤ ਦੀ ਤਿਹਾੜ ਜੇਲ ਵਿੱਚੋ ਭੇਜਿਆ ਮੈਸਿਜ ਪੜ੍ਹਕੇ ਸੁਣਾਇਆ ਗਿਆ।
2015 ਦੇ ਵਿਚ ਸਰਬਤ ਖਾਲਸਾ ਹੋਇਆ। ਜਿਸ ਵਿਚ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਨੂੰ ਕੌਮ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਚੁਣਿਆ ਤੇ ਅੱਜ ਦਾਸ ਨੂੰ ਇਹ ਮਾਣ ਮਿਲਿਆ ਹੈ ਕਿ ਉਨ੍ਹਾਂ ਦਾ ਜਿਹੜਾ ਸੰਦੇਸ਼ ਤਿਹਾੜ ਜੇਲ੍ਹ ਵਿਚੋਂ ਉਨ੍ਹਾਂ ਨੇ ਭੇਜਿਆ ਉਸ ਨੂੰ ਆਪ ਜੀ ਨਾਲ ਸਾਂਝਾ ਕਰ ਸਕੀਏ।
ਸਭ ਤੋਂ ਪਹਿਲਾਂ ਖਾਲਸਾ ਡੇਅ ਪਰੇਡ ਲਈ ਸਾਰੇ ਵੀਰਾਂ ਭੈਣਾਂ ਨੂੰ ਬਹੁਤ ਬਹੁਤ ਵਧਾਈ। ਇਸ ਸਾਲ ਖਾਲਸਾ ਡੇਅ ਪਰੇਡ ਇਸ ਲਈ ਵਿਲੱਖਣ ਹੈ ਕਿਉਂਕਿ ਇਸ ਸਮੇਂ ਪੂਰੀ ਦੁਨੀਆ ਵਿਚ ਸਿੱਖਾਂ ਦੇ ਸੰਘਰਸ਼ ਦੀ ਗੱਲ ਹੋ ਰਹੀ ਹੈ। ਦੁਨੀਆ ਭਰ ਦੇ ਲੋਕਾਂ, ਮੀਡੀਆ ਅਦਾਰਿਆਂ ਵਿਚ ਸਿੱਖਾਂ ਦੀ ਨਸਲਕੁਸ਼ੀ ਦੀ ਚਰਚਾ ਛਿੜੀ ਹੋਈ ਹੈ। ਕਈ ਦੇਸ਼ਾਂ ਦੀਆਂ ਪਾਰਲੀਮੈਂਟਾਂ ਵਿਚ ਭਾਰਤੀ ਹਕੂਮਤ ਵਲੋਂ ਸਿੱਖ ਅਜ਼ਾਦੀ ਲਹਿਰ ਨੂੰ ਕੁਚਲਣ ਲਈ ਵਰਤੇ ਜਾ ਰਹੇ ਅਜਿਹੇ ਹਥਕੰਡਿਆਂ ਬਾਰੇ ਗੱਲ ਤੁਰੀ ਹੈ। ਜਿਹੜੇ ਕੋਝੇ ਹੱਥਕੰਢੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕਰਦੇ ਹਨ ਤੇ ਕਿਹਾ ਜਾ ਸਕਦਾ ਹੈ ਕਿ ਕਈ ਸਾਲਾਂ, ਕਈ ਦਹਾਕਿਆਂ ਤੋਂ ਵਿਦੇਸ਼ ਵਿਚ ਵਸਦੇ ਸਿੱਖ ਤੇ ਪੰਜਾਬ ਵਿਚ ਸਿੱਖਾਂ ’ਤੇ ਹੋ ਰਹੇ ਜ਼ੁਲਮ ਅਤੇ ਤਸ਼ੱਦਦ ਬਾਰੇ ਡਟ ਕੇ ਆਵਾਜ਼ ਬੁਲੰਦ ਕਰ ਰਹੇ ਸਨ। ਜਿਸ ਨਾਲ ਕਈ ਅੰਤਰਰਾਸ਼ਟਰੀ ਸੰਸਥਾਵਾਂ ਤੱਕ ਸਿੱਖਾਂ ਦਾ ਕੇਸ ਪਹੁੰਚਦਾ ਰਿਹਾ ਹੈ। ਅਜਿਹੇ ਪੰਥਕ ਯਤਨਾਂ ਕਾਰਨ ਹੀ ਭਾਰਤ ਦੀ ਹਕੂਮਤ ਏਨੀ ਬੁਖਲਾ ਗਈ ਕਿ ਵਿਦੇਸ਼ਾਂ ਦੀ ਧਰਤੀ ’ਤੇ ਕੰਮ ਕਰਦੇ ਪੰਥਕ ਵਰਕਰਾਂ ਨੂੰ ਡਰਾਉਣ ਲਈ ਭਾੜੇ ਦੇ ਕਾਤਲਾਂ ਰਾਹੀਂ ਉਨ੍ਹਾਂ ਦੇ ਕਤਲ ਕਰਵਾਉਣ ਦੇ ਨੀਵੇਂ ਹੱਥਕੰਢਿਆਂ ’ਤੇ ਉਤਰ ਆਈ ਹੈ। ਵਿਦੇਸ਼ਾਂ ਦੀ ਧਰਤੀ ’ਤੇ ਵੀ ਸਿੱਖਾਂ ਦੀ ਅਜ਼ਾਦੀ ਲਈ ਕੌਮ ਦਾ ਲਹੂ ਡੁੱਲਿਆ ਹੈ ਪਰ ਇਸ ਡੁੱਲੇ ਹੋਏ ਲਹੂ ਨੇ ਦੁਨੀਆ ਭਰ ਵਿਚ ਸਾਡੇ ਕਾਤਲਾਂ ਦੇ ਚਿਹਰੇ ਬੇਨਕਾਬ ਕਰ ਦਿੱਤੇ ਹਨ। ਦੁਨੀਆ ਭਰ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਭਾਰਤ ਦੀ ਹਕੂਮਤ ਕਿੰਨੀ ਜਾਬਰ ਹੈ ਅਤੇ ਜਿਵੇਂ ਹਰ ਇਕ ਹੱਕ ਸੱਚ ਦੀ ਆਵਾਜ਼ ਨੂੰ ਬੰਦ ਕਰਨ ਲਈ ਕਿਸ ਹੱਦ ਤੱਕ ਜਾਂਦੀ ਹੈ। ਇਸ ਪ੍ਰਤੱਖ ਸੱਚਾਈ ਨੂੰ ਪੂਰੀ ਦੁਨੀਆ ਨੇ ਵੇਖਿਆ ਹੈ ਅਤੇ ਦੁਨੀਆ ਨੂੰ ਸਮਝ ਆ ਰਿਹਾ ਹੈ ਕਿ ਸਿੱਖ ਕੌਮ ਕਿਉਂ ਅਜ਼ਾਦੀ ਲਈ ਲੜ ਰਹੀ ਹੈ। ਇਹ ਸਾਡੇ ਲਈ ਤਸੱਲੀ ਵਾਲੀ ਗੱਲ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਆਪਣੇ ਸੰਘਰਸ਼ ਵਿਚ ਕਿਸੇ ਵੀ ਤਰ੍ਹਾਂ ਕੋਈ ਢਿੱਲ ਦਿਖਾਈਏ। ਹੁਣ ਲੋੜ ਅੱਗੇ ਤੋਂ ਵੀ ਵਧੇਰੇ ਮਜ਼ਬੂਤ ਜਥੇਬੰਦਕ ਜਾਪ ਦੇ ਨਾਲ ਸੰਘਰਸ਼ ਨੂੰ ਅੱਗੇ ਤੋਰਨ ਦੀ ਹੈ। ਆਪਣੀ ਆਵਾਜ਼ ਨੂੰ ਦੁਨੀਆ ਦੇ ਕੋਨੇ ਕੋਨੇ ਵਿਚ ਪਹੁੰਚਾਉਣ ਲਈ ਦਿਨ ਰਾਤ ਇਕ ਕਰ ਦਿੱਤਾ ਜਾਣਾ ਚਾਹੀਦਾ ਹੈ। ਖਾਲਸਾ ਜੀ ਮੈਂ ਇਹ ਗੱਲ ਫਿਰ ਤੋਂ ਦੁਹਰਾ ਰਿਹਾ ਹਾਂ ਕਿ ਦੁਨੀਆ ਦੀ ਕੋਈ ਕੌਮ ਅਜਿਹੀ ਨਹੀਂ ਜਿਸ ਨੇ ਜ਼ੁਲਮ ਨਾ ਝੱਲਿਆ ਹੋਵੇ ਤੇ ਜਿਸ ਨੇ ਅਜ਼ਾਦੀ ਲਈ ਜੰਗ ਨਾ ਲੜੀ ਹੋਵੇ। ਸਿੱਖ ਜਿਥੇ ਜਿਥੇ ਵੀ ਰਹਿੰਦੇ ਹਨ ਉਥੇ ਦੇ ਸਥਾਨਕ ਲੋਕਾਂ ਦਾ, ਉਥੋਂ ਦੀ ਕੌਮੀਅਤ ਦਾ ਇਤਿਹਾਸ ਵੀ ਪੜ੍ਹਨ। ਫਿਰ ਉਥੋਂ ਦੇ ਬਾਸ਼ਿੰਦਿਆਂ ਨਾਲ ਤਾਲਮੇਲ ਪੈਦਾ ਕਰਕੇ ਉਨ੍ਹਾਂ ਦੇ ਕੌਮੀ ਨਾਇਕਾਂ ਦੀਆਂ ਗੱਲਾਂ ਕਰਨ। ਉਨ੍ਹਾਂ ਦੇ ਇਤਿਹਾਸ ਦੀਆਂ ਗੱਲਾਂ ਸਾਂਝੀਆਂ ਕਰਨ ਤੇ ਜਿਥੇ ਜ਼ੁਲਮ ਤੇ ਤਸ਼ੱਦਦ ਹੋ ਰਿਹਾ ਹੈ ਸਾਡੀ ਕੌਮ ਵੀ ਅਜ਼ਾਦੀ ਲਈ ਲੜ ਰਹੀ ਹੈ। ਸਾਡੇ ਲਈ ਸਭ ਤੋਂ ਵੱਡੀ ਓਟ ਗੁਰੂ ਦੀ ਹੈ ਪਰ ਇਸ ਦੇ ਨਾਲ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਅਤੇ ਅਜ਼ਾਦ ਤੌਰ ’ਤੇ ਕੰਮ ਕਰਦੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਤੋਂ ਸਹਿਯੋਗ ਲਿਆ ਜਾਣਾ ਅਤਿ ਜ਼ਰੂਰੀ ਹੈ। ਬਿਨਾਂ ਸ਼ੱਕ ਤੁਸੀਂ ਸਾਰੇ ਇਸ ਮਸਲੇ ਲਈ ਪਹਿਲਾਂ ਹੀ ਦਿਨ ਰਾਤ ਇਕ ਕਰਕੇ ਕੰਮ ਕਰ ਰਹੇ ਹੋ ਅਤੇ ਮੈਂ ਉਮੀਦ ਕਰਦਾ ਹੈ ਕਿ ਕੌਮੀ ਮੰਜ਼ਿਲ ਦੀਆਂ ਰਹਿੰਦੀਆਂ ਬਾਟਾਂ ਸਰ ਕਰਨ ਲਈ ਵਿਦੇਸ਼ਾਂ ਦੀ ਧਰਤੀ ’ਤੇ ਵਸਦੇ ਗੁਰਸਿੱਖ ਹੁਣ ਅਹਿਮ ਭੂਮਿਕਾ ਨਿਭਾਉਣਗੇ।
ਸਮੂਹ ਸੰਗਤ ਦਾ ਧੰਨਵਾਦ
ਗੁਰੂ ਪੰਥ ਦਾ ਦਾਸ
ਭਾਈ ਜਗਤਾਰ ਸਿੰਘ ਹਵਾਰਾ
ਨਜ਼ਰਬੰਦ ਮਡੌਲੀ ਜੇਲ੍ਹ ਨਵੀਂ ਦਿੱਲੀ
ਇਸ ਮਹਾਨ ਨਗਰ ਕੀਰਤਨ ’ਚ ਸੰਗਤਾਂ ਨੇ ਸ਼ਰਧਾ ਨਾਲ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਇਹ ਇੱਕ ਵਾਕਿਆ ਇਤਿਹਾਸਕ ਨਗਰ ਕੀਰਤਨ ਸੀ।