ਲਾਲ ਸਾਗਰ ਵਿੱਚ ਸਮੁੰਦਰੀ ਬੇੜੇ ’ਤੇ ਯਮਨ ਦੇ ਹੂਤੀ ਬਾਗੀਆਂ ਵੱਲੋਂ ਹਮਲੇ ਦਾ ਸ਼ੱਕ

ਲਾਲ ਸਾਗਰ ਵਿੱਚ ਸਮੁੰਦਰੀ ਬੇੜੇ ’ਤੇ ਯਮਨ ਦੇ ਹੂਤੀ ਬਾਗੀਆਂ ਵੱਲੋਂ ਹਮਲੇ ਦਾ ਸ਼ੱਕ

ਯੇਰੂਸ਼ਲਮ- ਲਾਲ ਸਾਗਰ ਵਿੱਚ ਅੱਜ ਯਮਨ ਦੇ ਹੂਤੀ ਬਾਗੀਆਂ ਵੱਲੋਂ ਕੀਤੇ ਗਏ ਸ਼ੱਕੀ ਹਮਲੇ ਵਿੱਚ ਇਕ ਸਮੁੰਦਰੀ ਬੇੜੇ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਇਸ ਅਹਿਮ ਸਮੁੰਦਰੀ ਰਸਤੇ ਵਿੱਚ ਕੌਮਾਂਤਰੀ ਸਮੁੰਦਰੀ ਜਹਾਜ਼ਾਂ ਖ਼ਿਲਾਫ਼ ਚੱਲ ਰਹੀ ਉਨ੍ਹਾਂ ਦੀ ਮੁਹਿੰਮ ਤਹਿਤ ਇਹ ਤਾਜ਼ਾ ਹਮਲਾ ਹੈ। ਬਰਤਾਨਵੀ ਫ਼ੌਜ ਦੇ ਯੂਕੇ ਮੈਰੀਟਾਈਮ ਟਰੇਡ ਅਪ੍ਰੇਸ਼ਨਜ਼ ਸੈਂਟਰ ਨੇ ਵਿਸਥਾਰ ਵਿੱਚ ਕੋਈ ਜਾਣਕਾਰੀ ਦਿੱਤੇ ਬਿਨਾ ਸਿਰਫ਼ ਐਨਾ ਹੀ ਕਿਹਾ ਕਿ ਇਹ ਹਮਲਾ ਯਮਨ ਦੇ ਮੋਖਾ ਤੱਟ ’ਤੇ ਹੋਇਆ। ਸੈਂਟਰ ਨੇ ਸਮੁੰਦਰੀ ਜਹਾਜ਼ਾਂ ਦੇ ਅਮਲੇ ਨੂੰ ਇਸ ਖਿੱਤੇ ਵਿੱਚੋਂ ਸਾਵਧਾਨੀ ਨਾਲ ਲੰਘਣ ਦੀ ਅਪੀਲ ਕੀਤੀ ਹੈ। ਹਾਲਾਂਕਿ, ਹੂਤੀਆਂ ਨੇ ਤੁਰੰਤ ਪ੍ਰਭਾਵ ਤੋਂ ਕਿਸੇ ਤਰ੍ਹਾਂ ਦੇ ਕੋਈ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਸ਼ੱਕ ਇਸੇ ਸਮੂਹ ’ਤੇ ਕੀਤਾ ਜਾ ਰਿਹਾ ਹੈ। ਆਮ ਤੌਰ ’ਤੇ ਹੂਤੀ ਆਪਣੇ ਹਮਲਿਆਂ ਦੀ ਜ਼ਿੰਮੇਵਾਰੀ ਲੈਣ ਨੂੰ ਕਾਫੀ ਘੰਟਿਆਂ ਦਾ ਸਮਾਂ ਲੈਂਦੇ ਰਹੇ ਹਨ। ਹੂਤੀਆਂ ਦਾ ਕਹਿਣਾ ਹੈ ਕਿ ਲਾਲ ਸਾਗਰ ਅਤੇ ਅਦਨ ਦੀ ਖਾੜੀ ਵਿੱਚ ਸਮੁੰਦਰੀ ਜਹਾਜ਼ਾਂ ’ਤੇ ਹਮਲੇ ਕਰਨ ਪਿੱਛੇ ਉਨ੍ਹਾਂ ਦਾ ਮਕਸਦ ਗਾਜ਼ਾ ਵਿੱਚ ਹਮਾਸ ਖ਼ਿਲਾਫ਼ ਜੰਗ ਖ਼ਤਮ ਕਰਨ ਲਈ ਇਜ਼ਰਾਈਲ ’ਤੇ ਦਬਾਅ ਪਾਉਣਾ ਹੈ। ਇਸ ਜੰਗ ਵਿੱਚ 34,000 ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹਨ। ਲੰਘੇ ਸਾਲ 7 ਅਕਤੂਬਰ ਨੂੰ ਹਮਾਸ ਦੀ ਅਗਵਾਈ ਵਾਲੇ ਅਤਿਵਾਦੀਆਂ ਵੱਲੋਂ ਇਜ਼ਰਾਈਲ ’ਤੇ ਕੀਤੇ ਗਏ ਹਮਲੇ ਤੋਂ ਬਾਅਦ ਇਹ ਜੰਗ ਸ਼ੁਰੂ ਹੋਈ ਸੀ। ਇਸ ਹਮਲੇ ਵਿੱਚ 1,200 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦਕਿ 250 ਹੋਰਾਂ ਨੂੰ ਬੰਦੀ ਬਣਾ ਲਿਆ ਗਿਆ ਸੀ।