ਅਲ”ੌਕਿਕ ਰੂਹਾਨੀ ਸ਼ਰਧਾ ਸੇਵਾ ਖਾਲਸਾਈ ਜਜ਼ਬਿਆਂ ਦਾ ਮਹਾਨ ਸੁਮੇਲਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਤੋਂ 25ਵਾਂ ਮਹਾਨ ਨਗਰ ਕੀਰਤਨ

ਅਲ”ੌਕਿਕ ਰੂਹਾਨੀ ਸ਼ਰਧਾ ਸੇਵਾ ਖਾਲਸਾਈ ਜਜ਼ਬਿਆਂ ਦਾ ਮਹਾਨ ਸੁਮੇਲਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਤੋਂ 25ਵਾਂ ਮਹਾਨ ਨਗਰ ਕੀਰਤਨ

ਸਟਾਕਟਨ/ ਕੈਲੀਫੋਰਨੀਆ (ਸਾਡੇ ਲੋਕ ਬਿਊਰੋ) : ਖਾਲਸਾ ਪੰਥ ਦੇ  ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜੇ  ’ਤੇ ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਦੀ ਧਰਤੀ ’ਤੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ 25ਵਾਂ ਮਹਾਨ ਨਗਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ’ਚ ਵਿਸ਼ਾਲ ਕੀਰਤਨ ਕੱਢਿਆ ਗਿਆ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਲਗਵਾਈ ਅਤੇ ਹਰ ਪਾਸੇ ਰੌਣਕ ਸੰਗਤਾਂ ਦਾ ਇਕੱਠ ਨਜ਼ਰ ਆ ਰਿਹਾ ਸੀ। ਇਸ ਨਗਰ ਕੀਰਤਨ ਵਿਚ ਪੂਰੇ ਅਮਰੀਕਾ ਵਿਚੋਂ ਸੰਗਤਾਂ ਨੇ ਗੁਰੂ ਘਰ ਆ ਕੇ ਹਾਜ਼ਰੀ ਲਗਵਾਈ। ਨਗਰ ਕੀਰਤਨ ਉਪਰ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਕੇਸਰੀ ਦਸਤਾਰਾਂ ਕੇਸਰੀ ਚੁੰਨੀਆਂ ਨਾਲ ਸਟਾਕਟਨ ਸ਼ਹਿਰ ਕੇਸਰੀ ਰੰਗ ਵਿੱਚ ਰੰਗਿਆ ਹੋਇਆ ਸੀ ਸ਼ਹੀਦਾਂ ਦੀਆਂ ਫੋਟੋ ਅਤੇ ਮੌਜੂਦਾ ਦੌਰ ਦੇ ਸ਼ਹੀਦਾਂ ਦੀਆਂ ਥਾਂ ਥਾਂ ਤਸਵੀਰਾਂ ਕੌਮ ਵਿੱਚ ਆਈ ਤਬਦੀਲੀ ਦਾ ਅਗਾਜ਼ ਦੱਸ ਰਹੀਆਂ ਸਨ ਬੱਚਿਆਂ ਤੋ ਲੈ ਕੇ ਬਜ਼ੁਰਗਾਂ ਤੱਕ ਸਿੱਖਾਂ ਨਾਲ ਬੇ-ਇਨਸਾਫੀ ਦੀਆਂ ਗੱਲਾਂ ਕਰ ਰਹੇ ਸਨ। ਐਤਵਾਰ ਸਵੇਰੇ ਸਜੇ ਦੀਵਾਨ ਵਿਚ ਸਵੇਰੇ ਤੋਂ ਹੀ ਸੰਗਤਾਂ ਗੁਰੂ ਘਰ ਵਿਖੇ ਪਹੁੰਚ ਗਈਆਂ ਸਨ। ਕੀਰਤਨ 
ਉਪਰੰਤ ਪੰਥਕ ਬੁਲਾਰਿਆਂ ਨੇ ਖਾਲਸੇ ਦੇ ਜਨਮ ਦਿਹਾੜੇ ਨਾਲ ਸਬੰਧਿਤ ਆਪਣੇ ਵਿਚਾਰਾਂ ਦੁਆਰਾ ਸੰਗਤਾਂ ਨਾਲ ਸਾਂਝ ਪਾਈ। ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਅਮਰਜੀਤ ਸਿੰਘ ਤੁੰਗ ਨੇ ਸਾਰਿਆਂ ਹੀ ਬੁਲਾਰਿਆਂ ਨੂੰ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ ਦਾ ਸਮਾਂ ਦਿੱਤਾ, ਜਿਨ੍ਹਾਂ ਵਿਚ ਅਮਰੀਕਾ ਦੇ ਵੱਖ ਵੱਖ ਆਗੂ ਸ਼ਾਮਲ ਹਨ।
ਇਸ ਪਵਿੱਤਰ ਮੌਕੇ ਸਟਾਕਟਨ ਸਿਟੀ ਦੇ ਆਫੀਸ਼ਲ ਮੈਂਬਰ ਪਤਵੰਤੇ ਸੱਜਣਾਂ ਨੇ ਗੁਰੂਘਰ ਵਿਖੇ ਪਹੁੰਚ ਕੇ ਸੰਗਤਾਂ ਨੂੰ ਖਾਲਸੇ ਦੇ ਸਿਰਜਣਾ ਦਿਵਸ ਦੀ ਵਧਾਈ ਦਿੱਤੀ। ਬਾਅਦ ਵਿਚ ਆਏ ਹੋਏ ਸਾਰਿਆਂ ਪਤਵੰਤੇ ਸੱਜਣਾਂ ਦਾ ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ ਸਨਮਾਨ ਕੀਤਾ ਗਿਆ। ਸਿਰੋਪਾਓ ਅਤੇ ਪਲੈਕਾਂ ਦੀ ਬਖਸ਼ਿਸ਼ ਕੀਤੀ ਗਈ। ਉਪ੍ਰੰਤ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਆਗਿਆ ਲੈ ਕੇ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ। ਸੁੰਦਰ ਸਜਾਈ ਹੋਈ ਪਾਲਕੀ ਵਿਚ ਗੁਰੂ ਸਾਹਿਬ ਦਾ ਸਰੂਪ ਲਿਜਾਇਆ ਗਿਆ। ਇਸ ਨਗਰ ਕੀਰਤਨ ਵਿਚ ਸੰਗਤਾਂ ਠਾਠਾਂ ਮਾਰਦੇ ਦਰਿਆ ਵਾਂਗ ਸਨ। ਕੇਸਰੀ ਦਸਤਾਰਾਂ, ਕੇਸਰੀ ਦੁਪੱਟਿਆਂ ਨਾਲ ਸਾਰੇ ਪਾਸੇ ਮਨਮੋਹਕ ਦ੍ਰਿਸ਼ ਬਣ ਰਿਹਾ ਸੀ। ਸੰਗਤਾਂ ਨਾਲ-ਨਾਲ ਕੀਰਤਨ ਸਰਵਣ ਕਰ ਰਹੀਆਂ ਸਨ। 
13 ਅਪਰੈਲ ਸ਼ਨੀਵਾਰ ਨੂੰ ਸਵੇਰੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਗਈ। ਨਿਸ਼ਾਨ ਸਾਹਿਬ ਨੂੰ ਕੱਚੀ ਲੱਸੀ ਦੇ ਨਾਲ ਇਸ਼ਨਾਨ ਕਰਵਾਉਣ ਤੋਂ ਬਾਅਦ ਚੋਲਾ ਬਦਲੀ ਕੀਤਾ ਗਿਆ। ਸੰਗਤਾਂ ਵਾਹਿਗੁਰੂ ਜਾਪ ਕਰ ਰਹੀਆਂ ਸਨ। ਅਰਦਾਸ ਕਰਨ ਤੋਂ ਬਾਅਦ ਸੰਗਤਾਂ ਵਿਚ ਦੇਗ ਵਰਤਾਈ ਗਈ। ਸ਼ਨੀਵਾਰ ਸ਼ਾਮ ਗੁਰੂਘਰ ਵਿਖੇ ਦੇਰ ਰਾਤ ਤੱਕ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਦੇ ਪ੍ਰਸਿੰਧ ਕਥਾਵਾਚਕ ਅਤੇ ਸਿੱਖ ਸਕਾਲਰ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਨੇ ਖਾਲਸਾ ਪੰਥ ਦੇ ਗੌਰਵਮਈ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਾ ਕੀਤਾ। ਨਗਰ ਕੀਰਤਨ ਵਿਚ ਸਭ ਪਾਸੇ ਰੌਣਕਾਂ ਲੱਗੀਆਂ ਹੋਈਆਂ ਸਨ। ਗਤਕਾ ਪਾਰਟੀ ਵਲੋਂ ਵੀ ਆਪਣੇ ਜੌਹਰ ਦਿਖਾਏ ਗਏ। ਵੱਖ-ਵੱਖ ਸੇਵਾਦਾਰਾਂ ਵਲੋਂ ਸੰਗਤਾਂ ਦੀ ਸੇਵਾ ਕਰਨ ਲਈ ਵੀ ਵੱਖਰਾ ਚਾਅ ਸੀ। ਛੋਲੇ-ਭਟੂਰੇ, ਸਮੋਸੇ, ਗੋਲ-ਗੱਪੇ, ਰਸ-ਮਲਾਈ, ਜੂੁਸ, ਤਰ੍ਹਾਂ ਤਰ੍ਹਾਂ ਦੇ ਕੋਲਡ ਡਰਿੰਕ, ਪੀਜਾ, ਟਿੱਕੀਆਂ, ਜਲੇਬੀਆਂ, ਗੰਨੇ ਦਾ ਰਸ, ਕਾਲੇ ਛੋਲੇ, ਚਾਹ, ਬੇਸਣ, ਦੁੱਧ, ਵੱਖ ਵੱਖ ਤਰ੍ਹਾਂ ਦੀ ਮਠਿਆਈ, ਫਰੂਟ ਚਾਟ, ਵੱਖ ਵੱਖ ਤਰ੍ਹਾਂ ਦੇ ਪਕੌੜਿਆਂ ਗਰਮ ਗਰਮ ਬਦਾਮਾਂ ਅਤੇ ਕੇਸਰ ਵਾਲਾ ਦੁੱਧ ਦੇ ਸਟਾਲ ਲਗਾਕੇ ਸੰਗਤਾਂ ਦੀ ਸੇਵਾ ਕੀਤੀ ਗਈ। ਹਰੇਕ ਸਟਾਲ ਉਪਰ ਸੇਵਾਦਾਰ ਵੱਧ ਤੋਂ ਵੱਧ ਸੇਵਾ ਕਰ ਰਹੇ ਸਨ। ‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦਿਆਂ ਅਮਰੀਕਾ ਦੇ ਸਿੱਖ ਆਗੂ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ. ਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਮਹਾਨ ਨਗਰ ਕੀਤਰਨ ਵਿੱਚ ਸੰਗਤਾਂ ਗਦਰੀ ਬਾਬਿਆਂ ਨੂੰ ਨਮਸਤਿਕ ਹੋਣ ਤੇ ਖਾਲਸੇ ਦੇ ਜਨਮ ਦਿਨ ਉਪਰ ਸ਼ਰਧਾ ਨਾਲ ਆਈਆਂ ਹਨ ਗੁਰੂੁ ਸਾਹਿਬ ਨੇ ਏਨਾ ਵੱਡਾ ਸੰਗਤਾਂ ਦਾ ਇਕੱਠ ਅਤੇ ਸਾਰੇ ਪ੍ਰੋਗਰਾਮ ਨਿਰਵਿਘਨ ਗੁਰੂ ਸਾਹਿਬ ਦੀ ਅਪਾਰ ਕਿਰਪਾ ਨਾਲ ਹੋਏ ਹਨ ਉਨ੍ਹਾਂ ਸਮੂਹ ਸੰਗਤਾਂ ਦਾ ਤਹਿ ਦਿੱਲ ਤੋਂ ਧੰਨਵਾਦ ਕੀਤਾ।