ਟੀਐੱਮਸੀ ਨੂੰ ਭ੍ਰਿਸ਼ਟਾਚਾਰੀ ਕਹਿਣ ਤੋਂ ਪਹਿਲਾਂ ਮੋਦੀ ਖ਼ੁਦ ਸ਼ੀਸ਼ਾ ਦੇਖਣ: ਮਮਤਾ ਬੈਨਰਜੀ

ਟੀਐੱਮਸੀ ਨੂੰ ਭ੍ਰਿਸ਼ਟਾਚਾਰੀ ਕਹਿਣ ਤੋਂ ਪਹਿਲਾਂ ਮੋਦੀ ਖ਼ੁਦ ਸ਼ੀਸ਼ਾ ਦੇਖਣ: ਮਮਤਾ ਬੈਨਰਜੀ

ਕੇਂਦਰੀ ਏਜੰਸੀਆਂ ਵੱਲੋਂ ਕੀਤੀਆਂ ਪੜਤਾਲਾਂ ’ਤੇ ‘ਸਫ਼ੇਦ ਪੱਤਰ’ ਜਾਰੀ ਕਰਨ ਦੀ ਮੰਗ

ਜਲਪਾਇਗੁੜੀ/ਸਿਲੀਗੁੜੀ- ਪੱਛਮੀ ਬੰਗਾਲ ਵਿੱਚ ਕੇਂਦਰੀ ਏਜੰਸੀਆਂ ਵੱਲੋਂ ਕੀਤੀਆਂ ਪੜਤਾਲਾਂ ’ਤੇ ‘‘ਸਫ਼ੇਦ ਪੱਤਰ’’ ਜਾਰੀ ਕਰਨ ਦੀ ਮੰਗ ਕਰਦਿਆਂ ਅੱਜ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਟੀਐੱਮਸੀ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲਾਂ ਖ਼ੁਦ ਸ਼ੀਸ਼ੇ ’ਚ ਝਾਕਣਾ ਚਾਹੀਦਾ ਹੈ। ਭਾਜਪਾ ’ਤੇ ਵਰ੍ਹਦਿਆਂ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਭਗਵਾ ਪਾਰਟੀ ਦੇ ਨੇਤਾ ਬੰਗਾਲੀਆਂ, ਉਨ੍ਹਾਂ ਦੇ ਸੱਭਿਆਚਾਰ, ਧਾਰਮਿਕ ਰੀਤੀ ਰਿਵਾਜਾਂ ਅਤੇ ਖਾਣ ਸਬੰਧੀ ਆਦਤਾਂ ਬਾਰੇ ਨਹੀਂ ਜਾਣਦੇ, ਜਿਸ ਕਰਕੇ ਉਹ ਮੱਛੀ ਖਾਣ ਦੀ ਆਲੋਚਨਾ ਕਰਦੇ ਹਨ। ਬੈਨਰਜੀ ਜਲਪਾਇਗੁੜੀ ਤੋਂ ਟੀਐੱਮਸੀ ਉਮੀਦਵਾਰ ਨਿਰਮਲ ਚੰਦਰ ਰਾਏ ਦੇ ਹੱਕ ਮੈਨਾਗੁੜੀ ’ਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਜਾਂਚ ਏਜੰਸੀਆਂ ਵੱਲੋਂ ਕੀਤੀਆਂ ਜਾਂਚ-ਪੜਤਾਲਾਂ ਬਾਰੇ ਸਫ਼ੇਦ ਪੱਤਰ ਜਾਰੀ ਕਰਨ ਦੀ ਮੰਗ ਕਰਦਿਆਂ ਟੀਐੱਮਸੀ ਨੇਤਾ ਨੇ ਕਿਹਾ, ‘‘ਭਾਜਪਾ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਲਈ 300 ਕੇਂਦਰੀ ਟੀਮਾਂ ਬੰਗਾਲ ਭੇਜੀਆਂ ਪਰ ਉਨ੍ਹਾਂ ਨੂੰ ਕੁਝ ਨਾ ਲੱਭਿਆ। ਹੁਣ ਪ੍ਰਧਾਨ ਮੰਤਰੀ ਨੂੰ ਬੰਗਾਲ ਦੇ ਲੋਕਾਂ ਨੂੰ ਜਵਾਬ ਦੇਣ ਦੀ ਲੋੜ ਹੈ ਕਿ ਮਨਰੇਗਾ ਫੰਡਾਂ ਦਾ ਕੀ ਹੋਇਆ? ਗਰੀਬ ਲੋਕਾਂ ਨੇ ਸਕੀਮ ਅਧੀਨ ਕੰਮ ਕੀਤਾ ਪਰ ਉਨ੍ਹਾਂ ਨੂੰ ਮਿਹਨਤਾਨਾ ਨਹੀਂ ਦਿੱਤਾ ਗਿਆ।’’ ਮਮਤਾ ਨੇ ਆਖਿਆ, ‘‘ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਟੀਐੱਮਸੀ ਭ੍ਰਿਸ਼ਟ ਪਾਰਟੀ ਹੈ। ਉਨ੍ਹਾਂ ਨੂੰ ਪਹਿਲਾਂ ਸ਼ੀਸ਼ੇ ’ਚ ਝਾਕਣਾ ਚਾਹੀਦਾ ਹੈ। ਉਨ੍ਹਾਂ ਦੀ ਪਾਰਟੀ ਡਾਕੂਆਂ ਨਾਲ ਭਰੀ ਹੋਈ ਹੈ।’’ ਉਨ੍ਹਾਂ ਨੇ ਭਾਜਪਾ ਨੂੰ ‘‘ਬੰਗਾਲ ਵਿਰੋਧੀ ਪਾਰਟੀ’’ ਕਰਾਰ ਦਿੱਤਾ ਤੇ ਦੋਸ਼ ਲਾਇਆ ਕਿ ਉਹ ‘‘ਐੱਨਆਰਸੀ’’ ਦੀ ਆੜ ’ਚ ਕਬਾਇਲੀਆਂ, ਦਲਿਤਾਂ ਤੇ ਹੋਰ ਪੱਛੜੀਆਂ ਸ਼੍ਰੇਣੀਆਂ ਨੂੰ ‘‘ਬਾਹਰ ਕੱਢਣ ਦੀ ਯੋਜਨਾ’’ ਘੜ ਰਹੀ ਹੈ।