ਰਾਹੁਲ ਗਾਂਧੀ ਵੱਲੋਂ ਚੋਣ ਬਾਂਡ ਸਕੀਮ ‘ਜਬਰੀ ਵਸੂਲੀ’ ਕਰਾਰ

ਰਾਹੁਲ ਗਾਂਧੀ ਵੱਲੋਂ ਚੋਣ ਬਾਂਡ ਸਕੀਮ ‘ਜਬਰੀ ਵਸੂਲੀ’ ਕਰਾਰ

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਘੇਰਿਆ; ਚੋਣਵੇਂ ਕਾਰੋਬਾਰੀਆਂ ਖ਼ਿਲਾਫ਼ ‘ਧਮਕਾਉਣ ਵਾਲੇ ਹੱਥਕੰਡੇ’ ਵਰਤਣ ਦਾ ਦੋਸ਼ ਲਾਇਆ

ਕੋਜ਼ੀਕੋੜ/ਵਾਇਨਾਡ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਚੋਣ ਬਾਂਡ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਇਸ ਨੂੰ ‘‘ਜਬਰੀ ਵਸੂਲੀ ਦਾ ਰੂਪ’’ ਕਰਾਰ ਦਿੱਤਾ ਅਤੇ ਕੁਝ ਚੋਣਵੇਂ ਕਾਰੋਬਾਰੀਆਂ ਖ਼ਿਲਾਫ਼ ‘ਧਮਕਾਉਣ ਵਾਲੇ ਹੱਥਕੰਡੇ’ ਵਰਤਣ ਦਾ ਦੋਸ਼ ਲਾਇਆ। ਰਾਹੁਲ ਨੇ ਦੋਸ਼ ਲਾਇਆ, ‘‘ਹਰ ਛੋਟੇ ਕਸਬੇ ਜਾਂ ਪਿੰਡ ’ਚ ਕੁਝ ਲੋਕ ਹੁੰਦੇ ਹਨ ਜਿਹੜੇ ਸੜਕਾਂ ’ਤੇ ਲੋਕਾਂ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦਾ ਡਰਾਵਾ ਦੇ ਕੇ ਜਬਰੀ ਪੈਸਾ ਵਸੂਲੀ ਕਰਦੇ ਹਨ। ਮਲਿਆਲਮ (ਭਾਸ਼ਾ) ’ਚ ਤੁਸੀ ਇਸ ਨੂੰ ‘ਕੋਲਾ ਅਦਿੱਕਲ’ (ਲੁੱਟ) ਆਖਦੇ ਹੋ ਪਰ ਮੋਦੀ ਇਸ ਨੂੰ ਚੋਣ ਬਾਂਡ ਕਹਿੰਦੇ ਹਨ। ਆਮ ਚੋਰ ਜੋ ਸੜਕਾਂ ’ਤੇ ਕਰ ਰਹੇ ਹਨ, ਪ੍ਰਧਾਨ ਮੰਤਰੀ ਮੋਦੀ ਉਹ ਕੌਮਾਂਤਰੀ ਪੱਧਰ ’ਤੇ ਕਰ ਰਹੇ ਹਨ।’’

ਵਾਇਨਾਡ ਲੋਕ ਸਭਾ ਹਲਕੇ ’ਚ ਚੋਣ ਪ੍ਰਚਾਰ ਦੌਰਾਨ ਕਾਂਗਰਸੀ ਉਮੀਦਵਾਰ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਕੁਝ ਚੋਣਵੇਂ ਕਾਰੋਬਾਰੀਆਂ ਨੂੰ ਧਮਕਾਉਣ ਲਈ ਵਿਸ਼ੇਸ਼ ਰਣਨੀਤੀ ਵਰਤਣ ਅਤੇ ਮੋਦੀ ’ਤੇ ਕੁਝ ਚੋਣਵੇਂ ਅਮੀਰ ਕਾਰੋਬਾਰੀਆਂ ਦੀ ਮਦਦ ਕਰਨ ਦਾ ਦੋਸ਼ ਵੀ ਲਾਇਆ। ਵਾਇਨਾਡ ਤੋਂ ਮੌਜੂਦਾ ਲੋਕ ਸਭਾ ਮੈਂਬਰ ਰਾਹੁਲ ਗਾਧੀ ਨੇ ਦੋਸ਼ ਲਾਇਆ, ‘‘ਚੋਣ ਬਾਂਡ ਪੱਧਰ ’ਤੇ ਧਮਕੀਆਂ ਬਹੁਤ ਜ਼ਿਆਦਾ ਵਿਸ਼ੇਸ਼ ਹਨ। ਈਡੀ, ਸੀਬੀਆਈ ਤੇ ਆਮਦਨ ਕਰ (ਆਈਟੀ) ਦੇ ਲੋਕ ਆਉਣਗੇ, ਉਹ ਪੁੱਛ-ਪੜਤਾਲ ਕਰਨਗੇ ਅਤੇ ਇਸ ਦੇ ਅੰਤ ਵਿੱਚ ਕਹਿਣਗੇ ਤੁਸੀਂ (ਇਹ ਕਾਰੋਬਾਰ) ਅਡਾਨੀ (ਕਾਰੋਬਾਰੀ) ਨੂੰ ਕਿਉਂ ਨਹੀਂ ਦੇ ਦਿੰਦੇ।’’ ਉਨ੍ਹਾਂ ਦੋਸ਼ ਲਾਇਆ ਕਿ ਇਸੇ ਤਰ੍ਹਾਂ ਅਡਾਨੀ ਨੂੰ ਪਿਛਲੇ ਮਾਲਕ ਤੋਂ ਮੁੰਬਈ ਹਵਾਈ ਅੱਡਾ ਮਿਲ ਗਿਆ। ਕਾਂਗਰਸੀ ਸੰਸਦ ਮੈਂਬਰ ਨੇ ਦੋਸ਼ ਲਾਇਆ ਕਿ ਹੋਰ ਮਾਮਲਿਆਂ ਵਿੱਚ ਅਜਿਹੀ ਹੀ ‘‘ਡਰਾਉਣ ਵਾਲੀ ਰਣਨੀਤੀ’’ ਕਾਰਨ ਕਾਰੋਬਾਰੀਆਂ ਵੱਲੋਂ ਚੋਣ ਬਾਂਡ ਦੇ ਰੂਪ ਵਿੱਚ ਭਾਜਪਾ ਨੂੰ ਅਦਾਇਗੀ ਕਰਨੀ ਪਈ। ਉਨ੍ਹਾਂ ਨੇ ਮੋਦੀ ਦੀ ਹਾਲੀਆ ਇੰਟਰਵਿਊ ਦਾ ਹਵਾਲਾ ਦਿੰਦਿਆਂ ਚੋਣ ਬਾਂਡ ਦਾ ਮੁੱਦਾ ਉਠਾਇਆ। ਕੋਜ਼ੀਕੋੜ ਦੇ ਕੋਡੀਆਧਥੁਰ ਵਿੱਚ ਰੋਡ ਸ਼ੋਅ ਦੌਰਾਨ ਪਾਰਟੀ ਸਮਰਥਕਾਂ, ਵਰਕਰਾਂ ਤੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਦੋਸ਼ ਲਾਇਆ, ‘‘ਮੋਦੀ ਆਪਣੀ ਇੰਟਰਵਿਊੁ ਵਿੱਚ ਇਸ ਗ੍ਰਹਿ ਦੇ ਸਭ ਤੋਂ ਘੁਟਾਲੇ ਚੋਣ ਬਾਂਡ ਸਕੀਮ ਦਾ ਬਚਾਅ ਕਰ ਰਹੇ ਸਨ, ਜਿਸ ਰਾਹੀਂ ਭਾਜਪਾ ਨੇ ਭਾਰਤੀ ਕਾਰੋਬਾਰੀਆਂ ਤੋਂ ਜਬਰੀ ਹਜ਼ਾਰਾਂ ਕਰੋੜ ਰੁਪਏ ਵਸੂਲੇ ਹਨ।’’