ਸੈਨਹੋਜ਼ੇ ਰੰਗਾਂ ਵਿੱਚ ਰੰਗਿਆ ਗਿਆ

ਸੈਨਹੋਜ਼ੇ ਰੰਗਾਂ ਵਿੱਚ ਰੰਗਿਆ ਗਿਆ

ਹੋਲੀ ਦਾ ਪਵਿੱਤਰ ਤਿਉਹਾਰ ਭਾਰੀ ਸ਼ਰਧਾ ਨਾਲ ਮਨਾਇਆ
ਹੋਲੀ ਸੰਸਾਰ ਭਰ ਦੇ ਲੋਕਾਂ ਨੂੰ ਪਿਆਰ ਅਤੇ ਭਾਈਚਾਰੇ ਦਾ ਸੰਦੇਸ਼ ਵੰਡਦੀ ਹੈ : ਰਾਜ ਭਨੋਟ
ਸੈਨਹੋਜ਼ੇ ਕੈਲੀਫੋਰਨੀਆ, (ਸਾਡੇ ਲੋਕ ਬਿਊਰੋ) : ਡਿਸਕਵਰੀ ਮਿਡੋ ਪਾਰਕ ਸੈਨਹੋਜ਼ੇ ਵਿਖੇ ਰੰਗਾਂ ਦਾ ਤਿਉਹਾਰ ਹੋਲੀ ਭਾਰੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਸ਼ਨਿਚਰਵਾਰ 23 ਮਾਰਚ ਨੂੰ ਭਾਰੀ ਰੌਣਕਾਂ ਲੱਗੀਆਂ। ਸ਼ਨਿਚਰਵਾਰ ਨੂੰ ਸਵੇਰੇ 11.00 ਵਜੇ ਤੋਂ ਸ਼ਾਮ 5.00 ਵਜੇ ਤੱਕ ਹੋਲੀ ਸਮਾਰੋਹ ਵਜੋਂ ਰੰਗ ਅਤੇ ਰਾਸ ’ਚ ਲੋਕ ਰੰਗੇ ਗਏ ਬਾਅਦ ਦੁਪਹਿਰ ਭਾਈਚਾਰੇ ਦੇ ਹੋਰਨਾਂ ਪਤਵੰਤਿਆਂ ਨੇ ਹੋਲੀ ਜਸ਼ਨਾਂ ’ਚ ਸ਼ਾਮਲ ਹੋ ਕੇ ਪ੍ਰੋਗਰਾਮ ਦਾ ਆਨੰਦ ਮਾਣਿਆ। ਇੰਡੀਅਨ ਕਮਿਉਨਿਟੀ ਅਤੇ ਪੰਜਾਬੀ ਭਾਈਚਾਰੇ ਦੇ ਧੜੱਲੇਦਾਰ ਆਗੂ ਸ੍ਰੀ ਰਾਜ ਭਨੋਟ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਜਿੱਥੇ ਸਾਰਿਆਂ ਲਈ ਪ੍ਰੇਮ ਪਿਆਰ ਦਾ ਸੁਨੇਹਾ ਲੈ ਕੇ ਆਉਂਦਾ ਹੈ, ਉਥੇ ਇਹ ਤਿਉਹਾਰ ਸਾਰੇ ਸੰਸਾਰ ਨੂੰ ਹਾਸੇ, ਖੇੜੇ ਅਤੇ ਖੁਸ਼ੀਆਂ ਵੰਡਦਾ ਹੈ, ਜਿਵੇਂ ਰੰਗ ਬਿਰੰਗੇ ਰੰਗਾਂ ਨਾਲ ਖੇਡਦੇ ਸਨ, ਇਕੋ ਜਿਹੇ ਹੋ ਜਾਂਦੇ ਹਨ ਕੌਣ ਕਿਹੜੀ ਸਟੇਟ ਦਾ ਹੈ, ਕਿਹੜੇ ਮਜ਼੍ਹਬ ਦਾ ਹੈ, ਕਿਹੜੇ ਦੇਸ਼ ਦਾ ਕੋਈ ਭੇਦ ਨਹੀਂ ਰਹਿ ਜਾਂਦਾ। ਠੀਕ ਉਸੇ ਤਰ੍ਹਾਂ ਇਹ ਤਿਉਹਾਰ ਜਿੱਥੇ ਭਾਰਤੀ ਭਾਈਚਾਰੇ ਦੀ ਅਨੇਕਤਾ ਵਿਚ ਏਕਤਾ ਦਾ ਸੰਦੇਸ਼ ਦਿੰਦਾ ਹੈ, ਉਥੇ ਪੂਰੇ ਸੰਸਾਰ ਨੂੰ ਇਕ ਪਰਿਵਾਰ ਵਜੋਂ ਇਕੱਠੇ ਹੋਣ ਦਾ ਸੰਦੇਸ਼ ਦਿੰਦਾ ਹੈ। ਉਹਨਾਂ ਇਸ ਮਹਾਨ ਪਵਿੱਤਰ ਤਿਉਹਾਰ ਉਪਰ ਸਮੂਹ ਭਾਈਚਾਰੇ ਨੂੰ ਲੱਖ-ਲੱਖ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਇਕੱਲਾ ਤਿਉਹਾਰ ਹੋਲੀ ਹੀ ਨਹੀਂ ਬਾਕੀ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਵੱਖ ਵੱਖ ਰੰਗਾਂ ’ਚ ਰੰਗੇ ਅਤੇ ਬੇਪਛਾਣ ਹੋ ਚੁੱਕੇ ਲੋਕ ਸਾਰਾ ਦਿਨ ਰੰਗਾਂ ਅਤੇ ਵਧੀਆ ਮੌਸਮ ਦਾ ਲੁਤਫ ਮਾਣਦੇ ਰਹੇ, ਉਥੇ ਮਿੱਤਰ ਦੋਸਤ ਸਭਨਾਂ ਨੂੰ ਵਧਾਈ ਦੇ ਅਤੇ ਵਧਾਈ ਲੈ ਰਹੇ ਸਨ। ‘ਸਾਡੇ ਲੋਕ’ ਅਖਬਾਰ ਨਾਲ ਗੱਲ ਕਰਦਿਆਂ ਵੱਖ ਵੱਖ ਸਟੇਟਾਂ ਤੋਂ ਆਏ ਲੋਕਾਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਆਂਧਰਾ ਪ੍ਰਦੇਸ਼ ਤੋਂ ਆਏ ਇੱਕ ਸੱਜਣ ਨੇ ਕਿਹਾ, ਇੱਥੇ ਤਾਂ ਭਾਰਤ ਤੋਂ ਵੀ ਵੱਧ ਉਤਸ਼ਾਹ ਹੈ। ਇਸ ਨੂੰ ਦੇਖ ਕੇ ਇੱਥੇ ਸੇਵਾ ਕਰਕੇ ਜੋ ਮੈਨੂੰ ਖੁਸ਼ੀ ਮਿਲੀ ਮੈਂ ਉਸਦਾ ਵਰਨਣ ਨਹੀਂ ਕਰ ਸਕਦਾ। ਅਮਰੀਕਾ ਦੀ ਐਪਲ ਕੰਪਨੀ ਵਿਚ ਕੰਮ ਕਰਦੇ ਅਤੇ ਭਾਰਤ ਵਿਚ ਪਾਉਂਟਾ ਸਾਹਿਬ ਦੇ ਰਹਿਣ ਵਾਲੇ ਸਰਦਾਰ ਜੀ ਨੇ ਕਿਹਾ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਮੈਂ ਆਪਣੇ ਸ਼ਹਿਰ ਵਿਚ ਹੋਵਾਂ ਅਤੇ ਆਪਣੇ ਵੱਡੇ ਪਰਿਵਾਰ ਵਿਚ ਹੋਲੀ ਖੇਡ ਰਿਹਾ ਹੋਵਾਂ। ਉਹਨਾਂ ਕਿਹਾ ਕਿ ਮੇਰੀ ਖੁਸ਼ੀ ਦਾ ਕੋਈ ਅੰਤ ਨਹੀਂ ਰਿਹਾ। ਅਮਰੀਕਾ ਵਿੱਚ 22 ਸਾਲ ਤੋਂ ਰਹਿ ਰਹੀ ਸਾਫਟਵੇਅਰ ਇੰਜਨੀਅਰ ਨੇ ਕਿਹਾ ਕਿ ਮੈਂ ਬੰਗਾਲ ਦੀ ਰਹਿਣ ਵਾਲੀ ਹਾਂ, ਉਥੇ ਹੋਲੀ ਸਟੇਟ ਫੈਸਟੀਵਲ ਹੈ ਪਰ ਇਥੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਸਾਰਾ ਭਾਰਤ ਹੋਲੀ ਦੇ ਰੰਗ ਵਿੱਚ ਰੰਗਿਆ ਗਿਆ ਹੋਵੇ। ਭਾਰਤ ਦੇ ਉੱਚ ਕੋਟੀ ਦੇ ਬਿਜ਼ਨਸਮੈਨ ਨੇ ਕਿਹਾ ਇਥੇ ਆਪਣੇ ਲੋਕ ਮਿਲਦੇ ਹਨ। ਆਪਣਿਆਂ ਨਾਲ ਮਿਲਣਾ ਅਤੇ ਆਪਣੇ ਤਿਉਹਾਰ ਮਨਾਉਣੇ ਇਸ ਤੋਂ ਵੱਡੀ ਖੁਸ਼ੀ ਕੋਈ ਨਹੀ ਹੈ। ਉਨ੍ਹਾਂ ਸਭ ਨੂੰ ਵਧਾਈ ਦਿੱਤੀ। ਉਪ੍ਰੰਤ ਸ਼੍ਰੀ ਰਾਜ ਭਨੋਟ ਨੇ ਆਏ ਹੋਏ ਸਮੂਹ ਲੋਕਾਂ ਦਾ ਤਹਿ ਦਿਲ ਤੋਂ ਸ਼ੁਕਰ ਗੁਜਾਰ ਕੀਤਾ। ਅੱਜ ਦਾ ਇਹ ਪਵਿੱਤਰ ਦਿਨ ਵਾਕਿਆ ਹੀ ਚਿਰਾਂ ਤੱਕ ਲੋਕਾਂ ਨੂੰ ਯਾਦ ਰਹੇਗਾ।