ਵੋਟਰ ਦੀ ਹੈਰਾਨੀਜਨਕ ਚੁੱਪ, ਸਿਆਸਤਦਾਨਾਂ ਦੇ ਛੁਟੇ ਪਸੀਨੇ

ਵੋਟਰ ਦੀ ਹੈਰਾਨੀਜਨਕ ਚੁੱਪ, ਸਿਆਸਤਦਾਨਾਂ ਦੇ ਛੁਟੇ ਪਸੀਨੇ

ਲੋਕ ਸਭਾ ਚੋਣਾਂ ਦਾ ਬਿਗਲ ਵੱਜਣ ਦੇ ਬਾਵਜੂਦ ਪੰਜਾਬ ਵਿਚ ਚੋਣ ਸਰਗਰਮੀਆਂ ਨਾ ਹੋਇਆਂ ਬਰਾਬਰ

ਚੰਡੀਗੜ੍ਹ : ਚੋਣ ਜ਼ਾਬਤਾ ਲੱਗਣ ਅਰਥਾਤ ਚੋਣ ਕਮਿਸ਼ਨਰ ਵਲੋਂ ਦੇਸ਼ ਦੀਆਂ ਪਾਰਟੀਮੈਂਟ ਚੋਣਾਂ ਦਾ ਨੋਟੀਫ਼ੀਕੇਸ਼ਨ ਜਾਰੀ ਕਰਨ ਤੋਂ ਬਾਅਦ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਆਮ ਆਦਮੀ ਪਾਰਟੀ ਵਲੋਂ 8, ਭਾਜਪਾ-6, ਅਕਾਲੀ ਦਲ ਮਾਨ-7, ਬਸਪਾ ਵਲੋਂ ਇਕ ਉਮੀਦਵਾਰ ਦਾ ਐਲਾਨ ਕਰ ਦੇਣ ਦੇ ਬਾਵਜੂਦ ਪੰਜਾਬ ਵਿਚ ਚੋਣ ਸਰਗਰਮੀ ਵਾਲਾ ਕੋਈ ਮਾਹੌਲ ਦੇਖਣ ਨੂੰ ਨਹੀਂ ਮਿਲ ਰਿਹਾ। ਅਜੇ ਤਕ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੇ ਅਪਣਾ ਚੋਣ ਦਫ਼ਤਰ ਨਹੀਂ ਖੋਲ੍ਹਿਆ ਅਤੇ ਨਾ ਹੀ ਚੋਣ ਮੁਹਿੰਮ ਸਬੰਧੀ ਕਿਸੇ ਉਮੀਦਵਾਰ ਦੀ ਕੋਈ ਸਰਗਰਮੀ ਦੇਖਣ ਨੂੰ ਮਿਲ ਰਹੀ ਹੈ।
ਸਾਲ 2024 ਦੀਆਂ ਪੰਜਾਬ ਵਿਚ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ, ਪਿੱਛੇ ਹੋ ਕੇ ਹਟੀਆਂ ਚੋਣਾਂ ਨਾਲੋਂ ਵਖਰੀਆਂ, ਨਿਵੇਕਲੀਆਂ ਅਤੇ ਅਜੀਬ ਦਿਖਾਈ ਦੇ ਰਹੀਆਂ ਹਨ ਕਿਉਂਕਿ ਇਸ ਵਾਰ ਨਾ ਤਾਂ ਕਿਸੇ ਪਾਰਟੀ ਦਾ ਠੋਕਵਾਂ ਵਿਰੋਧ ਹੈ ਅਤੇ ਨਾ ਹੀ ਕਿਸੇ ਪਾਰਟੀ ਦੇ ਹੱਕ ਵਿਚ ਲਹਿਰ ਚਲ ਰਹੀ ਹੈ। ਅੱਗੇ ਚੋਣਾਂ ਦੇ ਮੌਸਮ ਦੌਰਾਨ ਆਪੋ ਅਪਣੀ ਪਾਰਟੀ ਜਾਂ ਉਮੀਦਵਾਰ ਨੂੰ ਪਸੰਦ ਕਰਨ ਵਾਲੇ ਲੋਕ ਖ਼ੁਦ ਹੀ ਮੂਹਰੇ ਹੋ ਕੇ ਪੋਸਟਰ/ਬੈਨਰ ਜਾਂ ਝੰਡੀਆਂ ਲਾਉਣ ਨੂੰ ਅਪਣਾ ਫ਼ਰਜ਼ ਸਮਝਦੇ ਸਨ ਅਤੇ ਉਮੀਦਵਾਰ ਦੀ ਚੋਣ ਖ਼ੁਦ ਲਈ ਵੱਕਾਰ ਦਾ ਸਵਾਲ ਬਣਾ ਕੇ ਲੜਦੇ ਸਨ ਪਰ ਇਸ ਵਾਰ ਅਜਿਹਾ ਕੁੱਝ ਦੇਖਣ ਨੂੰ ਨਹੀਂ ਮਿਲ ਰਿਹਾ। ਕੀ ਵੋਟਰਾਂ ਦੀ ਚੋਣਾਂ ਵਿਚ ਕੋਈ ਦਿਲਚਸਪੀ ਨਹੀਂ ਰਹੀ? ਕੀ ਵੱਧ ਰਹੀਆਂ ਦਲ ਬਦਲੀਆਂ ਨੇ ਵੋਟਰਾਂ ਨੂੰ ਨਿਰਾਸ਼ ਕਰ ਦਿਤਾ ਹੈ? ਕੀ ਸਿਆਸਤਦਾਨਾਂ ਦੀ ਵਿਚਾਰਧਾਰਾ, ਸਿਧਾਂਤ, ਦੀਨ ਈਮਾਨ, ਏਜੰਡੇ, ਨੈਤਿਕਤਾ, ਵਫ਼ਾਦਾਰੀ ਆਦਿ ਨੂੰ ਤਿਲਾਂਜਲੀ ਦੇਣ ਦੀਆਂ ਨੀਤੀਆਂ ਤੋਂ ਵੋਟਰ ਨਰਾਜ਼ ਹੈ?
ਲੋਕ ਸਭਾ ਚੋਣਾਂ ਦੀ ਸਰਗਰਮੀ ਦੇ ਦੂਜੇ ਪੱਖ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਦੂਜੀਆਂ ਪਾਰਟੀਆਂ ਤੋਂ ਕਿਸੇ ਆਗੂ ਨੂੰ ਪੱਟ ਕੇ ਲਿਆਉਣ, ਅਪਣੀ ਪਾਰਟੀ ਦੇ ਆਗੂ ਨੂੰ ਬਚਾਅ ਕੇ ਰੱਖਣ, ਦੂਜੀ ਪਾਰਟੀ ਵਿਚੋਂ ਆ ਰਹੇ ਆਗੂ ਪ੍ਰਤੀ ਸਿਫ਼ਤਾਂ ਦੇ ਪੁਲ ਬੰਨ੍ਹਣ ਅਤੇ ਅਪਣੀ ਪਾਰਟੀ ’ਚੋਂ ਜਾ ਰਹੇ ਆਗੂ ਸਬੰਧੀ ਬਦਖੋਹੀਆਂ ਕਰਨ ਦੀ ਸਰਗਰਮੀ ਲਗਾਤਾਰ ਜਾਰੀ ਹੈ। ਅਜੇ ਸਾਰੇ ਪਾਰਟੀਆਂ ਦੇ ਮੂਹਰਲੀ ਕਤਾਰ ਦੇ ਆਗੂਆਂ ਦੀਆਂ ਉਕਤ ਚੋਣ ਸਰਗਰਮੀਆਂ ਆਪੋ-ਅਪਣੇ ਤਕ ਸੀਮਿਤ ਹਨ ਕਿਉਂਕਿ ਲੋਕ ਆਪੋ-ਅਪਣੇ ਕੰਮਾਂ-ਕਾਰਾਂ ’ਚ ਮਸਤ ਹਨ, ਆਮ ਲੋਕ ਸਿਆਸੀ ਸਰਗਰਮੀਆਂ ’ਤੇ ਨਜ਼ਰ ਤਾਂ ਰੱਖ ਰਹੇ ਹਨ ਪਰ ਐਲਾਨੇ ਜਾ ਚੁੱਕੇ ਉਮੀਦਵਾਰਾਂ ਜਾਂ ਸੰਭਾਵੀ ਉਮੀਦਵਾਰਾਂ ਨੂੰ ਅਜੇ ਪੱਲਾ ਨਹੀਂ ਫੜਾ ਰਹੇ।
ਪੰਜਾਬ ਦੇ 13 ਲੋਕ ਸਭਾ ਹਲਕਿਆਂ ਦਾ ਜੇਕਰ ਵਿਸ਼ਲੇਸ਼ਣ ਕਰਨਾ ਹੋਵੇ ਤਾਂ 16 ਤੋਂ 18 ਲੱਖ ਤਕ ਇਕ ਹਲਕੇ ਵਿਚ ਵੋਟਰ ਹੋਣ ਦੇ ਬਾਵਜੂਦ ਵੀ ਕੋਈ ਬਹੁਤੀ ਸਰਗਰਮੀ ਦੇਖਣ ਨੂੰ ਨਹੀਂ ਮਿਲ ਰਹੀ, ਵੋਟਰ ਚੁੱਪ ਹੈ ਅਤੇ ਵੋਟਰ ਦੀ ਹੈਰਾਨੀਜਨਕ ਚੁੱਪੀ ਸਿਆਸੀ ਆਗੂਆਂ ਨੂੰ ਪਸੀਨੋ-ਪਸੀਨ ਕਰ ਰਹੀ ਹੈ। ਪਿਛਲੀਆਂ ਚੋਣਾਂ ਦੌਰਾਨ ਹੋਣ ਵਾਲੀਆਂ ਰੈਲੀਆਂ ਜਾਂ ਰੋਡ ਸ਼ੋਅ ਮੌਕੇ ਲੋਕ ਆਪ-ਮੁਹਾਰੇ ਹੀ ਆਪੋ-ਅਪਣੇ ਵਾਹਨ ਲੈ ਕੇ ਤੁਰ ਪੈਂਦੇ ਸਨ। ਸਿਆਸਤਦਾਨਾਂ ਦੀਆਂ ਬਸਾਂ ਅਤੇ ਹੋਰ ਵਾਹਨ ਮਿੰਟੋ ਮਿੰਟੀ ਭਰ ਜਾਂਦੇ ਸਨ ਪਰ ਇਸ ਵਾਰ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਆਪੋ-ਅਪਣੀ ਰੈਲੀ ਜਾਂ ਰੋਡ ਸ਼ੋਅ ਨੂੰ ਕਾਮਯਾਬ ਕਰਨ ਲਈ ਵੋਟਰ ਬਾਦਸ਼ਾਹ ਦੇ ਮਿੰਨਤਾਂ ਤਰਲੇ ਕਰਨੇ ਪੈ ਰਹੇ ਹਨ।
ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਬਾਅਦ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਥੋਕ ਵਿਚ ਦਲ ਬਦਲੀ ਦੀਆਂ ਖ਼ਬਰਾਂ ਜਦੋਂ ਮੀਡੀਏ ਦੀਆਂ ਸੁਰਖੀਆਂ ਬਣਨੀਆਂ ਸ਼ੁਰੂ ਹੋਈਆਂ ਤਾਂ ਵੋਟਰ ਦਾ ਨਿਰਾਸ਼ ਹੋਣਾ ਸੁਭਾਵਕ ਸੀ ਕਿਉਂਕਿ ਜਲੰਧਰ ਲੋਕ ਸਭਾ ਹਲਕੇ ਤੋਂ ਸੁਸ਼ੀਲ ਰਿੰਕੂ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜੀ, ਹੁਣ ਮੌਜੂਦਾ ਐਮ.ਪੀ. ਅਤੇ ਆਮ ਆਦਮੀ ਪਾਰਟੀ ਵਲੋਂ ਟਿਕਟ ਮਿਲਣ ਦੇ ਬਾਵਜੂਦ ਭਾਜਪਾ ਵਿਚ ਸ਼ਾਮਲ ਹੋਣ ਸਮੇਤ ਮਹਾਰਾਣੀ ਪ੍ਰਨੀਤ ਕੌਰ, ਰਵਨੀਤ ਸਿੰਘ ਬਿੱਟੂ, ਰਾਜ ਕੁਮਾਰ ਚੱਬੇਵਾਲ, ਸ਼ੀਤਲ ਅੰਗੂਰਾਲ, ਜੀ.ਪੀ. ਸਿੰਘ ਆਦਿ ਦੀਆਂ ਜੇਕਰ ਉਦਾਹਰਣਾਂ ਦੇਣੀਆਂ ਹੋਣ ਤਾਂ ਕਿਸੇ ਵੀ ਆਗੂ ਨੇ ਇਕੱਠ ਕਰ ਕੇ ਆਪੋ-ਅਪਣੇ ਸਮਰਥਕ ਦੀ ਰਾਇ ਲੈਣ ਦੀ ਜ਼ਰੂਰਤ ਹੀ ਨਹੀਂ ਸਮਝੀ। ਕਿਸੇ ਆਗੂ ਨੇ ਅਪਣੇ ਸਮਰਥਕ ਨੂੰ ਪਾਰਟੀ ਬਦਲਣ ਬਾਰੇ ਨਾ ਤਾਂ ਵਿਸ਼ਵਾਸ ਲਿਆ ਅਤੇ ਨਾ ਹੀ ਪਾਰਟੀ ਬਦਲਣ ਦਾ ਕੋਈ ਠੋਸ ਕਾਰਨ ਦਸਿਆ। ਕਿਸੇ ਵੀ ਉਮੀਦਵਾਰ ਦਾ ਅੱਖਾਂ ਬੰਦ ਕਰ ਕੇ ਸਮਰਥਨ ਕਰਨ ਵਾਲਾ ਸਮਾਂ ਹੁਣ ਤਬਦੀਲ ਹੋ ਚੁੱਕਾ ਹੈ ਕਿਉਂਕਿ ਵੋਟਰ ਨੂੰ ਐਨੀ ਕੁ ਸਮਝ ਆ ਚੁੱਕੀ ਹੈ ਕਿ ਦਲ ਬਦਲੀ ਕਰਨ ਵਾਲੇ ਸਿਆਸਤਦਾਨਾਂ ਦੀ ਨਾ ਕੋਈ ਵਿਚਾਰਧਾਰਾ, ਨਾ ਕੋਈ ਸਿਧਾਂਤ, ਨਾ ਦੀਨ ਈਮਾਨ, ਨਾ ਕੋਈ ਏਜੰਡਾ ਅਤੇ ਨਾ ਹੀ ਕੋਈ ਵਫ਼ਾਦਾਰੀ ਹੁੰਦੀ ਹੈ। ਸਿਆਸਤਦਾਨਾ ਲਈ ਸਿਰਫ਼ ਕੁਰਸੀ ਹਥਿਆਉਣੀ ਹੀ ਮੁੱਖ ਮੁੱਦਾ ਹੁੰਦਾ ਹੈ। ਪੰਜਾਬ ਨੂੰ ਬਚਾਉਣ, ਨੌਜਵਾਨਾਂ ਲਈ ਰੁਜ਼ਗਾਰ, ਪਿੰਡਾਂ-ਸ਼ਹਿਰਾਂ ਅਤੇ ਕਸਬਿਆਂ ਦੇ ਵਿਕਾਸ, ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਜਾਂ ਮਹਿੰਗਾਈ ’ਤੇ ਕਾਬੂ ਪਾਉਣ ਬਾਰੇ ਕੋਈ ਸਿਆਸਤਦਾਨ ਨਹੀਂ ਬੋਲਦਾ ਜਿਸ ਕਰ ਕੇ ਵੋਟਰ ਨੇ ਇਸ ਵਾਰ ਖ਼ੁਦ ਨੂੰ ਚੁੱਪ ਰਹਿ ਕੇ ਅਪਣੇ ਕੰਮ ਵਿਚ ਮਸਤ ਰਹਿਣ ਨੂੰ ਤਰਜੀਹ ਦਿਤੀ ਹੈ।