ਮੌਜੂਦਾ ਮੈਂਬਰ ਪਾਰਲੀਮੈਂਟ ਅਤੇ ਐਮ.ਐਲ.ਏ. ਭਾਜਪਾ ’ਚ ਸ਼ਾਮਲ

ਮੌਜੂਦਾ ਮੈਂਬਰ ਪਾਰਲੀਮੈਂਟ ਅਤੇ ਐਮ.ਐਲ.ਏ. ਭਾਜਪਾ ’ਚ ਸ਼ਾਮਲ

ਆਉਣ ਵਾਲੇ ਸਮੇਂ ’ਚ ਵੱਡੀ ਤਬਦੀਲੀ ਦੀ ਸੰਭਾਵਨਾ

ਨਵੀਂ ਦਿੱਲੀ : ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਭਾਜਪਾ ਹੈੱਡਕੁਆਰਟਰ ਵਿਖੇ ਪਾਰਟੀ ’ਚ ਸ਼ਾਮਲ ਹੋ ਗਏ। ਬਿੱਟੂ ਭਾਜਪਾ ਜਨਰਲ ਸਕੱਤਰ ਵਿਨੋਦ ਤਾਵੜੇ ਦੀ ਮੌਜ਼ੂਦਗੀ ਵਿਚ ਪਾਰਟੀ ’ਚ ਸ਼ਾਮਿਲ ਹੋਏ। ਹਾਲਾਂਕਿ ਪੰਜਾਬ ਪ੍ਰਦੇਸ਼ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਨਾ ਹੀ ਕੋਈ ਹੋਰ ਸੂਬਾਈ ਨੇਤਾ ਬਿੱਟੂ ਦੀ ਸ਼ਮੂਲੀਅਤ ਸਮੇਂ ਨਾਲ ਮੌਜੂਦ ਸੀ। ਕਾਂਗਰਸ ਹਲਕਿਆਂ ਮੁਤਾਬਿਕ ਬਿੱਟੂ ਪਿਛਲੇ ਤਕਰੀਬਨ ਇਕ ਮਹੀਨੇ ਤੋਂ ਭਾਜਪਾ ਆਗੂਆਂ ਨਾਲ ਸੰਪਰਕ ’ਚ ਸਨ। ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਬਿੱਟੂ ਦੀ ਆਪਣੀ ਲੋਕ ਸਭਾ ਹਲਕੇ ’ਚ ਘੱਟ ਮੌਜੂਦਗੀ ਨੂੰ ਲੈ ਕੇ ਕਾਂਗਰਸ ਦੇ ਸੂਬਾਈ ਨੇਤਾਵਾਂ ’ਚ ਕਾਫ਼ੀ ਨਾਰਾਜ਼ਗੀ ਮੰਨੀ ਜਾ ਰਹੀ ਸੀ। ਹਲਕਿਆਂ ਮੁਤਾਬਿਕ ਬਿੱਟੂ ਨੂੰ ਕਾਂਗਰਸ ਵਲੋਂ ਟਿਕਟ ਮਿਲਣ ਨੂੰ ਲੈ ਕੇ ਵੀ ਸ਼ੰਕਾ ਪ੍ਰਗਟਾਈ ਜਾ ਰਹੀ ਸੀ। ਇਸ ਦੌਰਾਨ ਭਾਜਪਾ ਅਤੇ ਵਿਸ਼ੇਸ਼ ਤੌਰ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਲਗਾਤਾਰ ਸੰਪਰਕ ਕਾਰਨ ਬਿੱਟੂ ਪਾਰਟੀ ’ਚ ਸ਼ਾਮਿਲ ਹੋ ਗਏ। ਬਿੱਟੂ ਦੀ ਸ਼ਮੂਲੀਅਤ ਤੋਂ ਬਾਅਦ ਇਹ ਕਿਆਸ ਲਾਏ ਜਾ ਰਹੇ ਹਨ ਕਿ ਉਹ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਪ੍ਰਦੇਸ਼ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਮੰਗਲਵਾਰ ਸਵੇਰੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਭਾਜਪਾ ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ਇਕੱਲੇ ਚੋਣ ਲੜੇਗੀ। ਬਿੱਟੂ ਨੇ ਭਾਜਪਾ ’ਚ ਸ਼ਾਮਲ ਹੋਣ ਸਮੇਂ ਦਿੱਤੇ ਬਿਆਨ ’ਚ ਨਾ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਨੇੜਲੇ ਸੰਬੰਧਾਂ ਦਾ ਜ਼ਿਕਰ ਕੀਤਾ, ਸਗੋਂ ਜਾਖੜ, ਕੈਪਟਨ ਅਮਰਿੰਦਰ ਸਿੰਘ ਦਾ ਵੀ ਉਚੇਚੇ ਤੌਰ ’ਤੇ ਨਾਂਅ ਲਿਆ ਅਤੇ ਸੀਨੀਅਰ ਭਾਜਪਾ ਨੇਤਾ ਮਦਨ ਮੋਹਨ ਮਾਲਵੀਆ ਅਤੇ ਲਕਸ਼ਮੀ ਕਾਂਤਾ ਚਾਵਲਾ ਦਾ ਨਾਂਅ ਲੈਦਿਆਂ ਕਿਹਾ ਕਿ ਭਾਜਪਾ ਅਤੇ ਆਰ.ਐਸ.ਐਸ. ਨੇ ਪੰਜਾਬ ’ਚ ਅੱਤਵਾਦ ਦੇ ਦੌਰ ਦੇ ਸਮੇਂ ਮਿਲ ਕੇ ਮਾਹੌਲ ਨੂੰ ਸ਼ਾਂਤ ਕੀਤਾ। ਬਿੱਟੂ ਨੇ ਆਪਣੇ ਭਾਸ਼ਨ ’ਚ ਕਿਸਾਨਾਂ ਬਾਰੇ ਟਿੱਪਣੀ ਕਰਦਿਆਂ ਇਹ ਵੀ ਕਿਹਾ ਕਿ ਅਜਿਹਾ ਨਹੀਂ ਹੈ ਕਿ ਭਾਜਪਾ ਨੂੰ ਕਿਸਾਨਾਂ ਨਾਲ ਪਿਆਰ ਨਹੀਂ ਹੈ। ਨਾਲ ਹੀ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਗੁੰਮਰਾਹ ਕੀਤਾ ਜਿਸ ਕਾਰਨ ਭਾਜਪਾ ਇਹ ਬਿੱਲ ਲਿਆਈ। ਲੁਧਿਆਣਾ ਤੋਂ ਸੰਸਦ ਮੈਂਬਰ ਨੇ ਪੰਜਾਬ ਨੂੰ ਵਿਕਾਸ ਤੋਂ ਪਛੜਿਆ ਦੱਸਦਿਆਂ ਕਿਹਾ ਕਿ ਉਹ ਪੁਲ ਬਣ ਕੇ ਕੰਮ ਕਰਨਗੇ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਅਸੀਂ ਸਾਰੇ ਮਿਲ ਕੇ ਕੰਮ ਕਰੀਏ। ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾਵਾਂ ’ਚ ਸ਼ਾਮਿਲ ਰਹੇ ਅਤੇ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਰਹੇ ਰਵਨੀਤ ਸਿੰਘ ਬਿੱਟੂ ਤਿੰਨ ਵਾਰ ਲੋਕ ਸਭਾ ਚੋਣਾਂ ਜਿੱਤੇ ਹਨ। 2009 ਵਿਚ ਉਹ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤੇ ਸਨ। ਜਿਸ ਦੇ ਬਾਅਦ ਉਹ 2014 ਅਤੇ 2019 ਵਿਚ ਲੁਧਿਆਣਾ ਤੋਂ ਲੋਕ ਸਭਾ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ।