ਆਨੰਦਪੁਰ ਸਾਹਿਬ ਵਿਖੇ ਖ਼ਾਲਸਾਈ ਸ਼ਾਨ ਦਾ ਪ੍ਰਤੀਕ ਹੋਲਾ ਮਹੱਲਾ ਸਜਾਇਆ ਗਿਆ

ਆਨੰਦਪੁਰ ਸਾਹਿਬ ਵਿਖੇ ਖ਼ਾਲਸਾਈ ਸ਼ਾਨ ਦਾ ਪ੍ਰਤੀਕ ਹੋਲਾ ਮਹੱਲਾ ਸਜਾਇਆ ਗਿਆ

ਸੰਗਤਾਂ ਨੇ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਨਾਲ ਕੀਤਾ ਸੁਆਗਤ

ਸ੍ਰੀ ਅਨੰਦਪੁਰ ਸਾਹਿਬ : ਹੋਲੇ-ਮਹੱਲੇ ਦੀ ਸੰਪੂਰਨਤਾ ਮੌਕੇ ਗੁਰੂ ਕੀਆਂ ਲਾਡਲੀਆਂ ਖ਼ਾਲਸਾਈ ਨਿਹੰਗ ਸਿੰਘ ਦਲ ਪੰਥ ਫ਼ੌਜਾਂ ਵਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ’ਚ ਇਤਿਹਾਸਕ ਅਸਥਾਨ ਗੁਰਦੁਆਰਾ ਸ਼ਹੀਦੀ ਬਾਗ ਤੋਂ ਪੁਰਾਤਨ ਰਵਾਇਤ ਮੁਤਾਬਿਕ ਮਹੱਲਾ ਸਜਾਇਆ ਗਿਆ। ਇਸ ਤੋਂ ਪਹਿਲਾਂ ਸਾਰੀਆਂ ਨਿਹੰਗ ਸਿੰਘ ਦਲ ਪੰਥਾਂ ਦੀਆਂ ਛਾਉਣੀਆਂ ਵਿਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਦਸਮ ਗ੍ਰੰਥ ਅਤੇ ਸਰਬਲੋਹ ਗ੍ਰੰਥਾਂ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਗੁਰਬਾਣੀ ਦੇ ਮਨੋਹਰ ਕੀਰਤਨ ਹੋਏ। ਉਪਰੰਤ ਛਾਉਣੀ ਬੁੱਢਾ ਦਲ ਗੁਰੂ ਕੇ ਬਾਗ ਤੋਂ ਮਹੱਲੇ ਦੀ ਅਰੰਭਤਾ ਹੋਈ। ਜਿਸ ’ਚ ਜਥੇਦਾਰ ਬਾਬਾ ਬਲਬੀਰ ਸਿੰਘ ਦੇ ਨਾਲ ਬਾਬਾ ਜੋਗਾ ਸਿੰਘ ਬਾਬਾ ਬਕਾਲਾ, ਬਾਬਾ ਅਵਤਾਰ ਸਿੰਘ ਤਰਨਾ ਦਲ ਸੰਪਰਦਾ ਬਾਬਾ ਬਿਧੀ ਚੰਦ ਸੁਰਸਿੰਘ, ਬਾਬਾ ਮੇਜਰ ਸਿੰਘ ਦਸਮੇਸ਼ ਤਰਨਾ ਦਲ, ਜਥੇ ਬਾਬਾ ਨਾਗਰ ਸਿੰਘ, ਜਥੇ ਬਾਬਾ ਬਲਦੇਵ ਸਿੰਘ ਵੱਲਾ, ਜਥੇ: ਬਾਬਾ ਵੱਸਣ ਸਿੰਘ ਮੜੀਆਂ ਵਾਲੇ, ਜਥੇ: ਬਾਬਾ ਬਲਵਿੰਦਰ ਸਿੰਘ ਮਹਿਤਾ ਚੌਕ, ਜਥੇ: ਬਾਬਾ ਲਾਲ ਸਿੰਘ, ਜਥੇ: ਬਾਬਾ ਛਿੰਦਾ ਸਿੰਘ ਭਿੱਖੀਵਿੰਡ, ਜਥੇ: ਬਾਬਾ ਜੋਗਾ ਸਿੰਘ ਕਰਨਾਲ ਵਾਲੇ ਆਦਿ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿਚ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘ ਆਪਣੇ-ਆਪਣੇ ਦਲਾਂ ਬਲਾਂ ਸਮੇਤ ਸ਼ਾਮਿਲ ਹੋਏ। ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤੋਂ ਅਰੰਭ ਹੋ ਕੇ ਨਵੀਂ ਆਬਾਦੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਵੇਰਕਾ ਚੌਕ, ਬੱਸ ਅੱਡਾ ਹੋ ਕੇ ਇਤਿਹਾਸਕ ਅਸਥਾਨ ਗੁਰਦੁਆਰਾ ਮਾਤਾ ਜੀਤਾਂ ਜੀ ਸਾਹਿਬ ਵਿਖੇ ਨਤਮਸਤਕ ਹੋ ਕੇ ਪੁਰਾਤਨ ਚਰਨ ਗੰਗਾ ਸਟੇਡੀਅਮ ਵਿਖੇ ਪੁੱਜਾ। ਨਿਹੰਗ ਸਿੰਘਾਂ ਦੇ ਮੁਖੀ ਸਿੱਖ ਰਵਾਇਤੀ ਬਾਣਿਆਂ, ਸ਼ਸਤਰਾਂ, ਘੋੜਿਆਂ, ਹਾਥੀਆਂ, ’ਤੇ ਸਵਾਰ ਹੋ ਕੇ ਚਰਨ ਗੰਗਾ ਸਟੇਡੀਅਮ ਵਿਖੇ ਪਹੁੰਚੇ। ਜਿਥੇ ਨਿਹੰਗ ਸਿੰਘਾਂ ਨੇ ਸੰਗਤਾਂ ਦੇ ਲਾ-ਮਿਸਾਲ ਇਕੱਠ ਨੂੰ ਘੋੜ ਸਵਾਰੀ, ਨੇਜ਼ੇਬਾਜ਼ੀ, ਗਤਕੇਬਾਜ਼ੀ ਆਦਿ ਦਾ ਜੰਗਜੂ ਜੌਹਰ ਦਿਖਾਏ। ਬੈਂਡ ਵਾਜਿਆਂ ਦੀਆਂ ਸੁੰਦਰ ਧੁਨਾਂ, ਢੋਲ ਨਗਾਰਿਆਂ ਦੀਆਂ ਚੋਟਾਂ ਤੇ ਨਰਸਿੰਙੇ ਵਜਾਉਂਦੇ ਨਿਹੰਗ ਸਿੰਘਾਂ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ’ਚ ਲੋਕ ਹਾਜ਼ਰ ਹੋਏ। ਉਪਰੰਤ ਘੋੜ ਦੌੜਾਂ ’ਚ ਨਿਹੰਗ ਸਿੰਘ ਇਕ ਤੋਂ ਦੋ, ਦੋ ਤੋਂ ਚਾਰ ਅਤੇ ਚਾਰ ਤੋਂ ਛੇ, ਛੇ ਘੋੜਿਆਂ ’ਤੇ ਖਲੋ ਕੇ ਘੋੜਿਆਂ ਨੂੰ ਦੌੜਾਇਆ ਅਤੇ ਵੱਧ ਤੋਂ ਵੱਧ ਕਿੱਲੇ ਪੁੱਟ ਕੇ ਇਨਾਮ ਪ੍ਰਾਪਤ ਕੀਤੇ। ਇਸ ਮੌਕੇ ਬਾਬਾ ਬਲਬੀਰ ਸਿੰਘ ਅਕਾਲੀ ਨੇ ਹੋਲੇ ਮਹੱਲੇ ਦੀ ਵਧਾਈ ਦਿੰਦਿਆਂ ਸਮੁੱਚੇ ਦਲਾਂ ਦੇ ਮੁਖੀਆਂ ਦਾ ਵਿਸ਼ੇਸ਼ ਤੌਰ ’ਤੇ ਅਤੇ ਮਹੱਲੇ ਵਿਚ ਸ਼ਾਮਿਲ ਹੋਣ ਲਈ ਦੂਰੋਂ ਨੇੜਿਓਾ ਪਹੁੰਚੀਆਂ ਸਮੁੱਚੀਆਂ ਨਿਹੰਗ ਸਿੰਘਾਂ ਫ਼ੌਜਾਂ ਦਾ ਧੰਨਵਾਦ ਕੀਤਾ। ਇਸ ਸਮੇਂ ਉਕਤ ਤੋਂ ਇਲਾਵਾ ਬਾਬਾ ਤਾਰਾ ਸਿੰਘ ਝਾੜ ਸਾਹਿਬ ਵਾਲੇ, ਬਾਬਾ ਰਘੁਬੀਰ ਸਿੰਘ ਖਿਆਲੇ ਵਾਲੇ, ਬਾਬਾ ਅਰਜਨ ਸਿੰਘ ਪਟਿਆਲੇ ਵਾਲੇ, ਬਾਬਾ ਮਾਨ ਸਿੰਘ ਗੁਰੂ ਨਾਨਕ ਦਲ ਮੜੀਆਂ ਵਾਲਾ ਬਟਾਲਾ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਇੰਦਰ ਸਿੰਘ, ਬਾਬਾ ਮੱਘਰ ਸਿੰਘ, ਬਾਬਾ ਸੁਖਵਿੰਦਰ ਸਿੰਘ ਮੌਰ, ਬਾਬਾ ਸਰਵਣ ਸਿੰਘ ਮਝੈਲ ਰਾਜਪੁਰਾ, ਬਾਬਾ ਵਿਸ਼ਵਪ੍ਰਤਾਪ ਸਿੰਘ ਸਮਾਣਾ, ਬਾਬਾ ਰਣਜੋਧ ਸਿੰਘ, ਬਾਬਾ ਪਿਆਰਾ ਸਿੰਘ, ਬਾਬਾ ਬਲਦੇਵ ਸਿੰਘ ਢੋਡੀ ਵਿੰਡ, ਬਾਬਾ ਮੇਜਰ ਸਿੰਘ ਦਸਮੇਸ਼ ਤਰਨਾ ਦਲ ਲੁਧਿਆਣਾ, ਬਾਬਾ ਬਲਦੇਵ ਸਿੰਘ ਵੱਲਾ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਖੜਕ ਸਿੰਘ, ਬਾਬਾ ਚਰਨ ਸਿੰਘ ਫ਼ਤਿਹਗੜ੍ਹ ਸਾਹਿਬ ਆਦਿ ਹਾਜ਼ਰ ਸਨ।