ਪੁਲਿਸ ਅਫ਼ਸਰ ਨੂੰ ‘ਖਾਲਿਸਤਾਨੀ’ ਆਖਣ ’ਤੇ ਵਿਵਾਦ ਭਖ਼ਿਆ

ਪੁਲਿਸ ਅਫ਼ਸਰ ਨੂੰ ‘ਖਾਲਿਸਤਾਨੀ’ ਆਖਣ ’ਤੇ ਵਿਵਾਦ ਭਖ਼ਿਆ

ਸਿੱਖ ਭਾਈਚਾਰੇ ਵੱਲੋਂ ਰੋਸ ਮੁਜ਼ਾਹਰਾ
ਕੋਲਕਾਤਾ : ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਵੱਲੋਂ ਐੱਸਐੱਸਪੀ ਇੰਟੈਲੀਜੈਂਸ ਬਰਾਂਚ ਜਸਪ੍ਰੀਤ ਸਿੰਘ ਨੂੰ ‘ਖਾਲਿਸਤਾਨੀ’ ਆਖਣ ’ਤੇ ਵਿਵਾਦ ਭਖ ਗਿਆ ਹੈ। ਐਕਸ ’ਤੇ ਪੋਸਟ ’ਚ ਪੱਛਮੀ ਬੰਗਾਲ ਪੁਲਿਸ ਨੇ ਗੁੱਸਾ ਜ਼ਾਹਿਰ ਕੀਤਾ ਅਤੇ ਇਸ ਨੂੰ ਮੰਦਭਾਵਨਾ, ਨਸਲੀ, ਫਿਰਕੂ ਉਕਸਾਹਟ ਪੈਦਾ ਕਰਨ ਵਾਲੀ ਤੇ ਅਪਰਾਧਕ ਕਾਰਵਾਈ ਕਰਾਰ ਦਿੱਤਾ ਹੈ। ਹਾਲਾਂਕਿ ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਏਡੀਜੀ (ਦੱਖਣੀ ਬੰਗਾਲ) ਸੁਪਰਾਤਿਮ ਸਰਕਾਰ ਮੁਤਾਬਕ ਇਹ ਘਟਨਾ ਉਦੋਂ ਵਾਪਰੀ ਜਦੋਂ ਪੁਲਿਸ ਵੱਲੋਂ ਧਰਮਕਾਲੀ ’ਚ ਧਾਰਾ 144 ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਅਧਿਕਾਰੀ ਨਾਲ ਤਕਰਾਰ ਦੌਰਾਨ ਸੁਵੇਂਦੂ ਨੇ ਅਫਸਰ ਨੂੰ ‘ਖਾਲਿਸਤਾਨੀ’ ਆਖਿਆ।
ਸਿੱਖ ਭਾਈਚਾਰੇ ਦੇ ਲਗਪਗ 200 ਵਿਅਕਤੀਆਂ ਨੇ ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਵੱਲੋਂ ਇੱਕ ਸਿੱਖ ਪੁਲੀਸ ਅਧਿਕਾਰੀ ਨੂੰ ਕਥਿਤ ‘ਖਾਲਿਸਤਾਨੀ’ ਆਖੇ ਜਾਣ ਖ਼ਿਲਾਫ਼ ਸ਼ਹਿਰ ’ਚ ਭਾਜਪਾ ਦਫਤਰ ਸਾਹਮਣੇ ਰੋਸ ਮੁਜ਼ਾਹਰਾ ਕਰਦਿਆਂ ਆਈਪੀਐੱਸ ਅਧਿਕਾਰੀ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ ਹੈ। ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, ‘‘ਭਾਜਪਾ ਦੇ ਕੁਝ ਨੇਤਾ ਆਪਣੀਆਂ ਫਸਲਾਂ ਲਈ ਚੰਗੇ ਭਾਅ ਦੀ ਮੰਗ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਖਾਲਿਸਤਾਨੀ ਆਖ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਬਾਅਦ ਯੂ.ਪੀ. ਵਿਚ ਹੋਣਹਾਰ ਇਕ ਆਈ.ਏ.ਐਸ. ਅਫ਼ਸਰ ਨਾਲ ਵੀ ਇਸੇ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ। ਜਿਸ ਦਾ ਪੂਰੀ ਕਮਿਊਨਿਟੀ ਨੇ ਭਾਰੀ ਵਿਰੋਧ ਕੀਤਾ। ਇਸ ਤਰ੍ਹਾਂ ਦੀਆਂ ਘਟਨਾਵਾਂ ਪੂਰੇ ਭਾਰਤ ਵਿਚ ਵਧ ਰਹੀਆਂ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ।