ਅੱਖੀਂ ਦੇਖੇ ‘ਕੰਨਿਆਂ ਦਾਨ’ ਦੀ ਕਹਾਣੀ!

ਅੱਖੀਂ ਦੇਖੇ ‘ਕੰਨਿਆਂ ਦਾਨ’ ਦੀ ਕਹਾਣੀ!

ਕਈ ਦਹਾਕੇ ਪਹਿਲਾਂ ਦੀ ਗੱਲ ਹੈ ਇੱਕ ਦੋਸਤ ਦੀ ਬਰਾਤੇ ਗਏ ਹੋਏ ਨੇ ਮੈਂ ਦੋ ਮੀਰਜ਼ਾਦੇ ‘ਨਕਲਾਂ’ ਕਰਦੇ ਸੁਣੇ ਸੀ-
‘ਉਏ ਭੰਡਾ, ਅੱਜ ਮੈਂ ਸਾਝਰੇ ਈ ਉੱਠਿਆ… ਛਾਹ ਵੇਲੇ ਦੀ ਰੋਟੀ ਖਾਧੀ…ਇਸ਼ਨਾਨ ਕਰਿਆ ਤੇ ਦਾਤਣ ਚੁੱਕੀ…!
ਦੂਜਾ ਨਕਲੀਆ-‘ਹਲਾ!’
ਦਾਤਣ ਕਰਦਾ ਕਰਦਾ ਮੈਂ ਜੰਗਲ ਪਾਣੀ ਗਿਆ…। ਆ ਕੇ ਚਾਹ ਪੀਤੀ ਤੇ ਫੇਰ ਦਰ੍ਹੜਕਾ ਛਕਿਆ!’
ਹੁਣ ਵਿਆਹਾਂ ਦੇ ਸੀਜ਼ਨ (ਜਨਵਰੀ ਤੋਂ ਮਾਰਚ 2024)ਵਿੱਚ ਮੈਂ ਅਮਰੀਕਾ ਤੋਂ ਪੰਜਾਬ ਆਇਆ ਹੋਇਆ ਨਕਲੀਆਂ ਦੀ ਉਪਰੋਕਤ ‘ਪੁੱਠੀ ਤਰਤੀਬ’ ਅਨੁਸਾਰ ਕਈ ਵਿਆਹ ਹੁੰਦੇ ਦੇਖ ਰਿਹਾ ਹਾਂ-
‘ਕੁੜੀ ਵਾਲਿਆਂ ਦੇ ਘਰ ਮੋਹਰੇ ਗਿਆਰਾਂ ਕੁ ਵਜੇ ਬਰਾਤ ਦੀਆਂ ਦੋ ਕਾਰਾਂ ਆਈਆਂ। ਵਿਅਹਾਂਦੜ ਮੁੰਡੇ ਦੇ ਨਾਲ ਆਏ ਛੇ ਸੱਤ ਕੁ ਬਰਾਤੀ ਸਿੱਧੇ ਗੁਰਦੁਆਰੇ ਭੇਜ ਦਿੱਤੇ…। ਉੱਥੇ ਅਨੰਦ ਕਾਰਜ ਹੋਇਆ! ਲਾੜਾ ਤੇ ਲਾੜੀ ਇੱਥੋਂ ਗਏ ਕੁੜੀ ਦੇ ਘਰੇ, ‘ਫੇਰਾ ਪਾਉਣ’ ਦੀ ਰਸਮ ਕਰਕੇ ‘ਡੋਲੀ’ ਤੋਰੀ ਮੈਰਿਜ ਪੈਲਿਸ ਨੂੰ ! ਉੱਥੇ ਜਾ ਕੇ ਹੋਈ ‘ਮਿਲਣੀ’ ਦੀ ਰਸਮ, ਮਗਰੋਂ ਚਾਹ ਪਕੌੜੇ! ਫਿਰ ਕੰਨ ਪਾੜਵੇਂ ਰਾਮ-ਰੌਲੇ ਵਿੱਚ ਨਾਚ-ਨਚੱਈਆ, ਟੱਪ-ਟਪੱਈਆ ਅਤੇ ‘ਰੰਗ-ਬਰੰਗਾ’ ਖਾਣ ਪੀਣ ਚੱਲਿਆ!!’
ਹੁਣ ਸੁਣੋ ਜੀ ਹੇਠਲੀ ਫੋਟੋ ਵਾਲੇ ਘਰ ਸੰਨ 1978-79 ਵਿੱਚ ਮੇਰੇ ਵਲੋਂ ਕਰਵਾਏ ਅਨੰਦ ਕਾਰਜ ਦੀ ਅੱਖੀਂ ਦੇਖੀ ਵਾਰਤਾ।ਸਾਡੇ ਗੁਆਂਢੀ ਪਿੰਡ ਅਟਾਰੀ ਦੇ ਇਸ ਪ੍ਰਵਾਰ ਦੀ ਬੇਟੀ ਦਾ ਵਿਆਹ ਹੋਣਾ ਸੀ। ਵਿਹੜਾ ਛੋਟਾ ਹੋਣ ਕਰਕੇ ਆਂਢ ਗੁਆਂਢ ਵਾਲੇ ਸੱਜਣ ਸਲਾਹਾਂ ਕਰਨ ਲੱਗੇ ਕਿ ਅਨੰਦ ਕਾਰਜ ਕਿਸੇ ਗੁਆਂਢੀ ਦੇ ਵਿਹੜੇ ਵਿੱਚ ਕਰ ਲੈਂਦੇ ਹਾਂ ਪਰ ਕੁੜੀ ਦੀ ਮਾਂ ਹੋਧਰੇ ਅਨੰਦ ਕਾਰਜ ਕਰਾਉਣ ਵਿਰੁੱਧ ਡਟ ਕੇ ਖਲੋ ਗਈ! ਕਹਿੰਦੀ ਮੈਂ ਆਪਣੀ ਧੀ ਦਾ ‘ਕੰਨਿਆਂ ਦਾਨ’ ਉਹਦੇ ਬਾਬਲ ਦੇ ਆਪਣੇ ਵਿਹੜੇ ਵਿੱਚ ਹੀ ਕਰਨਾ ਹੈ!
ਲਉ ਜੀ ਉਸੇ ਵੇਲੇ ਇਸ ਘਰ ਦੇ ਬਗਲ ਦੀਆਂ ਦੋਵੇਂ ਕੰਧਾਂ ਢਾਹ ਕੇ ਵਿਹੜਾ ‘ਵਧਾਇਆ’ ਗਿਆ।ਪਿੰਡ ਦੇ ਮੁੰਡਿਆਂ ਨੇ ਖੋਰੀ ਵਿਛਾ ਕੇ ਗੁਰਦੁਆਰਿਉਂ ਲਿਆ ਕੇ ਉੱਤੇ ਦਰੀਆਂ ਵਿਛਾਈਆਂ ! ਇੱਥੇ ਹੀ ਮੈਂ ਅਨੰਦ ਕਾਰਜ ਕਰਵਾਇਆ,ਇੱਥੇ ਹੀ ਬਰਾਤ ਨੂੰ ਰੋਟੀ-ਪਾਣੀ ਛਕਾਇਆ ਅਤੇ ਇੱਥੋਂ ਹੀ ਸ਼ਾਮ ਨੂੰ ਬੇਟੀ ਦੀ ਡੋਲੀ ਤੋਰੀ ਗਈ ਸੀ!!
ਤਰਲੋਚਨ ਸਿੰਘ ‘ਦੁਪਾਲ ਪੁਰ’
78146-92724