ਨਗਰ ਨਿਗਮ ਦੀ ਮੀਟਿੰਗ ਦੌਰਾਨ ਹੰਗਾਮਾ

ਨਗਰ ਨਿਗਮ ਦੀ ਮੀਟਿੰਗ ਦੌਰਾਨ ਹੰਗਾਮਾ

ਵੀਹ ਹਜ਼ਾਰ ਲਿਟਰ ਪਾਣੀ ਤੇ ਪੇਡ ਪਾਰਕਿੰਗ ਮੁਫ਼ਤ ਕਰਨ ਸਬੰਧੀ ਏਜੰਡਾ ਪਾਸ
ਚੰਡੀਗੜ੍ਹ- ਚੰਡੀਗੜ੍ਹ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਵਿੱਚ ਭਾਰੀ ਹੰਗਾਮਾ ਹੋਇਆ। ਇਸ ਹੰਗਾਮੇ ਦੌਰਾਨ ਮੀਟਿੰਗ ਵਿੱਚ ‘ਇੰਡੀਆ’ ਗਠਜੋੜ ਦੇ ਕੌਂਸਲਰਾਂ ਵੱਲੋਂ ਚੰਡੀਗੜ੍ਹੀਆਂ ਨੂੰ 20 ਹਜ਼ਾਰ ਲਿਟਰ ਮੁਫਤ ਪਾਣੀ ਤੇ ਮੁਫਤ ਪਾਰਕਿੰਗ ਦਾ ਏਜੰਡਾ ਹਾਊਸ ਵਿੱਚ ਲਿਆਂਦਾ ਗਿਆ, ਜਿਸ ਨੂੰ ਪਾਸ ਕਰ ਦਿੱਤਾ ਗਿਆ। ਮੁਫ਼ਤ ਪਾਣੀ ਦੇ ਏਜੰਡੇ ਬਾਰੇ ਭਾਜਪਾ ਕੌਂਸਲਰਾਂ ਨੇ ਕਿਹਾ ਕਿ 20 ਹਜ਼ਾਰ ਦੀ ਥਾਂ 40 ਹਜ਼ਾਰ ਲਿਟਰ ਪਾਣੀ ਮੁਫ਼ਤ ਕੀਤਾ ਜਾਵੇ। ਇਸ ਮਗਰੋਂ ਹੋਰ ਏਜੰਡਿਆਂ ’ਤੇ ਚਰਚਾ ਦੌਰਾਨ ਹਾਕਮ ਧਿਰ ਵੱਲੋਂ ਪਿੰਡ ਬੁੜੈਲ ਦਾ ਇੱਕ ਏਜੰਡਾ ਅਗਲੀ ਮੀਟਿੰਗ ਲਈ ਟਾਲਣ ਨੂੰ ਲੈ ਕੇ ਬਹਿਸ ਹੋਈ, ਜਿਸ ਮਗਰੋਂ ਮੇਅਰ ਨੇ ਭਾਜਪਾ ਕੌਂਸਲਰਾਂ ਕੰਵਰਜੀਤ ਰਾਣਾ ਤੇ ਸੌਰਭ ਜੋਸ਼ੀ ਨੂੰ ਮਾਰਸ਼ਲਾਂ ਦੀ ਮਦਦ ਨਾਲ ਸਦਨ ਵਿੱਚੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਭਾਜਪਾ ਦੇ ਸਾਰੇ ਕੌਂਸਲਰਾਂ ਨੂੰ ਇੱਕ-ਇੱਕ ਕਰ ਕੇ ਹਾਊਸ ਵਿੱਚੋਂ ਬਾਹਰ ਕੱਢ ਦਿੱਤਾ। ਇਸ ਤੋਂ ਪਹਿਲਾਂ ਭਾਜਪਾ ਕੌਂਸਲਰਾਂ ਨੇ ਸਦਨ ਦੀ ਦਰਸ਼ਕ ਗੈਲਰੀ ਵਿੱਚ ਬੈਠੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਤੇ ‘ਆਪ’ ਚੰਡੀਗੜ੍ਹ ਦੀ ਸਹਿ-ਇੰਚਾਰਜ ਡਾ. ਐੱਸਐੱਸ ਆਹਲੂਵਾਲੀਆ ਦੇ ਮੁੱਦੇ ’ਤੇ ਹੰਗਾਮਾ ਕੀਤਾ। ਮਾਮਲਾ ਸ਼ਾਂਤ ਹੋਣ ਤੋਂ ਬਾਅਦ ਜਦੋਂ ਮੇਅਰ ਨੇ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਨਿਗਮ ਦੇ ਸੰਯੁਕਤ ਕਮਿਸ਼ਨਰ ਨੂੰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਕਿਹਾ ਤਾਂ ਭਾਜਪਾ ਕੌਂਸਲਰ ਮਿਨਟਸ ਪੇਸ਼ ਕਰਨ ’ਤੇ ਅੜੇ ਰਹੇ। ਉਨ੍ਹਾਂ ਦਲੀਲ ਦਿੱਤੀ ਕਿ ਨਿਯਮਾਂ ਅਨੁਸਾਰ ਅਗਲੀ ਮੀਟਿੰਗ ਪਿਛਲੀ ਮੀਟਿੰਗ ਦੇ ਮਿਨਟਸ ਪੇਸ਼ ਕੀਤੇ ਬਿਨਾਂ ਨਹੀਂ ਚੱਲ ਸਕਦੀ ਹੈ। ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਅਤੇ ਨਿਗਮ ਕਮਿਸ਼ਨਰ ਨੇ ਨਿਗਮ ਦੇ ਲਾਅ ਅਫਸਰ ਨੂੰ ਇਸ ਮਾਮਲੇ ’ਤੇ ਕਾਨੂੰਨੀ ਰਾਏ ਲੈਣ ਲਈ ਸਥਿਤੀ ਸਪੱਸ਼ਟ ਕਰਨ ਲਈ ਕਿਹਾ। ਨਿਗਮ ਦਾ ਕਾਨੂੰਨ ਅਧਿਕਾਰੀ ਕਿਸੇ ਹੋਰ ਕੰਮ ਲਈ ਬਾਹਰ ਗਿਆ ਹੋਇਆ ਸੀ, ਉਨ੍ਹਾਂ ਨੂੰ ਤੁਰੰਤ ਬੁਲਾ ਕੇ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ। ਕਾਨੂੰਨ ਅਧਿਕਾਰੀ ਨੇ ਮੀਟਿੰਗ ਵਿੱਚ ਮਿਨਟਸ ਸਬੰਧੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਅਗਲੀ ਮੀਟਿੰਗ ਵਿੱਚ ਵੀ ਮਿਨਟਸ ਨੂੰ ਪੇਸ਼ ਕੀਤਾ ਜਾ ਸਕਦਾ ਹੈ।

ਮੇਅਰ ਕੁਲਦੀਪ ਕੁਮਾਰ ਨੇ ਨਿਗਮ ਦੇ ਜੁਆਇੰਟ ਕਮਿਸ਼ਨਰ ਸ਼ੰਭੂ ਰਾਠੀ ਨੂੰ ਵਿੱਤ ’ਤੇ ਠੇਕਾ ਕਮੇਟੀ ਦੇ ਪੰਜ ਮੈਂਬਰਾਂ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ। ਕਮੇਟੀ ਦੀ ਪੰਜ ਮੈਂਬਰਾਂ ਦੀ ਚੋਣ ਲਈ ਦੋਵੇ ਧਿਰਾਂ ਤੋਂ ਛੇ ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਭਰੇ ਹੋਏ ਸਨ। ਜੁਆਇੰਟ ਕਮਿਸ਼ਨਰ ਸੰਭੂ ਰਾਠੀ ਨੇ ਕੌਂਸਲਰਾਂ ਨੂੰ ਵਿੱਤ ਤੇ ਠੇਕਾ ਕਮੇਟੀ ਦੇ ਮੈਂਬਰਾਂ ਦੀ ਚੋਣ ਨੂੰ ਲੈਕੇ ਵੋਟਿੰਗ ਸਬੰਧੀ ਚੋਣ ਪ੍ਰਕਿਰਿਆ ਸਬੰਧੀ ਪੇਸ਼ਕਾਰੀ ਦਿੱਤੀ। ਮੇਅਰ ਨੇ ਚੋਣਾਂ ਕਰਵਾਉਣ ਲਈ ਜੁਆਇੰਟ ਕਮਿਸ਼ਨਰ-1 ਗੁਰਿੰਦਰ ਸਿੰਘ ਸੋਢੀ ਨੂੰ ਅਧਿਕਾਰਤ ਕੀਤਾ ਸੀ। ਇਸ ਤੋਂ ਇਲਾਵਾ ਚੋਣ ਕਰਵਾਉਣ ਲਈ ਪੰਜਾਬ ਯੂਨੀਵਰਸਿਟੀ ਦੇ ਸੁਪਰਡੈਂਟ ਸੁਨੀਲ ਕੁਮਾਰ ਤੇ ਸੀਨੀਅਰ ਸਹਾਇਕ ਦਿਨੇਸ਼ ਕੁਮਾਰ ਵੀ ਹਾਜ਼ਰ ਸਨ। ਵਿੱਤ ਤੇ ਠੇਕਾ ਕਮੇਟੀ ਦੀ ਚੋਣ ਪ੍ਰਕਿਰਿਆ ਦੀ ਵਿਆਖਿਆ ਕਰਦੇ ਹੋਏ ਕੌਂਸਲਰਾਂ ਵਿਚਾਲੇ ਹੱਥੋਪਾਈ ਵੀ ਹੋਈ। ਕਿਸੇ ਤਰ੍ਹਾਂ ਮਾਮਲਾ ਸ਼ਾਂਤ ਹੋਇਆ ਅਤੇ ਵਿੱਤ ਅਤੇ ਠੇਕਾ ਕਮੇਟੀ ਦੀਆਂ ਚੋਣਾਂ ਸ਼ੁਰੂ ਹੋ ਗਈਆਂ। ਇਸ ਦੌਰਾਨ ਕਮੇਟੀ ਚੋਣਾਂ ਲਈ ਭਾਜਪਾ ਦੇ ਉਮੀਦਵਾਰ ਜਸਮਨਪ੍ਰੀਤ ਸਿੰਘ ਨੇ ਆਪਣਾ ਨਾਂ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਇਸ ਕਾਰਨ ਚੋਣ ਲੜ ਰਹੇ ਪੰਜ ਉਮੀਦਵਾਰਾਂ ਨੂੰ ਸਰਬਸੰਮਤੀ ਨਾਲ ਵਿੱਤ ਤੇ ਠੇਕਾ ਕਮੇਟੀ ਦੇ ਮੈਂਬਰ ਚੁਣ ਲਿਆ ਗਿਆ। ‘ਆਪ’ ਦੀ ਕੌਂਸਲਰ ਜਸਵਿੰਦਰ ਕੌਰ ਤੇ ਕੌਂਸਲਰ ਰਾਮਚੰਦਰ ਯਾਦਵ, ਕਾਂਗਰਸੀ ਕੌਂਸਲਰ ਤਰੁਣਾ ਮਹਿਤਾ, ਭਾਜਪਾ ਕੌਂਸਲਰ ਮਹੇਸ਼ਇੰਦਰ ਸਿੰਘ ਸਿੱਧੂ ਤੇ ਕੌਂਸਲਰ ਲਖਬੀਰ ਸਿੰਘ ਮੈਂਬਰ ਚੁਣੇ ਗਏ। ਨਿਗਮ ਦੀਆਂ ਹੋਰ ਤਿੰਨ ਸਬ ਕਮੇਟੀਆਂ ਦੇ ਗਠਨ ਬਾਰੇ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਇਹ ਕਮੇਟੀਆਂ ਵੀ ਜਲਦੀ ਹੀ ਬਣਾਈਆਂ ਜਾਣਗੀਆਂ।

ਨਗਰ ਨਿਗਮ ਸਦਨ ’ਚ ਕੈਮਰੇ ’ਤੇ ਆਪਣੀ ਆਵਾਜ਼ ਸਪੱਸ਼ਟ ਤੌਰ ’ਤੇ ਰਿਕਾਰਡ ਕਰਨ ਲਈ ਕੌਂਸਲਰਾਂ ਨੂੰ ਆਪਣੇ ਟੇਬਲ ਦੇ ਸਾਹਮਣੇ ਰੱਖੇ ਮਾਈਕ ਦੇ ਨੇੜੇ ਆਪਣਾ ਮੂੰਹ ਲਿਆ ਕੇ ਉੱਚੀ ਆਵਾਜ਼ ਵਿੱਚ ਬੋਲਣਾ ਪੈਂਦਾ ਸੀ, ਤਾਂ ਜੋ ਜਦੋਂ ਵੀ ਵੀਡੀਓ ਰਿਕਾਰਡ ਕਰਨ ਦੀ ਲੋੜ ਪਵੇ ਤਾਂ ਕੌਂਸਲਰ ਦੀ ਆਵਾਜ਼ ਨੂੰ ਸਾਫ਼ ਸੁਣਿਆ ਜਾਵੇ।