ਉੱਘੇ ਸਾਹਿਤਕਾਰ ਡਾ. ਕਰਨਜੀਤ ਸਿੰਘ ਦਾ ਦੇਹਾਂਤ

ਉੱਘੇ ਸਾਹਿਤਕਾਰ ਡਾ. ਕਰਨਜੀਤ ਸਿੰਘ ਦਾ ਦੇਹਾਂਤ

ਨਵੀਂ ਦਿੱਲੀ- ਪੰਜਾਬੀ ਦੇ ਉੱਘੇ ਸਾਹਿਤਕਾਰ, ਕਵੀ ਤੇ ਅਨੁਵਾਦਕ ਡਾ. ਕਰਨਜੀਤ ਸਿੰਘ ਦਾ ਅੱਜ ਸਵੇਰੇ ਦਿੱਲੀ ਦੇ ਵਸੰਤ ਕੁੰਜ ਵਿਚਲੇ ਘਰ ਵਿਚ ਦੇਹਾਂਤ ਹੋ ਗਿਆ। ਡਾ. ਕਰਨਜੀਤ ਸਿੰਘ ਦਾ ਸਸਕਾਰ ਲੋਧੀ ਰੋਡ ਸ਼ਮਸ਼ਾਨਘਾਟ ਵਿੱਚ ਪਰਿਵਾਰਕ ਮੈਂਬਰਾਂ ਤੇ ਨੇੜਲਿਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ। ਉਨ੍ਹਾਂ ਦੇ ਦੇਹਾਂਤ ’ਤੇ ਡਾ. ਰੇਣੂਕਾ ਸਿੰਘ, ਬਲਬੀਰ ਮਾਧੋਪੁਰੀ, ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਡਾ. ਰਵੇਲ ਸਿੰਘ, ਡਾ. ਸਵਰਾਜਬੀਰ ਸਿੰਘ, ਅੰਮੀਆ ਕੰਵਰ, ਡਾ. ਕੁਲਦੀਪ ਕੌਰ ਪਾਹਵਾ, ਡਾ. ਕਮਲਜੀਤ ਸਿੰਘ, ਡਾ. ਮਨਜੀਤ ਸਿੰਘ ਤੇ ਹੋਰ ਲੇਖਕਾਂ, ਬੁੱਧੀਜੀਵੀਆਂ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦਾ ਜਨਮ 12 ਅਪਰੈਲ, 1930 ਨੂੰ ਪੱਟੀ, ਜ਼ਿਲ੍ਹਾ ਤਰਨ ਤਾਰਨ ਵਿੱਚ ਹੋਇਆ ਸੀ। ਉਹ 1957 ਤੋਂ ਲੈ ਕੇ 1961 ਤੱਕ ਲੋਕ ਲਿਖਾਰੀ ਸਭਾ ਅੰਮ੍ਰਿਤਸਰ ਦੇ ਜਨਰਲ ਸਕੱਤਰ ਰਹੇ ਅਤੇ ਬਾਅਦ ਵਿਚ ਪੰਜਾਬੀ ਲੇਖਕ ਸਭਾ ਦਿੱਲੀ ਦੇ ਸੰਸਥਾਪਕਾਂ ਵਿੱਚ ਵੀ ਸ਼ੁਮਾਰ ਰਹੇ। ਉਨ੍ਹਾਂ ਪਹਿਲਾਂ ਦੋ ਕਾਵਿ ਸੰਗ੍ਰਹਿ ‘ਰਿਸ਼ਤੇ’ ਅਤੇ ‘ਫੁੱਲ ਵੀ ਅੰਗਿਆਰ’ ਲਿਖੇ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਸਾਹਿਤਕ ਹਸਤੀਆਂ ਨਾਲ ਮੁਲਾਕਾਤਾਂ ਦੀਆਂ ਦੋ ਕਿਤਾਬਾਂ ‘ਕਲਮ ਦੀ ਅੱਖ’ ਅਤੇ ‘ਜਿਨ੍ਹਾ ਪਛਾਤਾ ਸੱਚ’ ਬਹੁਤ ਮਕਬੂਲ ਹੋਈਆਂ। ਆਖਰੀ ਸਾਲਾਂ ਵਿੱਚ ਉਨ੍ਹਾਂ ਨੇ ਆਪਣੀ ਜੀਵਨ ਕਹਾਣੀ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਲਿਖਿਆ ਜਿਨ੍ਹਾਂ ਦੇ ਨਾਂ ‘ਮੈਂ ਭੋਲਾਵਾ ਪਗ ਦਾ’,’ ‘ਹਾਸ਼ੀਏ ਦੀ ਇਬਾਰਤ’ ਅਤੇ ‘ਏਨੀ ਮੇਰੀ ਬਾਤ’ ਹਨ। ਉਹ ਆਪਣੇ ਪਿੱਛੇ ਚਾਰ ਬੇਟੀਆਂ ਤੇ ਦੋ ਬੇਟੇ ਛੱਡ ਗਏ ਹਨ। ਅੰਮ੍ਰਿਤਸਰ (ਪੱਤਰ ਪ੍ਰੇਰਕ): ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਰਨਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਅਤੇ ਦਫਤਰ ਸਕੱਤਰ ਦੀਪ ਦੇਵਿੰਦਰ ਸਿੰਘ, ਸੁਰਿੰਦਰਪ੍ਰੀਤ ਘਣੀਆਂ, ਸ਼ੈਲਿੰਦਰਜੀਤ ਰਾਜਨ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।