ਰਾਸ਼ਟਰਪਤੀ ਮੁਰਮੂ ਦਾ ਮੌਰੀਸ਼ਸ ’ਚ ਨਿੱਘਾ ਸਵਾਗਤ

ਰਾਸ਼ਟਰਪਤੀ ਮੁਰਮੂ ਦਾ ਮੌਰੀਸ਼ਸ ’ਚ ਨਿੱਘਾ ਸਵਾਗਤ

ਮੁਲਕ ਦੇ ਕੌਮੀ ਦਿਵਸ ਸਮਾਗਮ ’ਚ ਅੱਜ ਹੋਣਗੇ ਮੁੱਖ ਮਹਿਮਾਨ ਵਜੋਂ ਸ਼ਾਮਲ
ਪੋਰਟ ਲੂਈ- ਰਾਸ਼ਟਰਪਤੀ ਦਰੋਪਦੀ ਮੁਰਮੂ ਅੱਜ ਤਿੰਨ ਦਿਨਾਂ ਦੌਰੇ ’ਤੇ ਮੌਰੀਸ਼ਸ ਪੁੱਜ ਗਏ ਹਨ ਜਿਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਹ ਮੰਗਲਵਾਰ ਨੂੰ ਦੇਸ਼ ਦੇ ਕੌਮੀ ਦਿਵਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਥੇ ਪੁੱਜਣ ’ਤੇ ਰਾਸ਼ਟਰਪਤੀ ਮੁਰਮੂ ਦਾ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜਗਨਨਾਥ ਨੇ ਨਿੱਘਾ ਸਵਾਗਤ ਕੀਤਾ। ਆਪਣੇ ਦੌਰੇ ਦੌਰਾਨ ਉਹ ਦੇਸ਼ ਦੀ ਸਿਖਰਲੀ ਲੀਡਰਸ਼ਿਪ ਨਾਲ ਗੱਲਬਾਤ ਕਰਨਗੇ ਤਾਂ ਜੋ ਭਾਰਤ ਦੇ ਹਿੰਦ ਮਹਾਸਾਗਰ ਟਾਪੂ ਮੁਲਕ ਨਾਲ ਸਬੰਧ ਹੋਰ ਮਜ਼ਬੂਤ ਹੋ ਸਕਣ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰਾਸ਼ਟਰਪਤੀ ਮੁਰਮੂ ਆਪਣੇ ਮੌਰੀਸ਼ਸ ਦੇ ਹਮਰੁਤਬਾ ਪ੍ਰਿਥਵੀਰਾਜ ਸਿੰਘ ਰੂਪਨ ਨਾਲ ਵੀ ਮੀਟਿੰਗ ਕਰਨਗੇ। ਉਹ ਮੌਰੀਸ਼ਸ ਨੈਸ਼ਨਲ ਅਸੈਂਬਲੀ ਦੇ ਸਪੀਕਰ, ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਅਤੇ ਹੋਰ ਅਹਿਮ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ। ਕੌਮੀ ਦਿਵਸ ਸਮਾਗਮ ’ਚ ਭਾਰਤੀ ਜਲ ਸੈਨਾ ਦੀ ਟੁੱਕੜੀ ਦੋ ਬੇੜਿਆਂ ਆਈਐੱਨਐੱਸ ਤੀਰ ਅਤੇ ਸੀਜੀਐੱਸ ਸਾਰਥੀ ਨਾਲ ਸ਼ਾਮਲ ਹੋਵੇਗੀ। ਮੁਰਮੂ ਅਤੇ ਜਗਨਨਾਥ ਭਾਰਤ ਦੇ ਸਹਿਯੋਗ ਨਾਲ ਬਣਾਏ ਗਏ 14 ਪ੍ਰਾਜੈਕਟਾਂ ਦਾ ਸਾਂਝੇ ਤੌਰ ’ਤੇ ਉਦਘਾਟਨ ਕਰਨਗੇ। ਰਾਸ਼ਟਰਪਤੀ ਵੱਲੋਂ ਪੈਂਪਲਮੌਸਿਸ ਬੋਟੈਨਿਕਲ ਗਾਰਡਨ ’ਚ ਮੌਰੀਸ਼ਸ ਦੇ ਆਗੂਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਉਹ ਅਪਰਵਾਸੀ ਘਾਟ ਦਾ ਦੌਰਾ ਵੀ ਕਰਨਗੇ ਜਿਥੇ ਸਭ ਤੋਂ ਪਹਿਲਾਂ ਭਾਰਤੀ ਮਜ਼ਦੂਰ ਪਹੁੰਚੇ ਸਨ। ਇਸ ਤੋਂ ਇਲਾਵਾ ਉਹ ਕਈ ਇਤਿਹਾਸਕ ਅਤੇ ਸੱਭਿਆਚਾਰਕ ਥਾਵਾਂ ਦੇ ਵੀ ਦਰਸ਼ਨ ਕਰਨਗੇ।