ਮੋਦੀ ਵੱਲੋਂ ਹਰਿਆਣਾ ਦੀ ਹੱਦ ’ਚ ਪੈਂਦੇ ਐਕਸਪ੍ਰੈਸ ਵੇਅ ਦਾ ਉਦਘਾਟਨ

ਮੋਦੀ ਵੱਲੋਂ ਹਰਿਆਣਾ ਦੀ ਹੱਦ ’ਚ ਪੈਂਦੇ ਐਕਸਪ੍ਰੈਸ ਵੇਅ ਦਾ ਉਦਘਾਟਨ

ਦਿੱਲੀ ਅਤੇ ਗੁਰੂਗ੍ਰਾਮ ਵਿਚਾਲੇ ਆਵਾਜਾਈ ਨੂੰ ਸੁਖਾਲਾ ਬਣਾਉਣ ’ਚ ਮਿਲੇਗੀ ਮਦਦ
ਗੁਰੂਗ੍ਰਾਮ (ਹਰਿਆਣਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਰਿਆਣਾ ਦੀ ਹੱਦ ’ਚ ਪੈਂਦੇ 19 ਕਿਲੋਮੀਟਰ ਲੰਬੇ ਦਵਾਰਕਾ ਐਕਸਪ੍ਰੈਸ ਵੇਅ ਦਾ ਉਦਘਾਟਨ ਕੀਤਾ। ਇਸ ਨਾਲ ਐਨਐਚ-48 ’ਤੇ ਦਿੱਲੀ ਅਤੇ ਗੁਰੂਗ੍ਰਾਮ ਵਿਚਾਲੇ ਆਵਾਜਾਈ ਨੂੰ ਸੁਖਾਲਾ ਬਣਾਉਣ ’ਚ ਬਹੁਤ ਮਦਦ ਮਿਲੇਗੀ। ਇਸ ਦੇ ਨਾਲ ਹੀ ਰਾਜਧਾਨੀ ਦੀਆਂ ਵਿੱਤੀ ਗਤੀਵਿਧੀਆਂ ਨੂੰ ਵੀ ਹੁਲਾਰਾ ਮਿਲੇਗਾ। ਦੱਸਣਯੋਗ ਹੈ ਕਿ ਦੁਆਰਕਾ ਐਕਸਪ੍ਰੈਸ ਵੇਅ 29 ਕਿਲੋਮੀਟਰ ਲੰਬਾ ਹੈ ਜਿਸ ਦਾ 18.9 ਕਿਲੋਮੀਟਰ ਖੇਤਰ ਹਰਿਆਣਾ ’ਚ, ਜਦੋਂ ਕਿ 10.1 ਕਿਲੋਮੀਟਰ ਦਾ ਖੇਤਰ ਦਿੱਲੀ ਦੀ ਹੱਦ ’ਚ ਪੈਂਦਾ ਹੈ। ਦਵਾਰਕਾ ਐਕਸਪ੍ਰੈੱਸਵੇਅ ਭਾਰਤ ਦਾ ਪਹਿਲਾ ਐਲੀਵੇਟਿਡ 8-ਲੇਨ ਐਕਸੈਸ ਕੰਟਰੋਲ ਅਰਬਨ ਐਕਸਪ੍ਰੈੱਸਵੇਅ ਹੈ ਜੋ ਰਾਸ਼ਟਰੀ ਰਾਜਧਾਨੀ ਦੀ ਭੀੜ ਨੂੰ ਘੱਟ ਕਰਨ ਲਈ ਐਨਸੀਆਰ ਵਿੱਚ 60,000 ਕਰੋੜ ਰੁਪਏ ਦੀ ਹਾਈਵੇਅ ਵਿਕਾਸ ਯੋਜਨਾ ਦਾ ਹਿੱਸਾ ਹੈ। ਇਸ ਨੂੰ 9,000 ਕਰੋੜ ਰੁਪਏ ਦੇ ਨਿਵੇਸ਼ ਨਾਲ ਵਿਕਸਤ ਕੀਤਾ ਜਾ ਰਿਹਾ ਹੈ। ਇਸ ਦਾ ਨੀਂਹ ਪੱਥਰ 9 ਮਾਰਚ 2019 ਵਿੱਚ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ, ਅਰੁਣ ਜੇਤਲੀ ਅਤੇ ਨਿਤਿਨ ਗਡਕਰੀ ਵੱਲੋਂ ਰੱਖਿਆ ਗਿਆ ਸੀ। ਉਦਘਾਟਨ ਮਗਰੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਐਕਸਪ੍ਰੈਸ ਵੇਅ ਦਿੱਲੀ ਅਤੇ ਹਰਿਆਣਾ ਵਿਚਾਲੇ ਯਾਤਰਾ ਦੇ ਤਜਰਬੇ ਨੂੰ ਹਮੇਸ਼ਾ ਲਈ ਬਦਲ ਦੇਵੇਗਾ ਅਤੇ ਇਸ ਨਾਲ ਨਾ ਸਿਰਫ਼ ਵਾਹਨਾਂ ਵਿੱਚ ਸਗੋਂ ਖੇਤਰ ਦੇ ਲੋਕਾਂ ਦੇ ਜੀਵਨ ਵਿੱਚ ਵੀ ‘ਗੇਅਰ’ ਬਦਲੇਗਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿੰਡਾਂ ਵਿੱਚ ਲੱਖਾਂ ਕਿਲੋਮੀਟਰ ਆਪਟਿਕ ਫਾਈਬਰ ਵਿਛਾਉਣ, ਛੋਟੇ ਸ਼ਹਿਰਾਂ ਵਿੱਚ ਹਵਾਈ ਅੱਡੇ, ਪੇਂਡੂ ਸੜਕਾਂ ਵਰਗੇ ਪ੍ਰਾਜੈਕਟ ਚੋਣਾਂ ਦੇ ਸਮੇਂ ਦੀ ਪਰਵਾਹ ਕੀਤੇ ਬਿਨਾਂ ਪੂਰੇ ਕੀਤੇ ਗਏ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਇੱਥੇ ਰੋਡ ਸ਼ੋਅ ਵੀ ਕੀਤਾ।