ਵਜ਼ਾਰਤੀ ਕੋਟੇ ਦੀਆਂ ਕੋਠੀਆਂ ਦੀ ਅਲਾਟਮੈਂਟ ’ਤੇ ਉੱਠੇ ਇਤਰਾਜ਼

ਵਜ਼ਾਰਤੀ ਕੋਟੇ ਦੀਆਂ ਕੋਠੀਆਂ ਦੀ ਅਲਾਟਮੈਂਟ ’ਤੇ ਉੱਠੇ ਇਤਰਾਜ਼

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਪ੍ਰਸ਼ਨ ਕਾਲ ਦੌਰਾਨ ਸਰਕਾਰੀ ਕੋਠੀਆਂ ਨੂੰ ਸਬ-ਲੈੱਟ ਕੀਤੇ ਜਾਣ ਦਾ ਮਾਮਲਾ ਉਠਿਆ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਜਦੋਂ ਪਟਿਆਲਾ ਵਿਚ ਸਰਕਾਰੀ ਰਿਹਾਇਸ਼ਾਂ ਨੂੰ ਸਬ ਲੈੱਟ ਕੀਤੇ ਜਾਣ ਦਾ ਸਵਾਲ ਕੀਤਾ ਤਾਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਜਵਾਬ ’ਚ ਦੱਸਿਆ ਕਿ ਪਟਿਆਲਾ ਸ਼ਹਿਰ ਵਿੱਚ 10 ਅਲਾਟੀ ਆਪਣੀ ਮਿਆਦ ਤੋਂ ਵੱਧ ਸਮਾਂ ਰਹਿਣ ਕਾਰਨ ਨਾਜਾਇਜ਼ ਤੌਰ ’ਤੇ ਰਹਿ ਰਹੇ ਹਨ। ਪਿਛਲੇ ਇੱਕ ਸਾਲ ਦੌਰਾਨ 9 ਕੇਸਾਂ ਵਿਚ ਕਾਰਵਾਈ ਕੀਤੀ ਗਈ ਹੈ। ਕਰੀਬ 20 ਅਧਿਆਪਕਾਂ ਨੇ ਆਪਣੀਆਂ ਰਿਹਾਇਸ਼ਾਂ ਨੂੰ ਸਬ ਲੈੱਟ ਕੀਤਾ ਹੋਇਆ ਹੈ।ਕੋਹਲੀ ਨੇ ਦੱਸਿਆ ਕਿ ਕੋਠੀ ਕਿਸੇ ਦੇ ਹੋਰ ਨਾਮ ’ਤੇ ਹੈ ਅਤੇ ਰਹਿ ਕੋਈ ਹੋਰ ਰਿਹਾ ਹੈ ਜਿਸ ਦੀ ਮਹਿਕਮੇ ਦੇ ਉੱਡਣ ਦਸਤੇ ਵੱਲੋਂ ਜਾਂਚ ਹੋਣੀ ਚਾਹੀਦੀ ਹੈ। ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਸਦਨ ਵਿਚ ਦੱਸਿਆ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਸੈਕਟਰ ਦੋ ਵਿਚਲੀ ਕੋਠੀ ਵਿਚੋਂ ਸੋਫ਼ੇ ਅਤੇ ਕੁਰਸੀਆਂ ਗ਼ਾਇਬ ਸਨ, ਉਨ੍ਹਾਂ ਚਿੱਠੀ ਵੀ ਲਿਖੀ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜੋ ਚੰਡੀਗੜ੍ਹ ਵਿਚ ਸਰਕਾਰੀ ਕੋਠੀਆਂ ਕੈਬਨਿਟ ਵਜ਼ੀਰਾਂ ਦੀਆਂ ਹਨ, ਉਨ੍ਹਾਂ ਦੀ ਅਲਾਟਮੈਂਟ ਹੋਰ ਵਿਅਕਤੀਆਂ ਨੂੰ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿਚ ਕਾਰਵਾਈ ਮੁਲਾਜ਼ਮਾਂ ਦੀ ਥਾਂ ਉਪਰਲੇ ਪੱਧਰ ’ਤੇ ਹੋਣੀ ਚਾਹੀਦੀ ਹੈ। ਵਿਧਾਇਕ ਕੁਲਜੀਤ ਰੰਧਾਵਾ ਨੇ ਡੇਰਾਬੱਸੀ ਦੇ ਜ਼ੱਚਾ-ਬੱਚਾ ਕੇਂਦਰ ’ਤੇ ਸੁਆਲ ਕੀਤਾ। ਵਿਧਾਇਕ ਲਖਬੀਰ ਸਿੰਘ ਰਾਏ ਦੇ ਸੁਆਲ ਦੇ ਜੁਆਬ ਵਿਚ ਮਾਲ ਮੰਤਰੀ ਜਿੰਪਾ ਨੇ ਦੱਸਿਆ ਕਿ ਨੰਬਰਦਾਰਾਂ ਦੀ ਚੋਣ ਲਈ ਨੰਬਰਦਾਰੀ ਰੂਲਾਂ ਵਿਚ ਨੰਬਰਦਾਰ ਦੀ ਚੋਣ ਸਮੇਂ ਪਿੰਡ ਵਾਸੀਆਂ ਵੱਲੋਂ ਵੋਟਿੰਗ ਕਰਾਏ ਜਾਣ ਦੀ ਕੋਈ ਤਜਵੀਜ਼ ਨਹੀਂ ਹੈ। ਆਜ਼ਾਦ ਵਿਧਾਇਕ ਇੰਦਰ ਪ੍ਰਤਾਪ ਸਿੰਘ ਨੇ ਆਪਣੇ ਹਲਕੇ ਦੀਆਂ ਸੜਕਾਂ ਬਾਰੇ ਸੁਆਲ ਕੀਤਾ ਜਿਸ ਦੇ ਜੁਆਬ ਵਿਚ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪੇਂਡੂ ਵਿਕਾਸ ਫ਼ੰਡ ਰੋਕੇ ਜਾਣ ਕਰਕੇ ਮੁਰੰਮਤ ਨਹੀਂ ਕਰਾਈ ਜਾ ਸਕੀ।