ਸੁਖਦੇਵ ਢੀਂਡਸਾ ਦੀ ਛੇ ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ

ਸੁਖਦੇਵ ਢੀਂਡਸਾ ਦੀ ਛੇ ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ

  • ਸੁਖਬੀਰ ਬਾਦਲ ਵੱਲੋਂ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਦੀ ਜ਼ਿੰਮੇਵਾਰੀ ਸੰਭਾਲਣ ਦੀ ਅਪੀਲ
  • ਪੰਥ ਤੇ ਪੰਜਾਬ ਦੀ ਮਜ਼ਬੂਤੀ ਲਈ ਪੰਥਕ ਏਕਾ ਜ਼ਰੂਰੀ: ਸੁਖਦੇਵ ਸਿੰਘ ਢੀਂਡਸਾ

ਚੰਡੀਗੜ੍ਹ : ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਰਾਜਨੀਤੀ ’ਚ ਵੱਡਾ ਫੇਰ-ਬਦਲ ਹੋਇਆ ਜਦੋਂ ਅਕਾਲੀ ਦਲ (ਸੰਯੁਕਤ) ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਰਲੇਵਾਂ ਹੋ ਗਿਆ। ਇਸ ਦੇ ਨਾਲ ਹੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ 6 ਸਾਲਾਂ ਬਾਅਦ ਘਰ ਵਾਪਸੀ ਹੋਈ ਹੈ। ਅੱਜ ਸ਼?ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਵਿੱਚ ਸੁਖਦੇਵ ਸਿੰਘ ਢੀਂਡਸਾ ਦੀ ਰਿਹਾਇਸ਼ ’ਤੇ ਪਹੁੰਚ ਕੇ ਸ੍ਰੀ ਢੀਂਡਸਾ ਤੇ ਹੋਰਨਾਂ ਆਗੂਆਂ ਦੀ ਘਰ ਵਾਪਸੀ ਕਰਵਾਈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਦੇ ਸਰਪ੍ਰਸਤ ਦੀ ਜ਼ਿੰਮੇਵਾਰੀ ਸੰਭਾਲਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਚਲਾਣੇ ਤੋਂ ਬਾਅਦ ਢੀਂਡਸਾ ਪਾਰਟੀ ਦੇ ਸਭ ਤੋਂ ਸੀਨੀਅਰ ਆਗੂ ਹਨ ਤੇ ਪਾਰਟੀ ਨੂੰ ਸੰਭਾਲ ਸਕਦੇ ਹਨ। ਢੀਂਡਸਾ ਦੀ ਘਰ ਵਾਪਸੀ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਾ ਲੋਕ ਸਭਾ ਚੋਣਾਂ ’ਚ ਰਾਹ ਸੁਖਾਲਾ ਹੋ ਗਿਆ ਹੈ। ਦੋਵਾਂ ਪਾਰਟੀਆਂ ਦੇ ਇੱਕ ਹੋਣ ਮਗਰੋਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਵਿਗੜਦੇ ਜਾ ਰਹੇ ਹਨ ਜੋ ਕਿ ਪੰਥ ਲਈ ਘਾਤਕ ਸਾਬਤ ਹੋ ਸਕਦੇ ਹਨ। ਇਸ ਲਈ ਪੰਥ ਤੇ ਪੰਜਾਬ ਦੀ ਮਜ਼ਬੂਤੀ ਲਈ ਉਨ੍ਹਾਂ ਦੀ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਰਲੇਵਾਂ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸਾਲ 2015 ’ਚ ਵਾਪਰੀ ਬੇਅਦਬੀ ਦੀ ਘਟਨਾ ਦੀ ਮੁਆਫ਼ੀ ਮੰਗ ਲਈ ਹੈ। ਇਸ ਲਈ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਆਗੂਆਂ ਵੱਲੋਂ ਪੰਜਾਬ ਤੇ ਪੰਥ ਦੀ ਰਾਖੀ ਲਈ ਮੁੜ ਸਰਗਰਮ ਭੂਮਿਕਾ ਨਿਭਾਈ ਜਾਵੇਗੀ।
ਸੁਖਬੀਰ ਸਿੰਘ ਬਾਦਲ ਨੇ ਦੋਵਾਂ ਪਾਰਟੀਆਂ ਦੇ ਇੱਕ ਹੋਣ ਨੂੰ ‘ਦੋ ਪਰਿਵਾਰਾਂ ਦਾ ਰਲੇਵਾਂ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਢੀਂਡਸਾ ਦੇ ਨਾਲ ਬਲਵਿੰਦਰ ਸਿੰਘ ਭੂੰਦੜ ਵਰਗੇ ਸੀਨੀਅਰ ਆਗੂਆਂ ਨੇ ਆਪਣੀਆਂ ਨਿੱਜੀ ਕੁਰਬਾਨੀਆਂ ਦੇ ਕੇ ਪ੍ਰਕਾਸ਼ ਸਿੰਘ ਬਾਦਲ (ਮਰਹੂਮ) ਨਾਲ ਰਲ ਕੇ ਪਾਰਟੀ ਦਾ ਨਿਰਮਾਣ ਕੀਤਾ। ਸੁਖਬੀਰ ਨੇ ਅਕਾਲੀ ਦਲ (ਸੰਯੁਕਤ) ਦੇ ਸਾਰੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ’ਚ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਗੋਬਿੰਦ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਰੱਖੜਾ, ਇਕਬਾਲ ਸਿੰਘ ਝੂੰਦਾ, ਅਨਿਲ ਜੋਸ਼ੀ, ਐੱਨ.ਕੇ. ਸ਼ਰਮਾ ਤੇ ਬਰਜਿੰਦਰ ਸਿੰਘ ਮੱਖਣ ਬਰਾੜ ਆਦਿ ਮੌਜੂਦ ਸਨ।