ਨਿਧੜਕ ਨੌਜਵਾਨ ਪੱਤਰਕਾਰ, ਗੁਰੂ ਪੰਥ ਅਤੇ ਪੰਜਾਬ ਲਈ ਹਾਅ ਦਾ ਨਾਅਰਾ ਮਾਰਨ ਵਾਲੇ ਪ੍ਰੀਤ ਸਿੰਘ ਸੈਣੀ ਨਹੀ ਰਹੇ

ਨਿਧੜਕ ਨੌਜਵਾਨ ਪੱਤਰਕਾਰ, ਗੁਰੂ ਪੰਥ ਅਤੇ ਪੰਜਾਬ ਲਈ ਹਾਅ ਦਾ ਨਾਅਰਾ ਮਾਰਨ ਵਾਲੇ ਪ੍ਰੀਤ ਸਿੰਘ ਸੈਣੀ ਨਹੀ ਰਹੇ

ਹੱਕ, ਸੱਚ ਅਤੇ ਇਨਸਾਫ ਲਈ ਲੜਨ ਵਾਲੇ ਪੱਤਰਕਾਰਾਂ ਦੀ ਘਾਟ ਪਹਿਲਾਂ ਹੀ ਬੜੀ ਰੜਕਦੀ ਹੈ ਅਤੇ ਅੱਜ ਮਨੁੱਖੀ ਹੱਕਾਂ ਅਤੇ ਸਿੱਖ ਪੰਥ ਲਈ ਹਾਅ ਦਾ ਨਾਅਰਾ ਮਾਰਨ ਵਾਲੇ ਪੱਤਰਕਾਰ ਪ੍ਰੀਤ ਸਿੰਘ ਸੈਣੀ ਦਾ ਤੁਰ ਜਾਣਾ ਬੇਅੰਤ ਦੁਖਦਾਈ ਹੈ। ਇਹ ਸੱਚ ਹੈ ਕਿ ਪਿਛਲੇ ਸਮੇਂ ਤੋਂ ਉਹ ਸ਼੍ਰੋਮਣੀ ਗੁਰਦੁਆਰਾ ਕਮੇਟੀ ਅੰਦਰ ਬੇਨੀਯਮੀਆ ਦੇ ਨਾਲ ਨਾਲ ਹਿੰਦੁਸਤਾਨ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਹਰ ਮੰਚ ਤੇ ਬੋਲ ਰਹੇ ਸਨ। ਨਿਧੱੜਕ ਨੌਜਵਾਨ ਪੱਤਰਕਾਰ ਪ੍ਰੀਤ ਸਿੰਘ ਸੈਣੀ ਦੀ ਮੌਤ ਦੀ ਖਬਰ ਨੇ ਹਿਲਾ ਕੇ ਰੱਖ ਦਿੱਤਾ, ਅਜੇ ਪੂਰੀ ਜਾਣਕਾਰੀ ਤਾਂ ਪਤਾ ਨਹੀਂ ਲੱਗੀ ਕਿ ਪ੍ਰੀਤ ਸਿੰਘ ਸੈਣੀ ਦੀ ਮੌਤ ਕਿੰਨਾ ਹਾਲਾਤਾਂ ਵਿੱਚ ਹੋਈ ਹੈ, ਪਰ ਇੱਕ ਦਲੇਰ ਅਤੇ ਪੰਥ ਦਰਦੀ ਪੱਤਰਕਾਰ ਦਾ ਇਸ ਤਰ੍ਹਾਂ ਭਰੀ ਜਵਾਨੀ ’ਚ ਚਲੇ ਜਾਣਾ ਬੇਹੱਦ ਹੀ ਦੁਖਦਾਈ ਹੈ। ਭਾਈ ਬਲਦੇਵ ਸਿੰਘ ਵਡਾਲਾ ਜੀ ਤੋਂ ਅੱਜ ਜਾਣਕਾਰੀ ਮਿਲੀ ਕਿ ਨਿਧੜਕ ਤੇ ਜਿਊਂਦੀ ਜ਼ਮੀਰ ਦਾ ਮਾਲਕ ਵੀਰ ਪ੍ਰੀਤ ਸਿੰਘ ਸੈਣੀ ਦੁਨਿਆਵੀ ਤੌਰ ’ਤੇ ਸਾਡੇ ਤੋਂ ਹਮੇਸ਼ਾ ਲਈ ਵਿਛੜ ਗਿਆ। ਦੁਨਿਆਵੀ ਆਯੂ ਭਾਵੇਂ ਬਹੁਤ ਘੱਟ ਸੀ ਪਰ ਜੋ ਕਾਰਜ ਪੂਰਾ ਕਰਨ ਦੇ ਰਾਹ ’ਤੇ ਤੁਰਿਆ ਸੀ ਤੇ ਜਿਸ ਨੂੰ ਪ੍ਰੀਤ ਸਿੰਘ ਆਪਣੇ ਵਾਰਸਾਂ ਲਈ ਅਧੂਰਾ ਛੱਡ ਗਿਆ ਹੈ, ਉਹ ਬਹੁਤ ਮਹਾਨ ਕਾਰਜ ਹੈ। ਉਹ ਘਰੋਂ ਸਿਰਫ ਦਫਤਰ ਤੇ ਦਫਤਰੋਂ ਘਰ ਵਾਲੀ ਜ਼ਿੰਦਗੀ ਨਹੀਂ ਜਿਊਇਆ, ਉਸਦਾ ਹਰ ਬੋਲ ਮਨੁੱਖਤਾ ਦੇ ਦੁਸ਼ਮਣਾਂ ਲਈ ਵੱਡੀ ਵੰਗਾਰ ਸੀ। ਉਸਦੀ ਬਾਜ਼ ਵਰਗੀ ਨਜ਼ਰ ਇਨਸਾਨ ਤੇ ਸ਼ੈਤਾਨ ਵਿਚਲੇ ਫਰਕ ਨੂੰ ਸਕੈਨ ਕਰ ਲੈਂਦੀ ਸੀ। ਹਰਿੰਦਰ ਪਾਲ ਸਿੰਘ ਅਤੇ ਬਿਕਰਮਜੀਤ ਸਿੰਘ ਸਮੇਤ ਅਨੇਕਾਂ ਸਨੇਹੀਆਂ ਦੀ ਅਰਦਾਸ ਹੈ ਕਿ ਗੁਰੂ ਸਾਹਿਬਾਨ ਵੀਰ ਨੂੰ ਆਪਣੇ ਚਰਨਾਂ ’ਚ ਸਥਾਨ ਬਖਸ਼ਣ। ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਇਸ ਦੇ ਨਾਲ ਹੀ ਪੱਤਰਕਾਰ ਸੰਸਥਾਵਾਂ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਸਮੇਤ ਸਿੱਖ ਪੰਥ ਦਾ ਫਰਜ਼ ਬਣਦਾ ਹੈ ਕਿ ਉਹ ਭਾਈ ਪ੍ਰੀਤ ਸਿੰਘ ਸੈਣੀ ਦੀ ਮੌਤ ਬਾਰੇ ਸੱਚ ਸਾਹਮਣੇ ਲਿਆਉਣ ਲਈ ਵੱਧ ਤੋਂ ਵੱਧ ਯਤਨ ਕਰਨ।
-ਡਾ. ਗੁਰਵਿੰਦਰ ਸਿੰਘ