ਦਲਿਤ ਚੇਤਨਾ ਮੰਚ ਦਾ ਸੂਬਾ ਪ੍ਰਧਾਨ ਸਾਥੀਆਂ ਸਣੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ

ਦਲਿਤ ਚੇਤਨਾ ਮੰਚ ਦਾ ਸੂਬਾ ਪ੍ਰਧਾਨ ਸਾਥੀਆਂ ਸਣੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ

ਐਸ.ਏ.ਐਸ. ਨਗਰ (ਮੁਹਾਲੀ)- ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਵੇਲੇ ਹੁਲਾਰਾ ਮਿਲਿਆ ਜਦੋਂ ਦਲਿਤ ਚੇਤਨਾ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਸ਼ਮਸ਼ੇਰ ਸਿੰਘ ਪੁਰਖਾਲਵੀ ਅੱਜ ਆਪਣੇ ਸਮਰਥਕਾਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਸ੍ਰੀ ਪੁਰਖਾਲਵੀ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦੀ ਗੱਲ ਕਹੀ।

ਦਲਿਤ ਆਗੂ ਸ਼ਮਸ਼ੇਰ ਪੁਰਖਾਲਵੀ ਲਗਾਤਾਰ 25 ਸਾਲ ਆਈਟੀਆਈ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਰਹੇ ਜਦੋਂਕਿ ਉਸ ਦੀ ਪਤਨੀ ਬਲਜੀਤ ਕੌਰ ਪੁਰਖਾਲਵੀ ਦੋ ਵਾਰ ਮੁਹਾਲੀ ਤੋਂ ਕੌਂਸਲਰ ਚੁਣੇ ਗਏ। ਉਨ੍ਹਾਂ ਨੇ ਹਮੇਸ਼ਾ ਹੀ ਮੁਲਾਜ਼ਮਾਂ ਅਤੇ ਦਲਿਤਾਂ ਤੇ ਪਛੜੇ ਵਰਗਾਂ ਦੇ ਹੱਕਾਂ ਲੜਾਈ ਲੜੀ ਅਤੇ ਸਮੇਂ ਸਮੇਂ ਸਿਰ ਇਸ ਦਾ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਖ਼ਮਿਆਜ਼ਾ ਵੀ ਭੁਗਤਨਾ ਪਿਆ ਹੈ। ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਦੀ ਆਵਾਜ਼ ਬੰਦ ਕਰਵਾਉਣ ਲਈ ਸਰਕਾਰੀ ਆਈਟੀਆਈ ਮੁਹਾਲੀ ’ਚੋਂ ਉਨ੍ਹਾਂ ਨੂੰ ਮੁਅੱਤਲ ਕਰਨ ਸਮੇਤ ਵਿਜੀਲੈਂਸ ਅਤੇ ਪੁਲੀਸ ਕੇਸ ਵੀ ਬਣਾਏ ਗਏ ਪ੍ਰੰਤੂ ਉਨ੍ਹਾਂ ਕਦੇ ਹਾਰ ਨਹੀਂ ਮੰਨੀ। ਸ਼ਮਸ਼ੇਰ ਪੁਰਖਾਲਵੀ ਦੇ ਨਾਲ ਉਨ੍ਹਾਂ ਦੀ ਪਤਨੀ ਸਾਬਕਾ ਕੌਂਸਲਰ ਬਲਜੀਤ ਕੌਰ ਪੁਰਖਾਲਵੀ, ਹਰਪ੍ਰੀਤ ਸਿੰਘ ਮੌਜਪੁਰ, ਜਗਵਿੰਦਰ ਸਿੰਘ, ਚੰਦ ਸਿੰਘ, ਹਰਵਿੰਦਰ ਸਿੰਘ ਮਨੌਲੀ, ਜੰਗ ਸਿੰਘ, ਗਿਆਨੀ ਜਸਵੰਤ ਸਿੰਘ, ਮਹਿਕਪ੍ਰੀਤ ਸਿੰਘ, ਊਧਮ ਸਿੰਘ, ਮਨਪ੍ਰੀਤ ਸਿੰਘ ਸ਼ਾਮਲ ਹੋਏ।