ਢਾਕਾ ਦੇ ਸ਼ਾਪਿੰਗ ਮਾਲ ਵਿੱਚ ਅੱਗ ਲੱਗਣ ਕਾਰਨ 46 ਮੌਤਾਂ

ਢਾਕਾ ਦੇ ਸ਼ਾਪਿੰਗ ਮਾਲ ਵਿੱਚ ਅੱਗ ਲੱਗਣ ਕਾਰਨ 46 ਮੌਤਾਂ

ਢਾਕਾ- ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਲੰਘੀ ਰਾਤ ਇਕ ਸੱਤ ਮੰਜ਼ਿਲਾ ਸ਼ਾਪਿੰਗ ਮਾਲ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 46 ਵਿਅਕਤੀਆਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖ਼ਮੀ ਹੋ ਗਏ। ਇਹ ਘਟਨਾ ਹਾਲ ਦੇ ਸਾਲਾਂ ਵਿੱਚ ਵਾਪਰੀ ਅੱਗ ਲੱਗਣ ਦੀਆਂ ਸਭ ਤੋਂ ਵੱਡੀਆਂ ਘਟਨਾਵਾਂ ’ਚੋਂ ਇਕ ਹੈ। ਇਹ ਜਾਣਕਾਰੀ ਅੱਜ ਬੰਗਲਾਦੇਸ਼ ਸਰਕਾਰ ਨੇ ਦਿੱਤੀ। ਵੀਰਵਾਰ ਰਾਤ ਨੂੰ ਰਾਜਧਾਨੀ ਦੇ ਬੇਲੀ ਰੋਡ ਇਲਾਕੇ ਵਿੱਚ ਲੱਗੀ ਇਸ ਅੱਗ ਨੇ ਗਰੀਨ ਕੋਜ਼ੀ ਕੌਟੇਜ ਇਮਾਰਤ ਨੂੰ ਲਪੇਟ ਵਿੱਚ ਲੈ ਲਿਆ। ਫਾਇਰ ਸੇਵਾ ਦੇ ਅਧਿਕਾਰੀਆਂ ਮੁਤਾਬਕ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਮਸ਼ਹੂਰ ਰੈਸਤਰਾਂ ‘ਕੱਚੀ ਭਾਈ’ ਵਿੱਚ ਵੀਰਵਾਰ ਨੂੰ ਰਾਤ ਕਰੀਬ 9.50 ਵਜੇ ਅੱਗ ਲੱਗ ਗਈ ਜੋ ਕਿ ਤੇਜ਼ੀ ਨਾਲ ਉੱਪਰਲੀਆਂ ਮੰਜ਼ਿਲਾ ’ਤੇ ਵੀ ਫੈਲ ਗਈ। ਇਨ੍ਹਾਂ ਮੰਜ਼ਿਲਾਂ ’ਤੇ ਰੈਸਤਰਾਂ ਤੇ ਕੱਪੜੇ ਦੀਆਂ ਦੁਕਾਨਾਂ ਸਨ। ਮਾਮਲੇ ਦੀ ਜਾਂਚ ਲਈ ਇਕ ਪੰਜ ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਗਈ ਹੈ। ਬੰਗਲਾਦੇਸ਼ ਦੇ ਸਿਹਤ ਮੰਤਰੀ ਡਾ. ਸਾਮੰਤ ਲਾਲ ਸੇਨ ਨੇ ਅੱਜ ਕਿਹਾ ਕਿ ਢਾਕਾ ਮੈਡੀਕਲ ਕਾਲਜ ਤੇ ਹਪਸਤਾਲ (ਡੀਐੱਮਸੀਐੱਚ) ਵਿੱਚ 33 ਅਤੇ ‘ਸ਼ੇਖ ਹਸੀਨਾ ਨੈਸ਼ਨਲ ਇੰਸਟੀਚਿਊਟ ਆਫ ਬਰਨ ਐਂਡ ਪਲਾਸਟਿਕ ਸਰਜਰੀ’ ਵਿੱਚ 10 ਲਾਸ਼ਾਂ ਲਿਆਂਦੀਆਂ ਗਈਆਂ ਹਨ ਅਤੇ ਇਕ ਹੋਰ ਵਿਅਕਤੀ ਦੀ ‘ਪੁਲੀਸ ਹਸਪਤਾਲ’ ਵਿੱਚ ਮੌਤ ਹੋ ਗਈ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅੱਜ ਘਟਨਾ ’ਤੇ ਦੁੱਖ ਜ਼ਾਹਿਰ ਕੀਤਾ।