ਪੰਜਾਬ ਦੇ ਸਿਹਤ ਖੇਤਰ ਵਿੱਚ ਕ੍ਰਾਂਤੀ ਆਈ: ਭਗਵੰਤ ਮਾਨ

ਪੰਜਾਬ ਦੇ ਸਿਹਤ ਖੇਤਰ ਵਿੱਚ ਕ੍ਰਾਂਤੀ ਆਈ: ਭਗਵੰਤ ਮਾਨ

ਮੁੱਖ ਮੰਤਰੀ ਵੱਲੋਂ 165 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ
ਜਲੰਧਰ- ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਪੰਜਾਬ ਦੇ ਲੋਕਾਂ ਮੁਫਤ ਸਿਹਤ ਸੇਵਾਵਾਂ ਦੇਣ ਲਈ ਕਾਰਜਸ਼ੀਲ ਹਨ ਅਤੇ ਇਨ੍ਹਾਂ ਕਲੀਨਿਕਾਂ ਨੇ ਸੂਬੇ ਦੇ ਸਿਹਤ ਸੰਭਾਲ ਖੇਤਰ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ਉਨ੍ਹਾਂ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ 165 ਹੋਰ ਆਮ ਆਦਮੀ ਕਲੀਨਿਕ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤੇ ਜਿਸ ਨਾਲ ਪੰਜਾਬ ਵਿੱਚ ਆਮ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ 829 ਹੋ ਗਈ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ ਅਤੇ ਉਮੀਦਵਾਰਾਂ ਦੇ ਨਾਵਾਂ ਬਾਰੇ ਵਿਚਾਰ ਚਰਚਾ ਚੱਲ ਰਹੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਭਾਵੇਂ ਦਿੱਲੀ ਵਾਂਗ ਪੰਜਾਬ ਦੇ ਵੀ ਕੇਂਦਰ ਸਰਕਾਰ ਨੇ ਫੰਡ ਰੋਕੇ ਹੋਏ ਹਨ ਪਰ ਫਿਰ ਵੀ ਸੂਬਾ ਸਰਕਾਰ ਆਮ ਲੋਕਾਂ ਦੇ ਭਲੇ ਲਈ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਸਾਰੀਆਂ 13 ਸੀਟਾਂ ਜਿੱਤਣ ਤੋਂ ਬਾਅਦ ਸੂਬੇ ਦੇ ਸੰਸਦ ਮੈਂਬਰ ਕੇਂਦਰ ਸਰਕਾਰ ਨੂੰ ਸੂਬੇ ਦੇ ਕਿਸੇ ਵੀ ਫੰਡ ’ਤੇ ਰੋਕ ਨਹੀਂ ਲਾਉਣ ਦੇਣਗੇ। ਮੁੱਖ ਮੰਤਰੀ ਨੇ ਆਰਡੀਐੱਫ ਅਤੇ ਐੱਨਐੱਚਐੱਮ ਤਹਿਤ ਫੰਡ ਰੋਕਣ ਲਈ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਜਿਸ ਨਾਲ ਸੂਬੇ ਦੇ ਵਿਕਾਸ ਨੂੰ ਖਤਰੇ ਵਿੱਚ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ 8000 ਕਰੋੜ ਰੁਪਏ ਤੋਂ ਵੱਧ ਦੇ ਫੰਡ ਗਲਤ ਢੰਗ ਨਾਲ ਰੋਕ ਦਿੱਤੇ ਹਨ ਜੋ ਸੂਬੇ ਨਾਲ ਬੇਇਨਸਾਫ਼ੀ ਹੈ। ਉਨ੍ਹਾਂ ਕਿ ਕਿਹਾ ਕਿ ਲੋਕ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾ ਕੇ ਸਬਕ ਸਿਖਾਉਣਗੇ। ਉਨ੍ਹਾਂ ਭਲਕੇ ਲੁਧਿਆਣਾ ਵਿੱਚ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕਰਨ ਅਤੇ ਛੇਤੀ ਹੀ ਦਿੱਲੀ ਵਿੱਚ ਵੇਰਕਾ ਦੇ 125 ਨਵੇਂ ਬੂਥ ਖੋਲ੍ਹਣ ਦਾ ਵੀ ਐਲਾਨ ਕੀਤਾ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਪਹਿਲਕਦਮੀ ਲਈ ਸੂਬਾ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਪੰਜਾਬੀਆਂ ਨੇ ਸਿਹਤ ਖੇਤਰ ਵਿੱਚ ਅਜਿਹੀ ਕ੍ਰਾਂਤੀ ਕਦੇ ਨਹੀਂ ਦੇਖੀ। ਉਨ੍ਹਾਂ ਪੰਜਾਬ ਵਿੱਚ ਕਈ ਲੋਕ ਪੱਖੀ ਅਤੇ ਵਿਕਾਸਮੁਖੀ ਪਹਿਲਕਦਮੀਆਂ ਲਈ ਵੀ ਸੂਬਾ ਸਰਕਾਰ ਦੀ ਸ਼ਲਾਘਾ ਕੀਤੀ।
ਅਕਾਲੀ ਦਲ ਅਤੇ ਭਾਜਪਾ ’ਤੇ ਤਨਜ਼ ਕਸਿਆ

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਸੰਭਾਵੀ ਗੱਠਜੋੜ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਦੋਵੇਂ ਪਾਰਟੀਆਂ ਕਦੇ ਵੀ ਇੱਕ-ਦੂਜੇ ਤੋਂ ਵੱਖ ਨਹੀਂ ਹੋਈਆਂ, ਸਗੋਂ ਪਹਿਲਾਂ ਹੀ ਘਿਓ-ਖਿਚੜੀ ਹਨ। ਉਨ੍ਹਾਂ ਅਕਾਲੀਆਂ ਨੂੰ ਇਹ ਦੱਸਣ ਦੀ ਚੁਣੌਤੀ ਦਿੱਤੀ ਕਿ ਉਹ ਕਿਸ ਮੂੰਹ ਨਾਲ ਭਾਜਪਾ ਨਾਲ ਹੱਥ ਮਿਲਾ ਰਹੇ ਹਨ, ਜਿਸ ਦੇ ਹੱਥ ਬੇਕਸੂਰ ਕਿਸਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ।
ਖਰਾਬ ਮੌਸਮ ਕਾਰਨ ਨਾ ਉੱਤਰ ਸਕਿਆ ਹੈਲੀਕਾਪਟਰ

ਦੋਵਾਂ ਮੁੱਖ ਮੰਤਰੀਆਂ ਨੂੰ ਲਿਆ ਰਿਹਾ ਹੈਲੀਕਾਪਟਰ ਮੌਸਮ ਖਰਾਬ ਹੋਣ ਕਾਰਨ ਸਮਾਗਮ ਵਾਲੀ ਥਾਂ ’ਤੇ ਨਾ ਉੱਤਰ ਸਕਿਆ। ਹੈਲੀਪੇਡ ਵਾਲੀ ਥਾਂ ’ਤੇ ਪਾਣੀ ਭਰਨ ਕਾਰਨ ਹੈਲੀਕਾਪਟਰ ਮੁੜ ਆਦਮਪੁਰ ਹਵਾਈ ਅੱਡੇ ’ਤੇ ਲਿਜਾਇਆ ਗਿਆ ਅਤੇ ਉਥੋਂ ਦੋਵੇਂ ਮੁੱਖ ਮੰਤਰੀ ਸੜਕੀ ਰਸਤੇ ਆਏ ਜਿਸ ਕਾਰਨ ਸਮਾਗਮ ਕਾਫੀ ਦੇਰ ਨਾਲ ਸ਼ੁਰੂ ਹੋਇਆ।