ਸ੍ਰੀ ਦਰਬਾਰ ਸਾਹਿਬ ਦੀ ਰੁਹਾਨੀਅਤ ਤੇ ਸਿੱਖ ਧਰਮ ’ਚ ਸੇਵਾ ਦੀ ਮਹਾਨਤਾ ਤੋਂ ਪ੍ਰਭਾਵਿਤ ਹਾਂ : ਅਮਰੀਕੀ ਰਾਜਦੂਤ ਐਰਿਕ ਐਮ. ਗਾਰਸੇਟੀ

ਸ੍ਰੀ ਦਰਬਾਰ ਸਾਹਿਬ ਦੀ ਰੁਹਾਨੀਅਤ ਤੇ ਸਿੱਖ ਧਰਮ ’ਚ ਸੇਵਾ ਦੀ ਮਹਾਨਤਾ ਤੋਂ ਪ੍ਰਭਾਵਿਤ ਹਾਂ : ਅਮਰੀਕੀ ਰਾਜਦੂਤ ਐਰਿਕ ਐਮ. ਗਾਰਸੇਟੀ

ਅੰਮ੍ਰਿਤਸਰ : ਅਮਰੀਕਾ ਦੇ ਭਾਰਤ ’ਚ ਰਾਜਦੂਤ ਅਤੇ ਕੈਲੇਫੋਰਨੀਆ ਦੇ ਸਾਬਕਾ ਮੁੱਖ ਮੰਤਰੀ ਮਿਸਟਰ ਐਰਿਕ ਐਮ. ਗਾਰਸੇਟੀ ਅੱਜ ਆਪਣੀ ਪਤਨੀ ਐਮੀ ਵੇਕਲੈਂਡ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਪਹਿਲੀ ਵਾਰ ਨਤਮਸਤਕ ਹੋਣ ਮੌਕੇ ਇਸ ਪਾਵਨ ਅਸਥਾਨ ਦੀ ਰੂਹਾਨੀਅਤ ਤੇ ਸਿੱਖ ਧਰਮ ’ਚ ਸੇਵਾ ਦੀ ਮਹਾਨਤਾ ਦੇਖ ਕੇ ਬਹੁਤ ਪ੍ਰਭਾਵਿਤ ਹੋਏ। ਮਿਸਟਰ ਗਾਰਸੇਟੀ ਨੇ ਮੱਥਾ ਟੇਕ ਕੇ ਕੀਰਤਨ ਸਰਵਣ ਕੀਤਾ। ਬਾਅਦ ਵਿਚ ਲੰਗਰ ਗੁਰੂ ਰਾਮਦਾਸ ਜੀ ਵਿਖੇ ਕੁੱਝ ਪਲ ਲੰਗਰ ਤਿਆਰ ਕਰਨ ਦੀ ਸੇਵਾ ਦੇ ਨਾਲ-ਨਾਲ ਸੰਗਤਾਂ ਦੇ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਵੀ ਕੀਤੀ। ਮਿ: ਗਾਰਸੇਟੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਸਿੱਖ ਧਰਮ ਅਤੇ ਸ੍ਰੀ ਦਰਬਾਰ ਸਾਹਿਬ ਦੇ ਇਤਿਹਾਸ ਅਤੇ ਮਰਯਾਦਾ ਬਾਰੇ ਸ਼੍ਰੋਮਣੀ ਕਮੇਟੀ ਦੇ ਵਿਦੇਸ਼ ਮਾਮਲਿਆਂ ਦੇ ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ ਵਲੋਂ ਜਾਣਕਾਰੀ ਦਿੱਤੀ ਗਈ। ਦਰਸ਼ਨ ਕਰਨ ਤੋਂ ਬਾਅਦ ਸੂਚਨਾ ਕੇਂਦਰ ਵਿਖੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਸੁਨਹਿਰੀ ਮਾਡਲ, ਦੁਸ਼ਾਲਾ ਤੇ ਸਿੱਖ ਧਰਮ ਨਾਲ ਸੰਬੰਧਿਤ ਪੁਸਤਕਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਿ: ਗਾਰਸੇਟੀ ਨੇ ਸ੍ਰੀ ਦਰਬਾਰ ਸਾਹਿਬ ਦੀ ਯਾਤਰੂ ਪੁਸਤਕ ਵਿਚ ਲਿਖਿਆ ਕਿ ’ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੰਸਾਰ ਭਰ ਦੇ ਕੁੱਝ ਕੁ ਧਾਰਮਿਕ ਅਸਥਾਨਾਂ ਵਿਚੋਂ ਉਹ ਸਰਵਉਚ ਧਾਰਮਿਕ ਅਸਥਾਨ ਹੈ, ਜਿਥੇ ਆ ਕੇ ਮਨੁੱਖ ਨੂੰ ਰੂਹਾਨੀਅਤ ਦਾ ਅਹਿਸਾਸ ਹੁੰਦਾ ਹੈ। ਇਥੇ ਬਿਨਾਂ ਕਿਸੇ ਵਿਤਕਰੇ ਤੋਂ ਮਨੁੱਖਤਾ ਦੀ ਸਹੀ ਮਾਅਣਿਆਂ ਵਿਚ ਸੇਵਾ ਕੀਤੀ ਜਾਂਦੀ ਹੈ, ਜੋ ਸਿੱਖ ਧਰਮ ਦੀ ਵਿਲੱਖਣਤਾ ਹੈ। ਉਨ੍ਹਾਂ ਸਿੱਖ ਧਰਮ ਤੇ ਅਮਰੀਕਾ ਦੀ ਦੋਸਤੀ ਦੀ ਕਾਮਨਾ ਕਰਦਿਆਂ ਕਿਹਾ ਕਿ ਇਸ ਨਾਲ ਸਮੁੱਚੇ ਵਿਸ਼ਵ ਵਿਚ ਅਮਨ ਸ਼ਾਂਤੀ ਹੋਵੇਗੀ।’ ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਮਾਤਾ ਪਿਤਾ ਸੰਨ੍ਹ 1963 ਵਿਚ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਆਏ ਸਨ ਤੇ ਉਸ ਨੇ ਬਚਪਨ ਵਿਚ ਇਸ ਪਵਿੱਤਰ ਅਸਥਾਨ ਦੀ ਮਹਾਨਤਾ ਬਾਰੇ ਆਪਣੇ ਮਾਤਾ-ਪਿਤਾ ਤੋਂ ਬਹੁਤ ਕੁੱਝ ਸੁਣ ਰੱਖਿਆ ਸੀ ਤੇ ਅੱਜ ਇਥੇ ਦਰਸ਼ਨ ਕਰਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ ਤੇ ਮੇਰਾ ਸੁਪਨਾ ਪੂਰਾ ਹੋਇਆ ਹੈ। ਇਸ ਮੌਕੇ ਰਾਜਦੂਤ ਨੇ ਐਡਵੋਕੇਟ ਧਾਮੀ ਨਾਲ ਗੱੱਲਬਾਤ ਦੌਰਾਨ ਅਮਰੀਕਾ ਵੱਸਦੇ ਸਿੱਖਾਂ ਸਮੇਤ ਵੱਖ-ਵੱਖ ਵਿਸ਼ਿਆਂ ਉੱਤੇ ਵਿਚਾਰ ਚਰਚਾ ਵੀ ਕੀਤੀ। ਐਡਵੋਕੇਟ ਧਾਮੀ ਨੇ ਮਿ: ਗਾਰਸੇਟੀ ਤੋਂ ਮੰਗ ਕੀਤੀ ਕਿ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਅਮਰੀਕਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਉਚੇਚੇ ਯਤਨ ਕੀਤੇ ਜਾਣ। ਇਸ ਮੌਕੇ ਸ਼ਾਹਬਾਜ਼ ਸਿੰਘ ਰੰਧਾਵਾ, ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ, ਰਣਧੀਰ ਸਿੰਘ ਵਰਪਾਲ, ਜਤਿੰਦਰਪਾਲ ਸਿੰਘ, ਮੈਨੇਜਰ ਨਰਿੰਦਰ ਸਿੰਘ ਮਥਰੇਵਾਲ, ਸਤਨਾਮ ਸਿੰਘ ਰਿਆੜ, ਨਿਸ਼ਾਨ ਸਿੰਘ ਜ਼ੱਫਰਵਾਲ ਤੇ ਸਤਨਾਮ ਸਿੰਘ ਝਬਾਲ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।