ਮੋਦੀ ਨੇ ਮਾਤ ਭਾਸ਼ਾ ਨੂੰ ਵਿਸ਼ਵ ਪੱਧਰ ’ਤੇ ਪਹੁੰਚਾਇਆ: ਸ਼ਾਹ

ਮੋਦੀ ਨੇ ਮਾਤ ਭਾਸ਼ਾ ਨੂੰ ਵਿਸ਼ਵ ਪੱਧਰ ’ਤੇ ਪਹੁੰਚਾਇਆ: ਸ਼ਾਹ

ਗ੍ਰਹਿ ਮੰਤਰੀ ਨੇ ਗਾਂਧੀਨਗਰ ’ਚ ਮੈਡੀਕਲ ਕਾਲਜ ਦੇ ਉਦਘਾਟਨ ਵੇਲੇ ਕੇਂਦਰ ਸਰਕਾਰ ਦਾ ਕੀਤਾ ਗੁਣਗਾਣ
ਗਾਂਧੀਨਗਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬੱਚਿਆਂ ਦੇ ਮਨਾਂ ’ਚੋਂ ਭਾਸ਼ਾ ਪ੍ਰਤੀ ਹੀਣਭਾਵਨਾ ਵਾਲੀ ਸੋਚ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ ਅਤੇ ਲੋਕਾਂ ’ਚ ਆਪਣੀ ਭਾਸ਼ਾ, ਸੱਭਿਆਚਾਰ, ਦੇਸ਼ ਅਤੇ ਧਰਮ ਦੇ ਪ੍ਰਤੀ ਮਾਣ ਕਰਨ ਦੀ ਭਾਵਨਾ ਪੈਦਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਜੀ20 ਵਿਸ਼ਵ ਪੱਧਰ ਦੇ ਮੰਚਾਂ ’ਤੇ ਹਿੰਦੀ ’ਚ ਭਾਸ਼ਣ ਦੇ ਕੇ ਦੁਨੀਆ ’ਚ ਆਪਣੀ ਗੱਲ ਰੱਖੀ। ਉਨ੍ਹਾਂ ਆਪਣੇ ਲੋਕ ਸਭਾ ਖੇਤਰ ਗਾਂਧੀਨਗਰ ਦੇ ਕਲੋਲ ’ਚ ਸ੍ਰੀ ਸਵਾਮੀਨਾਰਾਇਨ ਵਿਸ਼ਵਮੰਗਲ ਗੁਰੂਕੁਲ ਵੱਲੋਂ ਸੰਚਾਲਿਤ ਮੈਡੀਕਲ ਕਾਲਜ ਦਾ ਉਦਘਾਟਨ ਕਰਨ ਤੋਂ ਬਾਅਦ ਇਕ ਜਨਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਪਿਛਲੇ ਇਕ ਦਹਾਕੇ ’ਚ ਦੇਸ਼ ’ਚ ਸਿਹਤ ਸੇਵਾਵਾਂ ’ਚ ਤੇਜ਼ੀ ਨਾਲ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਕਿ ਮੋਦੀ ਅਗਲੇ ਹੋਰ ਪੰਜ ਸਾਲ ਲਈ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਸ਼ਾਹ ਨੇ ਕਿਹਾ, ‘‘ਪਹਿਲੀ ਵਾਰ ਮੋਦੀ ਸਰਕਾਰ ਨੇ ਹੀ ਵਿਦਿਆਰਥੀਆਂ ਲਈ ਉਨ੍ਹਾਂ ਦੀ ਮਾਤ ਭਾਸ਼ਾ ’ਚ ਮੈਡੀਕਲ ਅਤੇ ਇੰਜਨੀਅਰਿੰਗ ਪਾਠਕ੍ਰਮ ਦੀ ਪੜ੍ਹਾਈ ਦੀ ਵਿਵਸਥਾ ਕੀਤੀ। ਜੋ ਵਿਦਿਆਰਥੀ ਗੁਜਰਾਤ ’ਚ ਗੁਜਰਾਤੀ ਭਾਸ਼ਾ ਵਿਚ ਮੈਡੀਕਲ ਸਾਇੰਸ ਦੀ ਪੜ੍ਹਾਈ ਕਰਨਾ ਚਾਹੁੰਦੇ ਹਨ, ਉਹ ਵੀ ਵਿਸ਼ਵ ਪੱਧਰ ਦੇ ਨਾਮੀ ਡਾਕਟਰ ਬਣ ਸਕਦੇ ਹਨ।’’

ਪ੍ਰਧਾਨ ਮੰਤਰੀ ਮੋਦੀ ਨੇ ਬੱਚਿਆਂ ਦੇ ਮਨ ’ਚੋਂ ਭਾਸ਼ਾ ਪ੍ਰਤੀ ਹੀਣ ਭਾਵਨਾ ਨੂੰ ਖਤਮ ਕਰਨ ਲਈ ਕੰਮ ਕੀਤਾ।’’ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ਭਗਤੀ ਦੀ ਗੱਲ ਕਰਨ ਵਾਲੇ ਭਾਰਤ ਦੇ ਆਗੂਆਂ ਨੂੰ ਵਿਦੇਸ਼ਾਂ ’ਚ ਫਰਾਟੇਦਾਰ ਅੰਗਰੇਜ਼ੀ ਬੋਲਦੇ ਦੇਖਿਆ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਦੇਸ਼ ਦੇ ਨੌਜਵਾਨਾਂ ਨੂੰ ਭਰੋਸਾ ਹੋਇਆ ਹੈ ਕਿ 2047 ’ਚ ਜਦੋਂ ਭਾਰਤ ਆਪਣੀ ਆਜ਼ਾਦੀ ਦਾ ਸ਼ਤਾਬਦੀ ਵਰ੍ਹਾ ਪੂਰਾ ਕਰੇਗਾ ਤਾਂ ਦੇਸ਼ ਦੁਨੀਆ ਦੇ ਸਿਖਰ ’ਤੇ ਹੋਵੇਗਾ। ਉਨ੍ਹਾਂ ਕਿਹਾ, ‘‘2047 ’ਚ ਇਥੇ ਬੈਠੇ ਨੌਜਵਾਨ ਦੇਖਣਗੇ ਕਿ ਵਿਦੇਸ਼ਾਂ ’ਚ ਲੋਕ ਭਾਰਤੀ ਵੀਜ਼ਾ ਲੈਣ ਲਈ ਕਿਸ ਤਰ੍ਹਾਂ ਕਤਾਰਾਂ ਲਗਾਉਣਗੇ। ਮੋਦੀ ਦੀ ਅਗਵਾਈ ਹੇਠ ਇਸ ਤਰ੍ਹਾਂ ਦਾ ਭਾਰਤ ਬਣਾਇਆ ਜਾ ਰਿਹਾ ਹੈ।’’