ਰਾਜ ਸਭਾ ਚੋਣ: ਹਿਮਾਚਲ ਦੀ ਸੁੁੱਖੂ ਸਰਕਾਰ ਨੂੰ ਝਟਕਾ

ਰਾਜ ਸਭਾ ਚੋਣ: ਹਿਮਾਚਲ ਦੀ ਸੁੁੱਖੂ ਸਰਕਾਰ ਨੂੰ ਝਟਕਾ

  • ਕਾਂਗਰਸੀ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਹਾਰੇ * ਭਾਜਪਾ ਦੇ ਹਰਸ਼ ਮਹਾਜਨ ਲਾਟਰੀ ਦੇ ਡਰਾਅ ’ਚ ਜਿੱਤੇ * ਕਾਂਗਰਸ ਦੇ 6 ਤੇ 3 ਆਜ਼ਾਦ ਵਿਧਾਇਕਾਂ ਨੇ ਮਹਾਜਨ ਨੂੰ ਵੋਟ ਪਾਈ
  • ਕਰਾਸ ਵੋਟਿੰਗ ਮਗਰੋਂ ਸ਼ਿਮਲਾ ਤੋਂ ਗਾਇਬ ਰਹੇ 9 ਵਿਧਾਇਕ

ਸ਼ਿਮਲਾ – ਹਿਮਾਚਲ ਪ੍ਰਦੇਸ਼ ਵਿਚ ਸੱਤਾਧਾਰੀ ਕਾਂਗਰਸ ਨੂੰ ਅੱਜ ਰਾਜ ਸਭਾ ਚੋਣਾਂ ਦੌਰਾਨ ਆਪਣੇ ਹੀ ਛੇ ਪਾਰਟੀ ਵਿਧਾਇਕਾਂ ਵੱਲੋਂ ਕੀਤੀ ਕਰਾਸ ਵੋਟਿੰਗ ਕਰਕੇ ਵੱਡਾ ਝਟਕਾ ਲੱਗਾ ਹੈ। ਤਿੰਨ ਆਜ਼ਾਦ ਵਿਧਾਇਕਾਂ ਨੇ ਵੀ ਭਾਜਪਾ ਉਮੀਦਵਾਰ ਹਰਸ਼ ਮਹਾਜਨ ਦੇ ਹੱਕ ਵਿਚ ਵੋਟ ਪਾਈ। ਵੋਟਾਂ ਦੀ ਗਿਣਤੀ ਹੋਈ ਤਾਂ ਮਹਾਜਨ ਤੇ ਉਨ੍ਹਾਂ ਦੇ ਵਿਰੋਧੀ ਕਾਂਗਰਸੀ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਵਿਚਾਲੇ ਮੁਕਾਬਲਾ 34-34 ਵੋਟਾਂ ਨਾਲ ਡਰਾਅ ਹੋ ਗਿਆ। ਮਗਰੋਂ ਲਾਟਰੀ ਰਾਹੀਂ ਕੱਢੀ ਪਰਚੀ ਵਿਚ ਹਰਸ਼ ਮਹਾਜਨ ਨੂੰ ਜੇਤੂ ਐਲਾਨ ਦਿੱਤਾ ਗਿਆ। ਕਰਾਂਸ ਵੋਟਿੰਗ ਕਰਨ ਵਾਲੇ ਕਾਂਗਰਸ ਦੇ 6 ਵਿਧਾਇਕਾਂ ਵਿਚ ਸੁਧੀਰ ਸ਼ਰਮਾ, ਰਾਜੇਂਦਰ ਰਾਣਾ, ਇੰਦਰਦੱਤ ਲਖਨਪਾਲ, ਰਵੀ ਠਾਕੁਰ, ਚੈਤੰਨਿਆ ਸ਼ਰਮਾ ਤੇ ਦੇਵੇਂਦਰ ਭੁੱਟੋ ਸ਼ਾਮਲ ਹਨ। ਇਸ ਤੋਂ ਇਲਾਵਾ ਤਿੰਨ ਆਜ਼ਾਦ ਵਿਧਾਇਕ ਹੁਸ਼ਿਆਰ ਸਿੰਘ, ਕੇ.ਐੱਲ.ਠਾਕੁਰ ਤੇ ਆਸ਼ੀਸ਼ ਸ਼ਰਮਾ ਨੇ ਭਾਜਪਾ ਦੇ ਹੱਕ ਵਿਚ ਵੋਟ ਪਾਈ।

ਵੋਟ ਪਾਉਣ ਮਗਰੋਂ ਇਹ 9 ਵਿਧਾਇਕ ਸ਼ਿਮਲਾ ਤੋਂ ਗਾਇਬ ਹੋ ਗਏ ਤੇ ਪੰਚਕੂਲਾ ਪਹੁੰਚ ਗਏ। ਜਾਣਕਾਰੀ ਮੁਤਾਬਕ ਭਾਜਪਾ ਵਿਧਾਇਕ ਵਿਕਰਮ ਸਿੰਘ ਠਾਕੁਰ ਵੀ ਉਨ੍ਹਾਂ ਦੇ ਨਾਲ ਸਨ। ਸੂਤਰਾਂ ਮੁਤਾਬਕ ਇਹ ਸਾਰੇ ਵਿਧਾਇਕ ਸੀਆਰਪੀਐੱਫ ਤੇ ਹਰਿਆਣਾ ਪੁਲੀਸ ਦੀ ਸੁਰੱਖਿਆ ਵਿਚ ਹਿਮਾਚਲ ਤੋਂ ਬਾਹਰ ਨਿਕਲੇ ਤੇ ਇਸ ਪੂਰੇ ਘਟਨਾਕ੍ਰਮ ਦੀ ਸੁੱਖੂ ਸਰਕਾਰ ਨੂੰ ਖ਼ਬਰ ਤੱਕ ਨਹੀਂ ਲੱਗੀ। ਹਿਮਾਚਲ ਪ੍ਰਦੇਸ਼ ਦੀ ਇਕ ਰਾਜ ਸਭਾ ਸੀਟ ਦਾ ਚੋਣ ਨਤੀਜਾ ਸੱਤਾਧਾਰੀ ਕਾਂਗਰਸ ਲਈ ਝਟਕਾ ਹੈ। ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਰਾਜ ਸਭਾ ਚੋਣ ਦੇ ਨਤੀਜਿਆਂ ਨਾਲ ਉਨ੍ਹਾਂ ਦੀ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ। ਹਾਲਾਂਕਿ ਕੁਝ ਹੋਰ ਵਿਧਾਇਕਾਂ ਦੇ ਟੁੱਟਣ ਨਾਲ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਘੱਟਗਿਣਤੀ ਵਿਚ ਆ ਸਕਦੀ ਹੈ। ਮੌਜੂਦਾ ਸਮੇਂ 68 ਮੈਂਬਰੀ ਹਿਮਾਚਲ ਪ੍ਰਦੇਸ਼ ਅਸੈਂਬਲੀ ਵਿਚ ਕਾਂਗਰਸ ਦੇ 40, ਭਾਜਪਾ ਦੇ 25 ਤੇ ਤਿੰਨ ਆਜ਼ਾਦ ਵਿਧਾਇਕ ਹਨ।