ਅਮਰੀਕਾ ਸਿੱਖਾਂ ਦੇ ਹੱਕ ਅਤੇ ਸੁਰੱਖਿਆ ’ਚ ਚਟਾਨ ਵਾਂਗ ਖੜ੍ਹਾ

ਅਮਰੀਕਾ ਸਿੱਖਾਂ ਦੇ ਹੱਕ ਅਤੇ ਸੁਰੱਖਿਆ ’ਚ ਚਟਾਨ ਵਾਂਗ ਖੜ੍ਹਾ

ਦੁਨੀਆ ਦੇ ਵੱਡੇ ਸਿੱਖ ਆਗੂਆਂ ਦੇ ਕਤਲ ਅਤੇ ਉਨ੍ਹਾਂ ਉਪਰ ਹਮਲੇ ਪ੍ਰਤੀ ਅਮਰੀਕਨ ਸਿੱਖ ਕਾਕਸ
ਕਮੇਟੀ ਅਤੇ ਅਮਰੀਕਨ ਸਿੱਖ ਕਾਂਗਰੇਸ਼ਨਲ ਵੱਲੋਂ ਅੰਤਰਰਾਸ਼ਟਰੀ ਦਮਨ ਦੇ ਮੁੱਦੇ ’ਤੇ ਆਯੋਜਨ
ਵਾਸ਼ਿੰਗਟਨ : ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਚ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ’ਤੇ ਕਾਂਗਰੇਸ਼ਨਲ ਬਰੀਫਿੰਗ ਹੋਈ। ਇਸ ਬਰੀਫਿੰਗ ਦਾ ਪ੍ਰਬੰਧ ਅਮਰੀਕਨ ਸਿੱਖ ਕਾਕਸ ਕਮੇਟੀ ਅਤੇ ਅਮਰੀਕਨ ਸਿੱਖ ਕਾਂਗਰੇਸ਼ਨਲ ਕਾਕਸ ਵੱਲੋਂ ਕੀਤਾ ਗਿਆ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਭਾਰਤ ਸਰਕਾਰ ਵੱਲੋਂ ਸਿੱਖਾਂ ਨਾਲ ਹੋ ਰਹੀਆਂ ਜ਼ਿਆਦਤੀਆਂ ਨੂੰ ਮੁੱਖ ਰੱਖਦਿਆਂ ਇਹ ਬਰੀਫਿੰਗ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਭਾਵੇਂ ਇਹ ਪ੍ਰੋਗਰਾਮ ਟਰਾਂਸਨੈਸ਼ਨਲ ਰਿਪਰੈਸ਼ਨ ਮੁੱਦੇ ’ਤੇ ਸੀ, ਜਿਸ ਵਿਚ ਰੂਸ, ਚੀਨ ਅਤੇ ਹੋਰ ਦੇਸ਼ਾਂ ’ਤੇ ਵੀ ਚਰਚਾ ਹੋਈ, ਪਰ ਭਾਰਤ ’ਤੇ ਜ਼ਿਆਦਾ ਫੋਕਸ ਸੀ।
ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਭਾਰਤ ਵੱਲੋਂ ਸਿੱਖਾਂ ’ਤੇ ਹੋ ਰਹੀਆਂ ਜ਼ਿਆਦਤੀਆਂ, ਜਿਵੇਂ ਕਿ ਗੁਰਪਤਵੰਤ ਸਿੰਘ ਪਨੂੰ ’ਤੇ ਹਮਲੇ ਦੀ ਸਾਜ਼ਿਸ਼, ਹਰਦੀਪ ਸਿੰਘ ਨਿੱਜਰ ਦਾ ਕਤਲ ਅਤੇ ਅਮਰੀਕਾ ਵਿਚ ਕੁੱਝ ਹੋਰ ਚੋਣਵੇਂ ਸਿੱਖ ਆਗੂਆਂ ਨੂੰ ਨਿਸ਼ਾਨੇ ’ਤੇ ਲੈ ਕੇ ਵਾਰਦਾਤ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਖੁੱਲ੍ਹ ਕੇ ਵਿਚਾਰ-ਚਰਚਾ ਹੋਈ। ਉਨ੍ਹਾਂ ਦੱਸਿਆ ਕਿ ਐੱਫ.ਬੀ.ਆਈ. ਨੇ ਇਨ੍ਹਾਂ ਚੋਣਵੇਂ ਸਿੱਖ ਆਗੂਆਂ ਨੂੰ ਪਹਿਲਾਂ ਹੀ ਹਮਲੇ ਬਾਰੇ ਅਗਾਹ ਕਰ ਦਿੱਤਾ ਸੀ ਅਤੇ ਇਥੇ ਮੌਜੂਦ ਸਾਰੇ ਕਾਂਗਰਸਮੈਨਾਂ ਨੇ ਇਕਸੁਰ ਹੋ ਕੇ ਕਿਹਾ ਕਿ ਕਿਸੇ ਵੀ ਮੁਲਕ ਵੱਲੋਂ ਅਜਿਹੀਆਂ ਕਾਰਵਾਈਆਂ ਨਾਬਰਦਾਸ਼ਤ ਯੋਗ ਹਨ। ਉਨ੍ਹਾਂ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੀ ਵੀ ਹਮਾਇਤ ਕੀਤੀ।
ਇਸ ਮੀਟਿੰਗ ਵਿਚ ਸਿੱਖ ਕਾਕਸ ਦੇ ਕੋ-ਚੇਅਰ ਕਾਂਗਰਸ ਮੈਂਬਰ ਡੇਵਿਡ ਵਾਲਾਡਾਓ ਅਤੇ ਮੈਰੀ ਗੇਅ ਸਕੈਨਲੋਨ ਤੋਂ ਬਿਨਾਂ ਹਾਊਸ ਮਾਇਨੋਰਿਟੀ ਵਿਪ ਕੈਥਰੀਨ ਕਲਾਰਕ, ਕਾਂਗਰਸਮੈਨ ਡੋਨਲਡ ਨੋਰਕਰੋਸ, ਕਾਂਗਰਸਮੈਨ ਪੀਟ ਸੈਸ਼ਨ, ਕਾਂਗਰਸਮੈਨ ਜਿਮ ਕੋਸਟਾ ਵੀ ਸ਼ਾਮਲ ਹੋਏ। ਐਕਸਪਰਟ ਪੈਨਲ ਵਿਚ ਯੂ.ਐੱਨ. ਅੰਡਰ ਸੈਕਟਰੀ ਜਨਰਲ ਬੀਬੀ ਦਰਿਤੋ, ਪਾਲਿਸੀ ਐਂਡ ਫਰੀਡਮ ਹਾਊਸ ਦੀ ਡਿਪਟੀ ਡਾਇਰੈਕਟਰ ਕੈਟੀ ਲਾਰਕਿਊ, ਯੂ.ਐੱਨ. ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਡਾ. ਇਕਤਿਦਾਰ ਚੀਮਾ ਨੇ ਮੁੱਖ ਬੁਲਾਰੇ ਦੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੀਟਿੰਗ ਦਾ ਮੁੱਖ ਮੁੱਦਾ ਭਾਰਤ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਟਰਾਂਸਨੈਸ਼ਨਲ ਰਿਪਰੈਸ਼ਨ ਦੀਆਂ ਕਾਰਵਾਈਆਂ ਸਨ। ਬੁਲਾਰਿਆਂ ਨੇ ਭਾਰਤ ਵੱਲੋਂ ਵੱਖ-ਵੱਖ ਮੁਲਕਾਂ ਵਿਚ ਸਿੱਖਾਂ ਨੂੰ ਕਤਲ ਕੀਤੇ ਜਾਣ ਜਾਂ ਕਤਲ ਕਰਨ ਦੀਆਂ ਕੋਸ਼ਿਸ਼ਾਂ ਕੀਤੇ ਜਾਣ ਬਾਰੇ ਸਖਤ ਟਿੱਪਣੀਆਂ ਕੀਤੀਆਂ।
ਇਸ ਮੀਟਿੰਗ ਵਿਚ ਅਮਰੀਕਾ ਦੀਆਂ ਦੋਵੇਂ ਮੁੱਖ ਪਾਰਟੀਆਂ ਰਿਪਬਲਿਕਨ ਅਤੇ ਡੈਮੋਕ੍ਰੇਟਸ ਵੱਲੋਂ ਵੀ ਮੈਂਬਰ ਸ਼ਾਮਲ ਹੋਏ। ਅਮਰੀਕਨ ਸਿੱਖ ਕਾਕਸ ਦੇ ਕੋ-ਚੇਅਰ ਕਾਂਗਰਸਮੈਂਬਰ ਡੇਵਿਡ ਵਾਲਾਡਾਓ ਅਤੇ ਮੈਰੀ ਗੇਅ ਸਕੈਨਲੇਨ ਦੇ ਸਹਿਯੋਗ ਨਾਲ ਇਹ ਬਰੀਫਿੰਗ ਕਰਵਾਈ ਗਈ। ਇਸ ਮੀਟਿੰਗ ਦਾ ਪ੍ਰਬੰਧ ਕਰਨ ਵਿਚ ਵਿਸ਼ੇਸ਼ ਤੌਰ ’ਤੇ ਜੁਗਰਾਜ ਸਿੰਘ, ਹਰਜਿੰਦਰ ਸਿੰਘ ਅਤੇ ਯਾਦਵਿੰਦਰ ਸਿੰਘ ਦਾ ਵਿਸ਼ੇਸ਼ ਯੋਗਦਾਨ ਸੀ। ਹਮੇਸ਼ਾ ਦੀ ਤਰ੍ਹਾਂ ਯੂ.ਐੱਨ. ਦੀ ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਡਾ. ਇਕਤਿਦਾਰ ਚੀਮਾ ਦੀ ਭੂਮਿਕਾ ਅਹਿਮ ਸੀ। ਇਸ ਅਹਿਮ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਭ ਨੁਮਾਇੰਦਿਆਂ ਦਾ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਕਨਵੀਨਰ ਡਾ. ਪ੍ਰਿਤਪਾਲ ਸਿੰਘ ਨੇ ਧੰਨਵਾਦ ਕੀਤਾ।