ਸਿੱਖਾਂ ਨੇ ਹੱਕ-ਸੱਚ ਖਾਤਰ ਹਮੇਸ਼ਾ ਕੁਰਬਾਨੀਆਂ ਦਿੱਤੀਆਂ: ਧਾਮੀ

ਸਿੱਖਾਂ ਨੇ ਹੱਕ-ਸੱਚ ਖਾਤਰ ਹਮੇਸ਼ਾ ਕੁਰਬਾਨੀਆਂ ਦਿੱਤੀਆਂ: ਧਾਮੀ

ਜੈਤੋ- ਸਿੱਖਾਂ ਵੱਲੋਂ ਬਰਤਾਨਵੀ ਹਕੂਮਤ ਦੇ ਜਬਰ ਜ਼ੁਲਮ ਖ਼ਿਲਾਫ਼ ਲਾਏ ਗਏ ਜੈਤੋ ਦੇ ਮੋਰਚੇ ਦੇ ਸ਼ਤਾਬਦੀ ਸਮਾਗਮ ਅੱਜ ਇੱਥੇ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਵਿਖੇ ਪੰਥਕ ਰਵਾਇਤਾਂ ਅਨੁਸਾਰ ਆਰੰਭ ਹੋਏ। ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਮੌਕੇ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਤੋਂ ਗੁਰਦੁਆਰਾ ਅੰਗੀਠਾ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਗਿਆ। ਇਸ ਤੋਂ ਪਹਿਲਾਂ ਅਖੰਠ ਪਾਠ ਸਾਹਿਬ ਆਰੰਭ ਹੋਏ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਹੱਕ ਸੱਚ ਦੀ ਪਹਿਰੇਦਾਰੀ ਖ਼ਾਤਰ ਵੱੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਜੈਤੋ ਦਾ ਮੋਰਚਾ ਇਸੇ ਹੀ ਸ਼ਾਨਾਮੱਤੇ ਇਤਿਹਾਸ ਦੀ ਤਰਜ਼ਮਾਨੀ ਕਰਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦਾ ਇਹ ਇਤਿਹਾਸ ਸੰਗਤਾਂ ਅਤੇ ਖਾਸ ਕਰ ਨੌਜਵਾਨੀ ਲਈ ਪ੍ਰੇਰਣਾ ਸਰੋਤ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਮੌਜੂਦਾ ਸਮੇਂ ਸਿੱਖ ਧਰਮ ਨੂੰ ਲੁਕਵੇਂ ਰੂਪ ਵਿਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਰਪੇਸ਼ ਹਨ, ਜਿਨ੍ਹਾਂ ਨੂੰ ਪਛਾਣ ਕੇ ਇਕਜੁੱਟਤਾ ਨਾਲ ਮੁਕਾਬਲਾ ਕਰਨ ਦੀ ਲੋੜ ਹੈ। ਇਸੇ ਦੌਰਾਨ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਸੰਪੂਰਨ ਹੋਇਆ। ਨਗਰ ਕੀਰਤਨ ਵਿੱਚ ਨਿਹੰਗ ਸਿੰਘ ਦਲਾਂ ਵੱਲੋਂ ਊਠਾਂ ਅਤੇ ਘੋੜਿਆਂ ਨਾਲ ਸ਼ਮੂਲੀਅਤ ਕੀਤੀ ਗਈ। ਜੈਤੋ ਮੋਰਚੇ ਨਾਲ ਸਬੰਧਤ ਵੱਖ-ਵੱਖ ਇਤਿਹਾਸਕ ਝਾਕੀਆਂ ਵੀ ਸੰਗਤ ਲਈ ਖਿੱਚ ਦਾ ਕੇਂਦਰ ਬਣੀਆਂ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਮੈਂਬਰ ਕੇਵਲ ਸਿੰਘ ਬਾਦਲ, ਸ਼ੇਰ ਸਿੰਘ ਮੰਡਵਾਲਾ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਬੀਬੀ ਜੋਗਿੰਦਰ ਕੌਰ, ਅਕਾਲੀ ਦਲ ਦੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ, ਹਰਵਿੰਦਰ ਸਿੰਘ ਖਾਲਸਾ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਬਿਜੈ ਸਿੰਘ, ਮੀਤ ਸਕੱਤਰ ਬਲਵਿੰਦਰ ਸਿੰਘ ਖੈਰਾਬਾਦ, ਮਨਜੀਤ ਸਿੰਘ ਤਲਵੰਡੀ, ਸੁਖਬੀਰ ਸਿੰਘ, ਹਰਭਜਨ ਸਿੰਘ ਵਕਤਾ, ਬੁੱਢਾ ਦਲ ਵੱਲੋਂ ਬਾਬਾ ਸਰਵਨ ਸਿੰਘ ਮਝੈਲ ਹਾਜ਼ਰ ਸਨ।
ਜੈਤੋ ਦੇ ਮੋਰਚੇ ਬਾਰੇ ਪੁਸਤਕ ‘ਖੂਨੀ ਦਾਸਤਾਨ’ ਜਾਰੀ

ਸ਼੍ਰੋਮਣੀ ਕਮੇਟੀ ਵੱਲੋਂ ਜੈਤੋ ਮੋਰਚੇ ਦੇ ਇਤਿਹਾਸ ਨੂੰ ਤਸਵੀਰਾਂ ਰਾਹੀਂ ਰੂਪਮਾਨ ਕਰਦੀ ਸਚਿੱਤਰ ਪੁਸਤਕ ਅੱਜ ਸ਼ਤਾਬਦੀ ਸਮਾਗਮਾਂ ਦੇ ਪਹਿਲੇ ਦਿਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਰੀ ਕੀਤੀ। ਉਨ੍ਹਾਂ ਦੱਸਿਆ ਕਿ ਸਿੱਖ ਇਤਿਹਾਸ ਅੰਦਰ ਜੈਤੋ ਦੇ ਮੋਰਚੇ ਦਾ ਵੱਡਾ ਮਹੱਤਵ ਹੈ, ਜਿਸ ਨੂੰ ਅਗਲੀ ਪੀੜ੍ਹੀ ਤੱਕ ਲਿਜਾਣ ਲਈ ਸਚਿੱਤਰ ਪੁਸਤਕ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਤਿਹਾਸਕਾਰ ਹਰਵਿੰਦਰ ਸਿੰਘ ਖਾਲਸਾ ਨੇ ਇਸ ਪੁਸਤਕ ਵਿਚ ਉਸ ਸਮੇਂ ਦੀਆਂ ਕਈ ਅਹਿਮ ਤਸਵੀਰਾਂ ਨੂੰ ਸ਼ਾਮਿਲ ਕਰਨ ਦੇ ਨਾਲ-ਨਾਲ ਜੈਤੋ ਦੇ ਮੋਰਚੇ ਦੇ ਸਾਰੇ ਜਥਿਆਂ ਅਤੇ ਸ਼ਹੀਦਾਂ ਦੇ ਵੇਰਵੇ ਦਰਜ ਕੀਤੇ ਗਏ ਹਨ। ਐਡਵੋਕੇਟ ਧਾਮੀ ਨੇ ਦੱਸਿਆ ਕਿ ਸ਼ਤਾਬਦੀ ਸਮਾਗਮ 21 ਫਰਵਰੀ ਤੱਕ ਜਾਰੀ ਰਹਿਣਗੇ।