ਤੀਜਾ ਟੈਸਟ: ਜੈਸਵਾਲ ਦੇ ਸੈਂਕੜੇ ਸਦਕਾ ਭਾਰਤ ਦੀ ਪਕੜ ਮਜ਼ਬੂਤ

ਤੀਜਾ ਟੈਸਟ: ਜੈਸਵਾਲ ਦੇ ਸੈਂਕੜੇ ਸਦਕਾ ਭਾਰਤ ਦੀ ਪਕੜ ਮਜ਼ਬੂਤ

ਇੰਗਲੈਂਡ ਪਹਿਲੀ ਪਾਰੀ ’ਚ 319 ਦੌੜਾਂ ’ਤੇ ਆਊਟ; ਮੇਜ਼ਬਾਨ ਟੀਮ ਨੇ 322 ਦੌੜਾਂ ਦੀ ਲੀਡ ਲਈ
ਰਾਜਕੋਟ- ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਸੈਂਕੜੇ ਤੇ ਸ਼ੁਭਮਨ ਗਿੱਲ ਦੇ ਨੀਮ ਸੈਂਕੜੇ ਸਦਕਾ ਭਾਰਤ ਨੇ ਇੱਥੇ ਇੰਗਲੈਂਡ ਖ਼ਿਲਾਫ਼ ਤੀਜੇ ਟੈਸਟ ਦੇ ਤੀਜੇ ਦਿਨ ਦੂਜੀ ਪਾਰੀ ’ਚ ਦੋ ਵਿਕਟਾਂ ’ਤੇ 196 ਦੌੜਾਂ ਬਣਾਉਂਦਿਆਂ ਮਹਿਮਾਨ ਟੀਮ ਤੋਂ 322 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਜੈਸਵਾਲ (ਨਾਬਾਦ 104 ਦੌੜਾਂ) ਤੇ ਸ਼ੁਭਮਨ ਗਿੱਲ (ਨਾਬਾਦ 65 ਦੌੜਾਂ) ਨੇ ਸ਼ਾਨਦਾਰ ਪਾਰੀਆਂ ਖੇਡਦਿਆਂ ਟੀਮ ਨੂੰ ਮਜ਼ਬੂਤ ਸਥਿਤੀ ’ਚ ਪਹੁੰਚਾ ਦਿੱਤਾ। ਇਸ ਦੌਰਾਨ ਜੈਸਵਾਲ ਮਾਸਪੇਸ਼ੀਆਂ ’ਚ ਖਿਚਾਅ ਕਾਰਨ ਮੈਦਾਨ ਵਿੱਚੋਂ ਬਾਹਰ ਚਲਾ ਗਿਆ। ਕਪਤਾਨ ਰੋਹਿਤ ਸ਼ਰਮਾ 19 ਦੌੜਾਂ ਬਣਾ ਕੇ ਆਊਟ ਹੋਇਆ ਜਦਕਿ ਰਜਤ ਪਾਟੀਦਾਰ ਬਿਨਾਂ ਖਾਤਾ ਖੋਲ੍ਹੇ ਪੈਵੇਲੀਅਨ ਪਰਤ ਗਿਆ। ਦਿਨ ਦੀ ਖੇਡ ਖਤਮ ਹੋਣ ਸਮੇਂ ਸ਼ੁਭਮਨ ਗਿੱਲ ਨਾਲ ਕੁਲਦੀਪ ਯਾਦਵ 3 ਦੌੜਾਂ ਬਣਾ ਕੇ ਨਾਬਾਦ ਸੀ।

ਇਸ ਪਹਿਲਾਂ ਅੱਜ ਸਵੇਰੇ ਇੰਗਲੈਂਡ ਨੇ ਦੂਜੇ ਦਿਨ ਦੇ ਆਪਣੇ ਸਕੋਰ ਦੋ ਵਿਕਟਾਂ ’ਤੇ 207 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਮਾਨ ਟੀਮ ਨੂੰ 319 ਦੌੜਾਂ ’ਤੇ ਹੀ ਸਮੇਟ ਦਿੱਤਾ। ਭਾਰਤ ਨੇ ਪਹਿਲੀ ਪਾਰੀ ਵਿੱਚ 445 ਦੌੜਾਂ ਬਣਾਈਆਂ ਸਨ ਜਿਸ ਆਧਾਰ ’ਤੇ ਮੇਜ਼ਬਾਨ ਟੀਮ ਨੂੰ 126 ਦੌੜਾਂ ਦੀ ਲੀਡ ਮਿਲੀ ਸੀ। ਭਾਰਤ ਵੱਲੋਂ ਮੁਹੰਮਦ ਸਿਰਾਜ ਨੇ ਚਾਰ ਵਿਕਟਾਂ ਜਦਕਿ ਰਵਿੰਦਰ ਜਡੇਜਾ ਤੇ ਕੁਲਦੀਪ ਯਾਦਵ ਨੇ ਦੋ-ਦੋ ਵਿਕਟਾਂ ਲਈਆਂ। ਅਸ਼ਿਵਨ ਤੇ ਬੁਮਰਾਹ ਨੂੰ ਇੱਕ-ਇੱਕ ਵਿਕਟ ਮਿਲੀ।

ਇਸੇ ਦੌਰਾਨ ਰਵਿੰਦਰ ਜਡੇਜਾ ਘਰੇਲੂ ਮੈਦਾਨਾਂ ਵਿੱਚ 200 ਵਿਕਟਾਂ ਲੈਣ ਵਾਲਾ ਪੰਜਵਾਂ ਭਾਰਤੀ ਗੇਂਦਬਾਜ਼ ਬਣ ਗਿਆ ਅਤੇ ਮੁਹੰਮਦ ਸਿਰਾਜ ਨੇ ਆਪਣੀਆਂ 150 ਕੌਮਾਂਤਰੀ ਵਿਕਟਾਂ ਪੂਰੀਆਂ ਕੀਤੀਆਂ।