ਖ਼ੁਸ਼ੀ ਲੱਭਣੀ ਹੈ ਤਾਂ ਫੁੱਲਾਂ ਵਰਗੇ ਬਣੋ

ਖ਼ੁਸ਼ੀ ਲੱਭਣੀ ਹੈ ਤਾਂ ਫੁੱਲਾਂ ਵਰਗੇ ਬਣੋ

ਅਜੀਤ ਸਿੰਘ ਚੰਦਨ

ਪਿਆਰ ਉਹ ਸ਼ਕਤੀ ਹੈ ਜੋ ਕਮਜ਼ੋਰ, ਬਲਹੀਨ ਅਤੇ ਹਾਰੇ-ਹੁੱਟੇ ਇਨਸਾਨ ਵਿੱਚ ਵੀ ਜੋਤਾਂ ਜਗਾ ਦਿੰਦਾ ਹੈ। ਬੁਝੇ ਹੋਏ ਮਨ ਵਿੱਚ ਫਿਰ ਤੋਂ ਕੋਲੇ ਭਖਣ ਲਾ ਸਕਦਾ ਹੈ ਤੇ ਮਨ ਫਿਰ ਰੌਸ਼ਨ ਹੋ ਜਾਂਦਾ ਹੈ। ਇੱਕ ਖਾਲੀ ਬੀਆਬਾਨ ਵਰਗੇ ਦਿਨ ਵਿੱਚ ਵੀ ਚਿਰਾਗ਼ ਬਲ ਪੈਂਦੇ ਹਨ। ਪਿਆਰ-ਸ਼ਕਤੀ ਨਾਲ ਤਾਂ ਫਰਹਾਦ ਨੇ ਨਹਿਰ ਕੱਢ ਵਿਖਾਈ ਸੀ। ਫਿਰ ਅੱਜ ਦਾ ਕੋਈ ਫਰਹਾਦ ਕਿਵੇਂ ਆਪਣੀ ਸ਼ੀਰੀ ਲਈ ਉੱਚ ਪਾਏ ਦੀ ਡਿਗਰੀ ਪ੍ਰਾਪਤ ਨਾ ਕਰੇ।

ਪਿਆਰ ਦੀ ਸ਼ਕਤੀ ਸਭ ਸ਼ਕਤੀਆਂ ਤੋਂ ਵੱਧ ਤਾਕਤਵਰ ਹੈ। ਇਸੇ ਲਈ ਕਈ ਇਨਸਾਨ ਜੋ ਜ਼ਿੰਦਗੀ ਖ਼ਤਮ ਕਰਨ ਬਾਰੇ ਸੋਚਦੇ ਹਨ, ਪਿਆਰ ਦੀ ਓਟ ਵਿੱਚ ਆ ਕੇ ਭੈੜੇ ਕਾਰਜ ਤਿਆਗ ਦਿੰਦੇ ਹਨ। ਖ਼ੁਦਕੁਸ਼ੀ ਦੇ ਕਿਨਾਰੇ ਲੱਗੇ ਇਨਸਾਨ ਵੀ ਪਿਆਰ ਕਰਕੇ ਪ੍ਰਫੁੱਲਤ ਹੁੰਦੇ ਵੇਖੇ ਗਏ ਹਨ। ਜ਼ਿੰਦਗੀ ਵਿੱਚ ਕੋਈ ਅਜਿਹਾ ਮੁਕਾਮ ਨਹੀਂ ਆਉਂਦਾ ਜਿੱਥੇ ਪਿਆਰ ਨਾ ਵਧਦਾ ਹੋਵੇ। ਬਲਕਿ ਬੁਢਾਪੇ ਵਿੱਚ ਵੀ ਇਹ ਪਿਆਰ ਸ਼ਕਤੀ ਨਿਰਬਲ ਸਰੀਰ ਵਿੱਚ ਜਾਨ ਭਰ ਦਿੰਦੀ ਹੈ।

ਇੱਕ ਪਿਆਰ ਭਰੀ ਤੱਕਣੀ ਬਿਮਾਰ ਨੂੰ ਤੰਦਰੁਸਤ ਕਰ ਸਕਦੀ ਹੈ। ਔਝਲ ਰਾਹ ਪਿਆ ਇਨਸਾਨ ਵੀ ਜੇ ਪਿਆਰ ਦੀ ਓਟ ਵਿੱਚ ਆ ਜਾਵੇ ਤਾਂ ਉਹ ਸਭ ਬੁਰਾਈਆਂ ਤਿਆਗ ਕੇ ਚੰਗਾ ਖ਼ੁਸ਼ ਰਹਿਣ ਵਾਲਾ ਇਨਸਾਨ ਬਣ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਕਿਸੇ ਛੜੇ ਛੜਾਂਗ ਬੰਦੇ ਨੂੰ ਕੋਈ ਔਰਤ ਅਪਣਾ ਲਵੇ ਤਾਂ ਉਹ ਕੋਮਲ ਚਿੱਤ, ਸੁਹਿਰਦ ਤੇ ਵਧੀਆ ਇਨਸਾਨ ਬਣ ਜਾਂਦਾ ਹੈ।

ਜ਼ਿੰਦਗੀ ਵਿੱਚ ਸੁਹਜ, ਸਲੀਕਾ ਤੇ ਮਟਕ ਭਰਨ ਲਈ ਪਿਆਰ ਜ਼ਰੂਰੀ ਹੈ। ਜੇ ਇਹ ਪਿਆਰ ਸ਼ਕਤੀ ਜ਼ਿੰਦਗੀ ਦੀ ਗੱਡੀ ਅੱਗੇ ਜੋੜ ਲਈ ਜਾਵੇ ਤਾਂ ਇਹ ਜ਼ਿੰਦਗੀ ਦੀ ਗਤੀ ਨੂੰ ਅੱਗੇ ਹੀ ਅੱਗੇ ਤੋਰੀ ਜਾਵੇਗੀ। ਜਿਵੇਂ ਤਾਰਿਆਂ ਨਾਲ ਜੜੀ ਹਨੇਰੀ ਰਾਤ ਖ਼ੂਬਸੂਰਤ ਲੱਗਦੀ ਹੈ, ਇੰਜ ਹੀ ਪਿਆਰ ਦੇ ਚਿਰਾਗ ਜਿਨ੍ਹਾਂ ਰਾਹਾਂ ਵਿੱਚ ਜਗ ਪੈਣ ਉਹ ਰੌਣਕਾਂ ਨਾਲ ਭਰ ਜਾਂਦੇ ਹਨ। ਜਿਨ੍ਹਾਂ ਦਿਲਾਂ ਵਿੱਚ ਪਿਆਰ ਦੇ ਚਸ਼ਮੇ ਫੁੱਟ ਪੈਣ ਉਹ ਹਮੇਸ਼ਾਂ ਲਈ ਰੌਸ਼ਨ ਹੋ ਜਾਂਦੇ ਹਨ।

ਇਨਸਾਨ ਸਾਰੀ ਉਮਰ ਪਿਆਰ ਲਈ ਤਾਂਘਦਾ ਹੈ। ਇਸ ਦੀ ਭਾਲ ਵਿੱਚ ਹਰ ਥਾਂ ਭਟਕਦਾ ਫਿਰਦਾ ਹੈ ਪਰ ਖ਼ੁਸ਼ੀ ਨਹੀਂ ਮਿਲਦੀ, ਸਗੋਂ ਕਈ ਵਾਰ ਤਾਂ ਖ਼ੁਸ਼ੀ ਦੀ ਥਾਂ ਗ਼ਮ ਤੇ ਦੁਖ ਮਿਲਦੇ ਹਨ। ਪਰ ਖ਼ੁਸ਼ੀ ਦੀ ਤਾਂਘ ਤਾਂ ਹਰ ਵਕਤ ਇਨਸਾਨ ਦੇ ਦਿਲ ਵਿੱਚ ਬਰਕਰਾਰ ਰਹਿੰਦੀ ਹੈ। ਕੌਣ ਹੈ ਜੋ ਫਰਹਾਦ ਵਾਂਗ ਖ਼ੁਸ਼ੀਆਂ ਲਈ ਨਹਿਰ ਪੁੱਟਣ ਲਈ ਤਿਆਰ ਨਹੀਂ ਜਾਂ ਪਰਬਤ, ਪਹਾੜ ਲੰਘ ਕੇ ਜ਼ਿੰਦਗੀ ਦੇ ਰੂ-ਬ-ਰੂ ਨਹੀਂ ਹੋਣਾ ਚਾਹੁੰਦਾ।

ਜ਼ਿੰਦਗੀ ਮ੍ਰਿਗ-ਤ੍ਰਿਸ਼ਨਾ ਬਣਦੀ ਜਾ ਰਹੀ ਹੈ, ਸੋਨੇ ਦਾ ਮਿਰਗ ਬਣ ਕੇ ਜ਼ਿੰਦਗੀ ਇਨਸਾਨ ਨੂੰ ਲੁਭਾਉਂਦੀ ਹੈ ਪਰ ਉਸ ਦੇ ਹੱਥ ਨਹੀਂ ਆਉਂਦੀ। ਫਿਰ ਵੀ ਇਨਸਾਨ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਮਿਹਨਤ, ਮੁਸ਼ੱਕਤ ਤਾਂ ਕਰਨੀ ਹੀ ਪੈਂਦੀ ਹੈ। ਜਿਸ ਨੇ ਮਿਹਨਤ, ਮੁਸ਼ੱਕਤ ਕਰਕੇ ਸਹੀ ਰਾਹ ਅਪਣਾ ਲਿਆ ਹੈ ਉਸ ਨੂੰ ਵਿਹਲ ਹੀ ਕਿੱਥੇ ਹੈ? ਕਿ ਉਹ ਆਪਣੇ ਮਖਮਲੀ ਰਾਹਾਂ ਦੇ ਸੁਪਨੇ ਲਵੇ ਜਾਂ ਕੋਮਲ ਤਾਂਘ ਦੀ ਉਡੀਕ ਕਰੇ। ਉਹ ਤਾਂ ਸਿਰ ਸੁੱਟ ਕੇ ਮਿਹਨਤ ਵਿੱਚ ਲੱਗਾ ਰਹਿੰਦਾ ਹੈ। ਸਿਆਣੇ ਕਹਿੰਦੇ ਹਨ ਕਿ ਜਿਸ ਨੇ ਪਾਣੀ ਪੀਣ ਲਈ ਖੂਹ ਪੁੱਟ ਲਿਆ ਹੈ, ਉਹ ਕਦੇ ਪਿਆਸਾ ਨਹੀਂ ਰਹਿ ਸਕਦਾ। ਉਸ ਲਈ ਹਰ ਕੰਮ ਕਰਨਾ ਆਸਾਨ ਤੇ ਖ਼ੁਸ਼ੀਆਂ ਭਰਿਆ ਹੋ ਨਿੱਬੜਦਾ ਹੈ। ਜ਼ਿੰਦਗੀ ਦਾ ਕਿਹੜਾ ਪਲ ਹੈ ਜੋ ਖ਼ੁਸ਼ੀਆਂ ਤੋਂ ਖਾਲੀ ਹੈ। ਕੀ ਜਦੋਂ ਕਿਸਾਨ ਮਿੱਟੀ ਪੋਲੀ ਕਰਕੇ ਕਣਕ ਬੀਜਦਾ ਹੈ, ਉਹ ਖ਼ੁਸ਼ੀ ਦਾ ਪਲ ਨਹੀਂ ਹੁੰਦਾ ਜਾਂ ਕੋਈ ਕਲਾਕਾਰ ਕਲਾ ਵਿੱਚ ਲੀਨ ਹੋਇਆ ਸੁੰਦਰ ਕਲਾਕ੍ਰਿਤੀ ਨੂੰ ਜਨਮ ਦਿੰਦਾ ਹੈ, ਉਹ ਖ਼ੁਸ਼ੀ ਦਾ ਪਲ ਨਹੀਂ। ਜਿਹੜੀ ਮਾਂ ਸੁੰਦਰ ਤੇ ਗੋਭਲੇ ਜਿਹੇ ਬੱਚੇ ਨੂੰ ਜਨਮ ਦਿੰਦੀ ਹੈ। ਉਹ ਖ਼ੁਸ਼ੀ ਦਾ ਪਲ ਨਹੀਂ। ਉਸ ਵਕਤ ਤਾਂ ਮਾਂ ਆਪਣੇ ਚੰਨ ਜਿਹੇ ਬਾਲ ਨੂੰ ਵੇਖ ਕੇ ਖ਼ੁਸ਼ੀ ਵਿੱਚ ਖੀਵੀ ਹੋਈ, ਪੂਰੇ ਸੰਸਾਰ ਨੂੰ ਭੁੱਲ ਜਾਂਦੀ ਹੈ। ਪੁੱਤਰ ਨੂੰ ਜਨਮ ਦੇ ਕੇ ਮਾਂ ਦਾ ਹਿਰਦਾ ਸਭ ਬਹਿਸ਼ਤਾ ਪ੍ਰਾਪਤ ਕਰ ਲੈਂਦਾ ਹੈ। ਉਸ ਲਈ ਧਰਤੀ ਅਸਮਾਨ ਇੱਕ ਹੋਏ ਪ੍ਰਤੀਤ ਹੁੰਦੇ ਹਨ।

ਸਿਆਣੇ ਕਹਿੰਦੇ ਹਨ ਜੇ ਖ਼ੁਸ਼ੀ ਲੱਭਣੀ ਹੈ ਤਾਂ ਫੁੱਲਾਂ ਵਰਗੇ ਬਣੋ। ਫੁੱਲਾਂ ਦੀ ਸੰਗਤ ਵਿੱਚ ਰਹੋ ਤੇ ਧਰਤੀ ਦੀ ਕੁੱਖ ਪੋਲੀ ਕਰਕੇ, ਤੁਸੀਂ ਵੀ ਆਪਣੇ ਹੱਥੀਂ ਫੁੱਲ ਉਗਾਉਣੇ ਸਿੱਖ ਲਵੋ। ਨਰਮ-ਨਰਮ ਧਰਤੀ ਵਿੱਚੋਂ ਜਦੋਂ ਕੋਂਪਲ ਫੁੱਟਦੇ ਹਨ ਤਾਂ ਇਹ ਖ਼ੁਸ਼ੀ ਦੇ ਦੁਆਰ ’ਤੇ ਇੱਕ ਪੋਲੀ ਜਿਹੀ ਦਸਤਕ ਹੁੰਦੀ ਹੈ। ਇਨ੍ਹਾਂ ਕੋਂਪਲਾਂ ਨੇ ਫੁੱਟ ਕੇ, ਇੱਕ ਦਿਨ ਬਾਗ਼ ਦੀ ਨੁਹਾਰ ਬਦਲਣੀ ਹੈ। ਇਨ੍ਹਾਂ ਕੋਪਲਾਂ ਵਿੱਚੋਂ ਖਿੜ ਕੇ ਹਜ਼ਾਰਾਂ ਫੁੱਲਾਂ ਨੇ ਖਿੜ ਕੇ ਕਿੰਨੀਆਂ ਅੱਖਾਂ ਦੀ ਸੁੰਦਰਤਾ ਨੂੰ ਜਨਮ ਦੇਣਾ ਹੈ ਤੇ ਕਿੰਨੇ ਚਿਹਰਿਆਂ ਵਿੱਚ ਰੁਸ਼ਨਾਈ ਭਰਨੀ ਹੈ।

ਖ਼ੁਸ਼ੀ ਜੇ ਮੁੱਲ ਵਿਕਦੀ ਹੁੰਦੀ ਤਾਂ ਅਮੀਰ ਇਨਸਾਨ ਇਸ ਨੂੰ ਖ਼ਰੀਦਣ ਲਈ ਸਭ ਤੋਂ ਪਹਿਲਾਂ ਖ਼ੁਸ਼ੀ ਦੇ ਸਟੋਰਾਂ ’ਤੇ ਪਹੁੰਚ ਜਾਵੇ ਪਰ ਅਜਿਹਾ ਨਹੀਂ ਹੈ। ਅਮੀਰ ਇਨਸਾਨ ਏ.ਸੀ., ਕਾਰਾਂ, ਮਹਿੰਗਾ ਫਰਨੀਚਰ, ਮਹਿੰਗੇ ਕੱਪੜੇ ਤਾਂ ਖ਼ਰੀਦ ਸਕਦੇ ਹਨ ਪਰ ਖ਼ੁਸ਼ੀ ਨਹੀਂ। ਇਨਸਾਨ ਦੀ ਕਿੰਨੀ ਵੱਡੀ ਭੁੱਲ ਹੈ ਕਿ ਖ਼ੁਸ਼ੀ ਨੂੰ ਵਸਤਾਂ ਵਿੱਚੋਂ ਭਾਲਦਾ ਹੈ। ਇਸੇ ਲਈ ਵੱਧ ਤੋਂ ਵੱਧ ਧਨ ਇਕੱਠਾ ਕਰਨ ਵਿੱਚ ਲੱਗਾ ਹੋਇਆ ਹੈ। ਸਿਆਣੇ ਕਹਿੰਦੇ ਹਨ ਕਿ ਜੇ ਖ਼ੁਸ਼ੀਆਂ ਪ੍ਰਾਪਤ ਕਰਨੀਆਂ ਹਨ ਤਾਂ ਪਹਿਲਾਂ ਆਪਣਾ ਹਿਰਦਾ ਸ਼ੁੱਧ ਕਰ ਲਵੋ ਕਿਉਂਕਿ ਮੈਲੇ ਹਿਰਦੇ ਵਿੱਚ ਖ਼ੁਸ਼ੀਆਂ ਨਹੀਂ ਸਮਾ ਸਕਦੀਆਂ। ਇੰਜ ਹੀ ਖ਼ੁਸ਼ੀ ਵੀ ਮੈਲੇ ਮਨ ਵਿੱਚ ਤ੍ਰੇੜੀ ਜਾਂਦੀ ਹੈ।

ਜਿੰਨਾ ਵੱਡਾ ਆਪਣਾ ਪੱਲੂ ਵੱਡਾ ਕਰੀ ਜਾਵੋਗੇ, ਓਨੀਆਂ ਹੀ ਵੱਧ ਖ਼ੁਸ਼ੀਆਂ ਇਸ ਵਿੱਚ ਸਮਾਈ ਜਾਣਗੀਆਂ। ਹਾਂ, ਇਹ ਨਾ ਭੁੱਲਣਾ ਜੇ ਤੁਸੀਂ ਖ਼ੁਸ਼ੀ ਪ੍ਰਾਪਤ ਕਰਨੀ ਹੈ ਤਾਂ ਇਸ ਦਾ ਕੁਝ ਨਾ ਕੁਝ ਮੁੱਲ ਵੀ ਤੁਹਾਨੂੰ ਤਾਰਨਾ ਪਵੇਗਾ। ਫੁੱਲ ਪ੍ਰਾਪਤ ਕਰਨ ਲਈ ਕੰਡਿਆਂ ਦੀ ਪੀੜ ਸਹਿਣੀ ਪੈਂਦੀ ਹੈ। ਬੱਚੇ ਨੂੰ ਜਨਮ ਦੇਣ ਲਈ ਮਾਂ ਨੂੰ ਕਿੰਨੀ ਵੱਡੀ ਪੀੜ ਸਹਿਣੀ ਪੈਂਦੀ ਹੈ। ਸਗੋਂ ਖ਼ੁਸ਼ੀਆਂ ਹਾਸਲ ਕਰਨ ਲਈ ਆਪਾ ਵਾਰਨਾ ਪੈਂਦਾ ਹੈ। ਪ੍ਰੇਮਿਕਾ ਦਾ ਦਿਲ ਜਿੱਤਣ ਲਈ ਜ਼ਿੰਦਗੀ ਸਮਰਪਣ ਕਰਨੀ ਪੈਂਦੀ ਹੈ। ਕਈ ਵਾਰੀ ਪੂਰੇ ਪਿਆਰ ਦੀ ਕੀਮਤ ਜ਼ਿੰਦਗੀ ਦੀ ਕੀਮਤ ਤੋਂ ਵੱਧ ਆਂਕੀ ਜਾਂਦੀ ਹੈ।

ਕਈ ਵਾਰ ਰਾਹ ਜਾਂਦਿਆਂ ਵੀ ਖ਼ੁਸ਼ੀਆਂ ਮਿਲ ਜਾਂਦੀਆਂ ਹਨ। ਜਿਵੇਂ ਸਫ਼ਰ ’ਤੇ ਤੁਰੇ ਯਾਤਰੀ ਨੂੰ ਵਗਦੇ ਪਾਣੀਆਂ ਦੇ ਸੰਗੀਤ ਵਿੱਚੋਂ ਖ਼ੁਸ਼ੀ ਮਿਲ ਜਾਂਦੀ ਹੈ। ਸਵੇਰੇ ਸੁਗੰਧ ਸਮੀਰ ਪਹਿਲੇ ਉੱਠੇ ਯਾਤਰੀ ਦਾ ਸੁਆਗਤ ਕਰਦੀ ਹੈ। ਬਾਗ਼ਾਂ, ਫੁੱਲਾਂ, ਤਿੱਤਲੀਆਂ, ਰੰਗਾਂ, ਸੁਗੰਧਾਂ ਤੇ ਕੁੱਲ ਪ੍ਰਕਿਰਤੀ ਦੀ ਸੁੰਦਰਤਾ ਖ਼ੁਸ਼ੀਆਂ ਵੰਡ ਰਹੀ ਹੈ। ਉੱਡਦੇ ਪੰਛੀ ਤੇ ਚਹਿਕਦੇ ਪਰਿੰਦੇ ਸਾਨੂੰ ਖ਼ੁਸ਼ ਕਰਨ ਲਈ ਕੰਮ ਕਰ ਰਹੇ ਹਨ। ਝਰਨੇ, ਆਬਸ਼ਾਰਾਂ ਤੇ ਬਹਾਰਾਂ ਸਭ ਖ਼ੁਸ਼ੀ ਦੀ ਦਾਅਵਤ ਹਨ। ਆਪਣੇ ਫੁਰਸਤ ਦੇ ਪਲਾਂ ਵਿੱਚ ਇਨ੍ਹਾਂ ਖ਼ੁਸ਼ੀਆਂ ਦੇ ਸੋਮਿਆਂ ਵੱਲ ਧਿਆਨ ਧਰੋ ਤੇ ਖ਼ੁਸ਼ੀਆਂ ਆਪਣੀ ਝੋਲੀ ਵਿੱਚ ਭਰ ਲਵੋ। ਕੁਦਰਤ ਦੇ ਆਬੇ-ਹਯਾਤ ਵਿੱਚੋਂ ਮਾਮੂਲੀ ਦਸਕਤ ਦੇਣ ’ਤੇ ਹੀ ਖ਼ੁਸ਼ੀ ਮਿਲ ਸਕਦੀ ਹੈ।

ਸੰਪਰਕ: 97818-05861