ਦਿੱਲੀ ਚੱਲੋ: ਹਰਿਆਣਾ ਪੁਲੀਸ ਨੇ ਮੁੜ ਦਾਗੇ ਅੱਥਰੂ ਗੈਸ ਦੇ ਗੋਲੇ

ਦਿੱਲੀ ਚੱਲੋ: ਹਰਿਆਣਾ ਪੁਲੀਸ ਨੇ ਮੁੜ ਦਾਗੇ ਅੱਥਰੂ ਗੈਸ ਦੇ ਗੋਲੇ

ਕਈ ਕਿਸਾਨ ਜ਼ਖ਼ਮੀ; ਕਿਸੇ ਵੀ ਰਾਜਸੀ ਨੇਤਾ ਨੂੰ ਨਹੀਂ ਹੋਵੇਗੀ ਮੋਰਚੇ ਦੀ ਸਟੇਜ ਤੋਂ ਬੋਲਣ ਦੀ ਇਜਾਜ਼ਤ
ਪਟਿਆਲਾ/ਸੰਗਰੂਰ/ਖਨੌਰੀ- ਕੇਂਦਰ ਸਰਕਾਰ ਅਤੇ ਕਿਸਾਨਾਂ ਦਰਮਿਆਨ ਐਤਵਾਰ ਨੂੰ ਚੌਥੇ ਗੇੜ ਦੀ ਮੀਟਿੰਗ ਤੈਅ ਹੋਣ ਕਰਕੇ ਉਦੋਂ ਤੱਕ ਦੋਵਾਂ ਧਿਰਾਂ ਨੇ ਸ਼ਾਂਤੀ ਬਣਾਏ ਰੱਖਣ ਦਾ ਫੈਸਲਾ ਲਿਆ ਸੀ। ਪਰ ਇਸ ਦੇ ਬਾਵਜੂਦ ਹਰਿਆਣਾ ਪੁਲੀਸ ਨੇ ਅੱਜ ਫੇਰ ਸ਼ੰਭੂ ਬਾਰਡਰ ਪਾਰੋਂ ਅੱਥਰੂ ਗੈਸ ਦੇ ਗੋਲ਼ੇ ਦਾਗੇ ਜਿਸ ਕਾਰਨ ਅੱਜ ਵੀ ਕਈ ਕਿਸਾਨ ਜ਼ਖ਼ਮੀ ਹੋ ਗਏ। ਉੱਧਰ ਅੱਜ ਵੀ ਖਨੌਰੀ ਬਾਰਡਰ ’ਤੇ ਅਮਨ ਸ਼ਾਂਤੀ ਵਾਲਾ ਮਾਹੌਲ ਰਿਹਾ। ਇਸ ਮੌਕੇ ਵੱਖ-ਵੱਖ ਟੋਲੀਆਂ ’ਚ ਬੈਠੇ ਕਿਸਾਨ ਮੌਜੂਦਾ ਸੰਘਰਸ਼ ਬਾਰੇ ਵਿਚਾਰ ਚਰਚਾ ਕਰਦੇ ਰਹੇ ਅਤੇ ਦਿੱਲੀ ਕੂਚ ਕਰਨ ਲਈ ਤਿਆਰ ਨੌਜਵਾਨਾਂ ਨੂੰ ਸੰਜਮ ਵਿਚ ਰਹਿਣ ਲਈ ਪ੍ਰੇਰਿਤ ਕਰਦੇ ਰਹੇ। ਸ਼ੰਭੂ ਹੱਦ ’ਤੇ ਕਿਸਾਨ ਨੇਤਾਵਾਂ ਮੁਤਾਬਿਕ ਹੱਦ ਪਾਰਲਿਆਂ ਵੱੱਲੋਂ ਚਾਰ ਦਿਨਾ ’ਚ ਪੰਜ ਸੌ ਦੇ ਕਰੀਬ ਕਿਸਾਨ ਜ਼ਖਮੀ ਕੀਤੇ ਜਾ ਚੁੱਕੇ ਹਨ। ਇੱਕ ਨੌਜਵਾਨ ਦੀ ਤਾਂ ਅੱਖ ਵੀ ਨੁਕਸਾਨੀ ਗਈ ਤੇ ਕਈ ਹੋਰ ਵੀ ਗੰਭੀਰ ਜ਼ਖਮੀ ਹਨ। ਅੱਜ ਦੁਪਹਿਰ ਤੱਕ ਗੋਲ਼ੀਬਾਰੀ ਨਹੀਂ ਹੋਈ ਪਰ ਦੁਪਹਿਰ ਮਗਰੋਂ ਜਦੋਂ ਕੁਝ ਨੌਜਵਾਨ ਕਿਸਾਨ ਅਚਾਨਕ ਹੀ ਬੈਰੀਕੇਡਿੰਗ ਵੱਲ ਨੂੰ ਹੋ ਤੁਰੇ ਤਾਂ ਹਰਿਆਣਾ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਕੁਝ ਕਿਸਾਨ ਜ਼ਖ਼ਮੀ ਹੋ ਗਏ।
ਸ਼ੰਭੂ ਵਿਖੇ ਅੱਜ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਜਗਜੀਤ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੇ ਨੌਜਵਾਨ ਕਿਸਾਨਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰੋਕਾਂ ਵੱਲ ਨੂੰ ਉਹ ਭਾਵੇਂ ਮਾੜੀ ਭਾਵਨਾ ਨਾਲ ਨਹੀਂ ਜਾਂਦੇ, ਪਰ ਫੇਰ ਵੀ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰ ਨੂੰ ਅਜਿਹਾ ਮੌਕਾ ਨਾ ਦੇਣ। ਦੂਜੇ ਪਾਸੇ ਖਨੌਰੀ ਬਾਰਡਰ ’ਤੇ ਕੌਮੀ ਹਾਈਵੇਅ ਉਪਰ ਦੋਵੇਂ ਪਾਸੇ ਕਤਾਰਾਂ ’ਚ ਖੜ੍ਹੀਆਂ ਟਰੈਕਟਰ-ਟਰਾਲੀਆਂ ਨਾਲ ਦਿੱਲੀ ਕਿਸਾਨ ਅੰਦੋਲਨ ਦਾ ਭੁਲੇਖਾ ਪੈਂਦਾ ਹੈ। ਖਨੌਰੀ ਬਾਰਡਰ ’ਤੇ ਦਿੱਲੀ ਚੱਲੋ ਪ੍ਰੋਗਰਾਮ ਦੇ ਚੌਥੇ ਦਿਨ ਵੀ ਹਜ਼ਾਰਾਂ ਕਿਸਾਨ ਡਟੇ ਰਹੇ। ਅੱਜ ਵੀ ਖਨੌਰੀ ਬਾਰਡਰ ’ਤੇ ਅਮਨ ਸ਼ਾਂਤੀ ਵਾਲਾ ਮਾਹੌਲ ਰਿਹਾ। ਇਸ ਮੌਕੇ ਵੱਖ-ਵੱਖ ਟੋਲੀਆਂ ’ਚ ਬੈਠੇ ਕਿਸਾਨ ਮੌਜੂਦਾ ਸੰਘਰਸ਼ ਬਾਰੇ ਵਿਚਾਰ ਚਰਚਾ ਕਰਦੇ ਰਹੇ ਅਤੇ ਦਿੱਲੀ ਕੂਚ ਕਰਨ ਲਈ ਤਿਆਰ ਨੌਜਵਾਨਾਂ ਨੂੰ ਸੰਯਮ ਵਿਚ ਰਹਿਣ ਲਈ ਪ੍ਰੇਰਿਤ ਕਰਦੇ ਰਹੇ।

ਖਨੌਰੀ ਬਾਰਡਰ ਨੇੜੇ ਕੌਮੀ ਹਾਈਵੇਅ ਦੇ ਦੋਵੇਂ ਪਾਸੇ ਕਿਸਾਨਾਂ ਦੀਆਂ ਟਰੈਕਟਰ-ਟਰਾਲੀਆਂ ਖੜ੍ਹੀਆਂ ਹਨ ਅਤੇ ਟਰਾਲੀਆਂ ਉਪਰ ਤਰਪਾਲਾਂ ਆਦਿ ਪਾ ਕੇ ਕਿਸਾਨਾਂ ਨੇ ਆਪਣਾ ਰੈਣ ਬਸੇਰਾ ਬਣਾਇਆ ਹੋਇਆ ਹੈ। ਪੰਜਾਬ ਤੇ ਹਰਿਆਣਾ ਦੀ ਹੱਦ ’ਤੇ ਨੌਜਵਾਨ ਕਿਸਾਨ ਹਾਕਾਂ ਮਾਰ ਕੇ ਹਰਿਆਣਾ ਪੁਲੀਸ ਦੇ ਜਵਾਨਾਂ ਅਤੇ ਸੁਰੱਖਿਆ ਬਲਾਂ ਨੂੰ ਚਾਹ-ਪਾਣੀ ਪੁੱਛਦੇ ਰਹੇ।