ਪਾਕਿਸਤਾਨ: ਇਮਰਾਨ ਦੀ ਪਾਰਟੀ ਨੇ ਵਿਰੋਧੀ ਧਿਰ ’ਚ ਬੈਠਣ ਦਾ ਫ਼ੈਸਲਾ ਕੀਤਾ

ਪਾਕਿਸਤਾਨ: ਇਮਰਾਨ ਦੀ ਪਾਰਟੀ ਨੇ ਵਿਰੋਧੀ ਧਿਰ ’ਚ ਬੈਠਣ ਦਾ ਫ਼ੈਸਲਾ ਕੀਤਾ

ਇਸਲਾਮਾਬਾਦ- ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਨੇ ਅਗਲੀ ਸਰਕਾਰ ਬਣਾਉਣ ’ਚ ਨਾਕਾਮ ਹੋਣ ਮਗਰੋਂ ਸੰਸਦ ਵਿੱਚ ਵਿਰੋਧੀ ਧਿਰ ਵਿੱਚ ਬੈਠਣ ਦਾ ਫ਼ੈਸਲਾ ਕੀਤਾ ਹੈ। ਪਾਕਿਸਤਾਨ ਵਿੱਚ 8 ਫਰਵਰੀ ਨੂੰ ਹੋਈਆਂ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਾ ਮਿਲਣ ਤੋਂ ਬਾਅਦ ਵੱਡੀਆਂ ਸਿਆਸੀ ਪਾਰਟੀਆਂ ਨੇ ਸੰਘੀ ਸਰਕਾਰ ਬਣਾਉਣ ਲਈ ਯਤਨ ਤੇਜ਼ ਕਰ ਦਿੱਤੇ ਹਨ। ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰਾਂ ਨੇ ਚੋਣ ਨਤੀਜਿਆਂ ਵਿੱਚ ਦਬਦਬਾ ਬਣਾਇਆ, ਜਦੋਂ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਕੋਲ ਸਰਕਾਰ ਬਣਾਉਣ ਲਈ ਕਾਫੀ ਗਿਣਤੀ ਹੋਣ ਦਾ ਦਾਅਵਾ ਹੈ, ਕਿਉਂਕਿ ਕੁਝ ਆਜ਼ਾਦ ਉਮੀਦਵਾਰ ਚੋਣਾਂ ਤੋਂ ਬਾਅਦ ਨਵਾਜ਼ ਸ਼ਰੀਫ ਦੀ ਅਗਵਾਈ ਵਾਲੀ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਪੀਟੀਆਈ ਨੇਤਾ ਬੈਰਿਸਟਰ ਮੁਹੰਮਦ ਅਲੀ ਸੈਫ ਨੇ ਐਲਾਨ ਕੀਤਾ ਕਿ ਪੀਟੀਆਈ ਦੇ ਸੰਸਥਾਪਕ ਖਾਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪਾਰਟੀ ਨੇ ਕੇਂਦਰ ਦੇ ਨਾਲ-ਨਾਲ ਪੰਜਾਬ ਵਰਗੇ ਪ੍ਰਮੁੱਖ ਸੂਬਿਆਂ ਵਿੱਚ ਵਿਰੋਧੀ ਧਿਰ ਵਿੱਚ ਬੈਠਣ ਦਾ ਫੈਸਲਾ ਕੀਤਾ ਹੈ।