ਦਿੱਲੀ ਵੱਲ ਵਧ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਸ਼ੰਭੂ ਸਰਹੱਦ ’ਤੇ ਰੋਕਿਆ

ਦਿੱਲੀ ਵੱਲ ਵਧ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਸ਼ੰਭੂ ਸਰਹੱਦ ’ਤੇ ਰੋਕਿਆ

  • ਸੈਂਕੜਿਆਂ ਦੀ ਤਾਦਾਦ ’ਚ ਦਾਗੇ ਅੱਥਰੂ ਗੈਸ ਦੇ ਗੋਲੇ ਤੇ ਮਾਰੀਆਂ ਰਬੜ ਦੀਆਂ ਗੋਲੀਆਂ, ਦਰਜਨਾਂ ਕਿਸਾਨ ਜ਼ਖ਼ਮੀ
  • ਬੈਰੀਕੇਡਾਂ ਦੀਆਂ ਤਿੰਨ ਪਰਤਾਂ ਖਦੇੜਣ ’ਚ ਕਾਮਯਾਬ ਹੋਏ ਕਿਸਾਨ
    ਕਿਸਾਨਾਂ ਨੇ ਸਿਰਫ਼ ਸੂਬੇ ਵਿਚੋਂ ਲੰਘਣਾ ਹੈ ਤਾਂ ਹਰਿਆਣਾ ਨੇ ਕਿਉਂ ਡਾਹਿਆ ਅੜਿੱਕਾ : ਹਾਈ ਕੋਰਟ
    ਸ਼ੰਭੂ (ਰਾਜਪੁਰਾ) : ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਚਲੋ ਦੇ ਦਿੱਤੇ ਗਏ ਸੱਦੇ ਤਹਿਤ ਤੜਕਸਾਰ ਹੀ ਕਿਸਾਨ ਪੰਜਾਬ-ਹਰਿਆਣਾ ਸਰਹੱਦ ਸ਼ੰਭੂ ਵਿਖੇ ਪੁੱਜਣੇ ਸ਼ੁਰੂ ਹੋ ਗਏ ਸਨ ਤੇ ਸਾਰਾ ਦਿਨ ਸ਼ੰਭੂ ਸਰਹੱਦ ’ਤੇ ਸਥਿਤੀ ਬੇਹੱਦ ਤਣਾਅਪੂਰਨ ਰਹੀ। ਕਿਸਾਨਾਂ ਦੇ ਸਰਹੱਦ ਨੇੜੇ ਪਹੁੰਚਣ ਤੋਂ ਪਹਿਲਾਂ ਹੀ ਹਰਿਆਣਾ ਪੁਲਿਸ ਨੇ ਤਾਬੜਤੋੜ ਅੱਥਰੂ ਗੈਸ ਦੇ ਗੋਲੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਕੁਝ ਸਮੇਂ ਬਾਅਦ ਰਾਜਪੁਰਾ ਨੇੜੇ ਇਕੱਤਰ ਹੋਏ ਕਿਸਾਨਾਂ ਦਾ ਵੱਡਾ ਕਾਫ਼ਲਾ ਜਿਉਂ ਹੀ ਸਰਹੱਦ ਨੇੜੇ ਪੁੱਜਾ ਤਾਂ ਹਰਿਆਣਾ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਦਾਗ਼ਣ ਦੀ ਕਾਰਵਾਈ ਹੋਰ ਤੇਜ਼ ਕਰ ਦਿੱਤੀ ਤੇ ਬੈਰੀਕੇਡਾਂ ਤੱਕ ਪਹੁੰਚਣ ਵਾਲੇ ਕਿਸਾਨਾਂ ’ਤੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ, ਜਿਸ ਦੌਰਾਨ ਦਰਜਨਾਂ ਦੀ ਗਿਣਤੀ ’ਚ ਕਿਸਾਨ ਜ਼ਖ਼ਮੀ ਹੋ ਗਏ। ਮੂੰਹ ’ਤੇ ਵਿਸ਼ੇਸ਼ ਤਰ੍ਹਾਂ ਦੇ ਮਾਸਕ ਪਾ ਕੇ ਟਰੈਕਟਰਾਂ ਰਾਹੀਂ ਬੈਰੀਕੇਡਾਂ ਤੱਕ ਪਹੁੰਚੇ ਨੌਜਵਾਨਾਂ ਨੇ ਕਰੜੀ ਮੁਸ਼ੱਕਤ ਉਪਰੰਤ ਹਰਿਆਣਾ ਪੁਲਿਸ ਵਲੋਂ ਲਗਾਏ ਬੈਰੀਕੇਡਾਂ ਦੀਆਂ 2-3 ਪਰਤਾਂ ਖਦੇੜ ਦਿੱਤੀਆਂ ਤੇ ਸੜਕ ’ਤੇ ਕੰਕਰੀਟ ਪਾ ਕੇ ਲਗਾਏ ਗਏ ਤਿੱਖੇ ਸਰੀਏ ਵੀ ਕਿਸਾਨਾਂ ਨੇ ਪੁੱਟ ਲਏ ਪਰ ਜਿਉਂ ਹੀ ਕਿਸਾਨ ਹਰਿਆਣਾ ਪੁਲਿਸ ਵਲੋਂ ਖੜ੍ਹੀਆਂ ਕੀਤੀਆਂ ਕੰਕਰੀਟ ਦੀਆਂ ਕੰਧਾਂ ਤੱਕ ਪਹੁੰਚੇ ਤਾਂ ਹਰਿਆਣਾ ਪੁਲਿਸ ਨੇ ਰਬੜ ਦੀਆਂ ਗੋਲੀਆਂ ਦਾ ਮੀਂਹ ਵਰ੍ਹਾਉਣਾ ਸ਼ੁਰੂ ਕਰ ਦਿੱਤਾ, ਜਿਸ ਦੌਰਾਨ ਕਈ ਕਿਸਾਨ ਜ਼ਖ਼ਮੀ ਹੋਏ। ਸ਼ੰਭੂ ਸਰਹੱਦ ’ਤੇ ਸਵੇਰ ਤੋਂ ਹੀ ਸੁੱਟੇ ਜਾ ਰਹੇ ਅੱਥਰੂ ਗੈਸ ਦੇ ਗੋਲਿਆਂ ਦੀਆਂ ਆਵਾਜ਼ਾਂ ਕਾਰਨ ਪੰਜਾਬ-ਹਰਿਆਣਾ ਦਾ ਇਹ ਬਾਰਡਰ ਜੰਗ ਦਾ ਮੈਦਾਨ ਬਣਿਆ ਦਿਖਾਈ ਦੇ ਰਿਹਾ ਸੀ। ਹੈਰਾਨੀਜਨਕ ਗੱਲ ਇਹ ਰਹੀ ਕਿ ਹਰਿਆਣਾ ਪੁਲਿਸ ਦੇ ਡਰੋਨ ਵਾਰ-ਵਾਰ ਪੰਜਾਬ ਦੀ ਹੱਦ ਅੰਦਰ ਦਾਖ਼ਲ ਹੋ ਕੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਸੁੱਟਦੇ ਰਹੇ। ਹਰਿਆਣਾ ਪੁਲਿਸ ਦੀ ਇਹ ਕਾਰਵਾਈ ਕਈ ਵਾਰ ਤਾਂ ਪੰਜਾਬ ਪੁਲਿਸ ਦੀ ਸਰਹੱਦ ਨੇੜੇ ਬੈਠੇ ਵੱਡੇ ਅਧਿਕਾਰੀਆਂ ਦੇ ਤੰਬੂਆਂ ਤੱਕ ਵੀ ਪਹੁੰਚ ਗਈ ਪਰ ਪੰਜਾਬ ਪੁਲਿਸ ਜਾਂ ਪ੍ਰਸ਼ਾਸਨ ਦੀ ਇਸ ਵਤੀਰੇ ਪ੍ਰਤੀ ਕੋਈ ਕਾਰਵਾਈ ਨਹੀਂ ਦਿਖਾਈ ਦਿੱਤੀ। ਬਾਅਦ ਦੁਪਹਿਰ ਤੱਕ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਸੰਬੰਧਿਤ ਕਿਸਾਨਾਂ ਦੇ ਟਰੈਕਟਰ-ਟਰਾਲੀਆਂ ਦੀ ਕਰੀਬ 2-3 ਕਿੱਲੋਮੀਟਰ ਤੱਕ ਮੁੱਖ ਸੜਕ ’ਤੇ ਲੰਬੀ ਕਤਾਰ ਲੱਗ ਗਈ ਸੀ।