ਸ਼ੰਭੂ ਬੈਰੀਅਰ ’ਤੇ ਹਰਿਆਣਾ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ

ਸ਼ੰਭੂ ਬੈਰੀਅਰ ’ਤੇ ਹਰਿਆਣਾ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ

ਪਟਿਆਲਾ- ‘ਦਿੱਲੀ ਚੱਲੋ’ ਦੇ ਸੱਦੇ ਤਹਿਤ ਕਿਸਾਨਾਂ ਨੂੰ ਦਿੱਲੀ ਵੱਲ ਵਧਣ ਤੋਂ ਰੋਕਣ ਲਈ ਹਰਿਆਣਾ ਪੁਲੀਸ ਵੱਲੋਂ ਸ਼ੰਭੂ ਬਾਰਡਰ ’ਤੇ ਲਗਾਈਆਂ ਗਈਆਂ ਰੋਕਾਂ ਨੂੰ ਅੱਜ ਜਦੋਂ ਨੌਜਵਾਨਾਂ ਨੇ ਹਟਾਉਣ ਦਾ ਯਤਨ ਕੀਤਾ ਤਾਂ ਹਰਿਆਣਾ ਪੁਲੀਸ ਨੇ ਉਨ੍ਹਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗ ਦਿੱਤੇ। ਹਰਿਆਣਾ ਪੁਲੀਸ ਵੱਲੋਂ ਵਾਹਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੱਥਰ ਤੇ ਲੋਹੇ ਦੀਆਂ ਚਾਦਰਾਂ ਆਦਿ ਦੀਆਂ ਰੋਕਾਂ ਲਗਾਈਆਂ ਗਈਆਂ ਹਨ। ਸ਼ੰਭੂ ਬੈਰੀਅਰ ’ਤੇ ਹਰਿਆਣਾ ਵੱਲੋਂ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਗਿਆ ਹੈ। ਹਰਿਆਣਾ ਪੁਲੀਸ ਵੱਲੋਂ ਅੱਥਰੂ ਗੈਸ ਦੇ ਗੋਲੇ ਸੁੱਟੇ ਜਾਣ ਤੋਂ ਭੜਕੇ ਨੌਜਵਾਨਾਂ ਨੂੰ ਪੰਜਾਬ ਪੁਲੀਸ ਨੇ ਸ਼ਾਂਤ ਕੀਤਾ। ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ਦਾ ਵੱਡਾ ਹਿੱਸਾ ਹਰਿਆਣਾ ਨਾਲ ਲੱਗਦਾ ਹੈ ਜਿਸ ਕਰ ਕੇ ਹਰਿਆਣਾ ਪੁਲੀਸ ਵੱਲੋਂ ਸ਼ੰਭੂ, ਪਿਹੋਵਾ, ਰਾਮਨਗਰ ਤੇ ਢਾਬੀਗੁੱਜਰਾਂ ’ਤੇ ਆਧਾਰਤ ਚਾਰ ਪ੍ਰਮੁੱਖ ਮਾਰਗ ਬੰਦ ਕਰਨ ਮਗਰੋਂ ਅੱਜ ਛੋਟੇ ਮਾਰਗਾਂ ’ਤੇ ਵੀ ਰੋਕਾਂ ਲਗਾ ਦਿੱਤੀਆਂ ਗਈਆਂ ਹਨ। ਇਸ ਦੌਰਾਨ ਇਹ ਚਰਚਾ ਵੀ ਰਹੀ ਕਿ ਹਰਿਆਣਾ ਪੁਲੀਸ ਵੱਲੋਂ ਇਹ ਸਿਰਫ਼ ਿੲੱਕ ਮੌਕ ਡਰਿੱਲ ਕੀਤੀ ਗਈ ਸੀ।

ਇਸੇ ਦੌਰਾਨ ‘ਦਿੱਲੀ ਚੱਲੋ’ ਦੇ ਦਿੱਤੇ ਗਏ ਸੱਦੇ ਤਹਿਤ ਅੱਜ ਦੇਰ ਸ਼ਾਮ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਪਟਿਆਲਾ ਜ਼ਿਲ੍ਹੇ ਅਤੇ ਹੋਰ ਆਲੇ-ਦੁਆਲੇ ਦੇ ਖੇਤਰਾਂ ’ਚ ਪਹੁੰਚ ਚੱਕੇ ਹਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਕਿਸਾਨਾਂ ਨੇ ਸਥਾਨਕ ਸੰਗਰੂਰ ਰੋਡ ’ਤੇ ਸਥਿਤ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਪ੍ਰਬੰਧ ਅਧੀਨ ਚੱਲਦੇ ‘ਗੁਰਦੁੁਆਰਾ ਪ੍ਰਮੇਸ਼ਰ ਦੁਆਰ ਸ਼ੇਖੂਪੁਰ’ ਵਿੱਚ ਠਹਿਰ ਕੀਤੀ ਹੈ। ਉਨ੍ਹਾਂ ਲਈ ਇੱਥੇ ਲੰਗਰ ਅਤੇ ਰਹਿਣ ਦੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਸ਼ਹਿਰ ਵਿੱਚ ਇਤਿਹਾਸਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿੱਚ ਵੀ ਕਿਸਾਨਾਂ ਨੇ ਠਹਿਰ ਬਣਾਈ ਹੈ। ਇਸ ਦੇ ਨਾਲ ਹੀ ਕਈ ਸਥਾਨਕ ਕਿਸਾਨ ਆਗੂਆਂ ਨੇ ਵੀ ਇੱਥੇ ਪੁੱਜਣ ਵਾਲੇ ਕਿਸਾਨਾਂ ਦੇ ਠਹਿਰਣ ਲਈ ਪ੍ਰਬੰਧ ਕੀਤੇ ਹੋਏ ਹਨ। ਧਰਨਿਆਂ ਵਾਲੀ ਥਾਂ ਵਜੋਂ ਪ੍ਰਸਿੱਧ ਪਟਿਆਲਾ ਬਲਾਕ ਦੇ ਪਿੰਡ ਮਹਿਮਦਪੁਰ ਦੀ ਮੰਡੀ ’ਚ ਵੀ ਕਿਸਾਨਾਂ ਨੇ ਡੇਰੇ ਲਾ ਲਏ ਹਨ। ਇਸ ਦੌਰਾਨ ਪਟਿਆਲਾ ਦੇ ਦੱਖਣੀ ਬਾਈਪਾਸ ’ਤੇ ਵੀ ਵੱਡੀ ਗਿਣਤੀ ਟਰਾਲੀਆਂ ਦੇਖੀਆਂ ਗਈਆਂ। ਗੁਰਦੁਆਰਾ ਬਹਾਦਰਗੜ੍ਹ ਸਾਹਿਬ ਸਮੇਤ ਸ਼ੰਭੂ ਬੈਰੀਅਰ ਦੇ ਆਲੇ-ਦੁਆਲੇ ਪੈਂਦੇ ਰਾਜਪੁਰਾ, ਘਨੌਰ, ਬਨੂੜ ਸਮੇਤ ਕਈ ਪਿੰਡਾਂ ’ਚ ਵੀ ਕਿਸਾਨ ਆ ਕੇ ਰੁਕੇ ਹਨ। ਇਲਾਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਗੜ੍ਹੀ, ਜਸਮੇਰ ਲਾਛੜੂ ਤੇ ਜਰਨੈਲ ਕਰਤਾਰਪੁਰ ਦਾ ਕਹਿਣਾ ਹੈ ਕਿ ਲੋੜ ਮੁਤਾਬਕ ਲੰਗਰ ਸਮੇਤ ਹੋਰ ਪ੍ਰ੍ਰਬੰਧ ਕੀਤੇ ਜਾ ਰਹੇ ਹਨ।