ਟਿੱਕਰੀ ਹੱਦ ’ਤੇ ਪੁਲੀਸ ਦੀਆਂ ਰੋਕਾਂ ਨੇ ਦੁਕਾਨਦਾਰਾਂ ਨੂੰ ਵਖ਼ਤ ਪਾਇਆ

ਟਿੱਕਰੀ ਹੱਦ ’ਤੇ ਪੁਲੀਸ ਦੀਆਂ ਰੋਕਾਂ ਨੇ ਦੁਕਾਨਦਾਰਾਂ ਨੂੰ ਵਖ਼ਤ ਪਾਇਆ

ਨਵੀਂ ਦਿੱਲੀ- ਦਿੱਲੀ ਚੱਲੋ ਪ੍ਰੋਗਰਾਮ ਦੇ ਮੱਦੇਨਜ਼ਰ ਦਿੱਲੀ ਪੁਲੀਸ ਵੱਲੋਂ ਟਿੱਕਰੀ ਬਾਰਡਰ ਮੈਟਰੋ ਸਟੇਸ਼ਨ ਨੇੜੇ ਲਾਈਆਂ ਰੋਕਾਂ ਕਾਰਨ ਸਥਾਨਕ ਦੁਕਾਨਦਾਰ ਨਿਰਾਸ਼ ਹਨ ਤੇ ਉਨ੍ਹਾਂ ਨੂੰ ਆਪਣਾ ਕਾਰੋਬਾਰ ਠੱਪ ਹੋਣ ਦਾ ਡਰ ਸਤਾਉਣ ਲੱਗਾ ਹੈ। ਜਾਣਕਾਰੀ ਅਨੁਸਾਰ ਕਿਸਾਨਾਂ ਨੂੰ ਕੌਮੀ ਰਾਜਧਾਨੀ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਸੜਕਾਂ ’ਤੇ ਕੰਕਰੀਟ ਦੇ ਬਲਾਕ, ਕੰਡਿਆਲੀ ਤਾਰਾਂ ਅਤੇ ਕੰਟੇਨਰਾਂ ਨਾਲ ਕਈ-ਪੱਧਰੀ ਬੈਰੀਕੇਡਿੰਗ ਕੀਤੀ ਗਈ ਹੈ। ਲਗਪਗ 200 ਕਿਸਾਨ ਯੂਨੀਅਨਾਂ ਵੱਲੋਂ ਦਿੱਲੀ ਚੱਲੋ ਮਾਰਚ ਦਾ ਸੱਦਾ ਦਿੱਤਾ ਗਿਆ ਹੈ ਅਤੇ ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਤੋਂ ਵੱਡੀ ਗਿਣਤੀ ’ਚ ਕਿਸਾਨ ਭਲਕੇ 13 ਫਰਵਰੀ ਨੂੰ ਕੌਮੀ ਰਾਜਧਾਨੀ ਪੁੱਜਣ ਦੀ ਸੰਭਾਵਨਾ ਹੈ।

ਟਿੱਕਰੀ ਹੱਦ ’ਤੇ ਇਕ ਦੁਕਾਨਦਾਰ ਕ੍ਰਿਸ਼ਨ ਕੁਮਾਰ ਨੇ ਖਦਸ਼ਾ ਪ੍ਰਗਟਾਇਆ ਕਿ ਕੀ ਉਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਮੁੜ ਦੁਕਾਨਾਂ ਬੰਦ ਕਰਨੀਆਂ ਪੈਣਗੀਆਂ? ਜਿਸ ਤਰ੍ਹਾਂ ਤਿੰਨ ਸਾਲ ਪਹਿਲਾਂ ਕਿਸਾਨ ਅੰਦੋਲਨ ਦੌਰਾਨ ਕਰਨੀਆਂ ਪਈਆਂ ਸਨ। ਕਰਿਆਨਾ ਦੁਕਾਨ ਦੇ ਸੰਚਾਲਕ ਕੁਮਾਰ ਨੇ ਕਿਹਾ ਕਿ ਕਿਸੇ ਵੀ ਵਿਰੋਧ ਪ੍ਰਦਰਸ਼ਨ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ।

ਕੁਮਾਰ ਨੇ ਦੱਸਿਆ ਕਿ ਨੇੜਲੇ ਖੇਤਰ ਵਿੱਚ ਕੰਮ ਕਰਨ ਵਾਲੇ ਜ਼ਿਆਦਾਤਰ ਮਜ਼ਦੂਰ ਉਨ੍ਹਾਂ ਦੇ ਪੱਕੇ ਗਾਹਕ ਹਨ ਅਤੇ ਆਮਦਨ ਦਾ ਇੱਕੋ ਇੱਕ ਸਰੋਤ। ਕਿਸੇ ਵੀ ਪ੍ਰਦਰਸ਼ਨ ਦੌਰਾਨ ਪੁਲੀਸ ਮਜ਼ਦੂਰਾਂ ਨੂੰ ਮੁੱਖ ਸੜਕ ਦੀ ਵਰਤੋਂ ਕਰਨ ਤੋਂ ਰੋਕਦੀ ਹੈ ਤੇ ਉਨ੍ਹਾਂ ਦੇ ਗਾਹਕ ਦੁਕਾਨਾਂ ’ਤੇ ਆਉਣੇ ਬੰਦ ਹੋ ਜਾਂਦੇ ਹਨ। ਇਕ ਹੋਰ ਦੁਕਾਨਦਾਰ ਸੱਯਾਮ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਕਿਸਾਨਾਂ ਦੇ ਧਰਨੇ ਦੌਰਾਨ ਉਸ ਨੂੰ ਆਪਣੀ ਦੁਕਾਨ ’ਤੇ ਜਾਣ ਲਈ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ। ਦੁਕਾਨਦਾਰ ਨੇ ਦੱਸਿਆ ਕਿ ਉਸ ਦੀ ਕਰਿਆਨੇ ਦੀ ਦੁਕਾਨ ਟਿੱਕਰੀ ਬਾਰਡਰ ਮੈਟਰੋ ਸਟੇਸ਼ਨ ਤੋਂ 100 ਮੀਟਰ ਦੀ ਦੂਰੀ ’ਤੇ ਹੈ, ਪਰ ਉਥੇ ਸੁਰੱਖਿਆ ਬਲਾਂ ਦੀ ਤਾਇਨਾਤੀ ਕਾਰਨ ਉਸ ਨੂੰ ਆਪਣੀ ਦੁਕਾਨ ’ਤੇ ਜਾਣ ਲਈ ਹੋਰ ਰਾਹ ਦੀ ਵਰਤੋਂ ਕਰਕੇ ਦੋ ਕਿਲੋਮੀਟਰ ਦੇ ਕਰੀਬ ਪੈਦਲ ਜਾਣਾ ਪੈਂਦਾ ਸੀ। ਉਸ ਨੇ ਕਿਹਾ ਕਿ ਹੁਣ ਵੀ ਪਹਿਲਾਂ ਵਾਲੇ ਹਾਲਾਤ ਬਣ ਰਹੇ ਹਨ।

ਜ਼ਿਕਰਯੋਗ ਹੈ ਦਿੱਲੀ ਚੱਲੋ ਪ੍ਰੋਗਰਾਮ ਦੇ ਮੱਦੇਨਜ਼ਰ ਕੌਮੀ ਰਾਜਧਾਨੀ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਰਨਾਂ ਸੂਬਿਆਂ ਨਾਲ ਲੱਗਦੀਆਂ ਦਿੱਲੀ ਦੀਆਂ ਹੱਦਾਂ ’ਤੇ 5000 ਦੇ ਕਰੀਬ ਸੁਰੱਖਿਆ ਬਲ ਤਾਇਨਾਤ ਹਨ।