ਕੇਜਰੀਵਾਲ ਤੇ ਭਗਵੰਤ ਮਾਨ ਨੇ ਰਾਮ ਮੰਦਰ ’ਚ ਮੱਥਾ ਟੇਕਿਆ

ਕੇਜਰੀਵਾਲ ਤੇ ਭਗਵੰਤ ਮਾਨ ਨੇ ਰਾਮ ਮੰਦਰ ’ਚ ਮੱਥਾ ਟੇਕਿਆ

ਅਯੁੱਧਿਆ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅਯੁੱਧਿਆ ਪਹੁੰਚੇ ਜਿੱਥੇ ਦੋਵਾਂ ਆਗੂਆਂ ਨੇ ਨਵੇਂ ਬਣੇ ਸ੍ਰੀਰਾਮ ਮੰਦਰ ’ਚ ਭਗਵਾਨ ਸ੍ਰੀ ਰਾਮਲੱਲਾ ਦੇ ਦਰਸ਼ਨ ਕੀਤੇ। ਕੇਜਰੀਵਾਲ ਤੇ ਭਗਵੰਤ ਮਾਨ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। ‘ਆਪ’ ਆਗੂਆਂ ਤੋਂ ਪਹਿਲਾਂ ਬੀਤੇ ਦਿਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਉਨ੍ਹਾਂ ਦੀ ਸਰਕਾਰ ਦੇ ਮੰਤਰੀਆਂ ਤੇ ਵਿਧਾਨ ਸਭਾ ਦੇ ਦੋਵਾਂ ਸਦਨਾਂ ਦੇ 325 ਤੋਂ ਵੱਧ ਮੈਂਬਰਾਂ ਨੇ ਮੰਦਰ ਦੇ ਦਰਸ਼ਨ ਕੀਤੇ ਸਨ।

‘ਆਪ’ ਦੇ ਇੱਕ ਨੇਤਾ ਨੇ ਦੱਸਿਆ ਕਿ ਕੇਜਰੀਵਾਲ ਤੇ ਭਗਵੰਤ ਮਾਨ ਦੁਪਹਿਰ ਕਰੀਬ ਦੋ ਵਜੇ ਅਯੁੱਧਿਆ ਹਵਾਈ ਅੱਡੇ ਪੁੱਜੇ। ਦੋਵਾਂ ਆਗੂਆਂ ਨੇ ਹਵਾਈ ਅੱਡੇ ’ਤੇ ਮੌਜੂਦ ਮੀਡੀਆ ਕਰਮੀਆਂ ਨਾਲ ਕੋਈ ਗੱਲ ਨਹੀਂ ਕੀਤੀ ਤੇ ਸਿੱਧਾ ਰਾਮ ਜਨਮ ਭੂਮੀ ਵੱਲ ਚਲੇ ਗਏ। ਦੋਵਾਂ ਮੁੱਖ ਮੰਤਰੀਆਂ ਨੇ ਰਾਮ ਮੰਦਰ ਦੇ ਦਰਸ਼ਨ ਕੀਤੇ। ਅਰਵਿੰਦ ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਆਪਣੀ ਪਤਨੀ ਗੁਰਪ੍ਰੀਤ ਕੌਰ ਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਰਾਮ ਜਨਮ ਭੂਮੀ ’ਚ ਸ੍ਰੀ ਰਾਮਲੱਲਾ ਦੇ ਦਰਸ਼ਨ ਕੀਤੇ। ਕੇਜਰੀਵਾਲ ਨੇ ਐਕਸ ’ਤੇ ਪਾਈ ਪੋਸਟ ਵਿੱਚ ਕਿਹਾ, ‘ਮਾਤਾ-ਪਿਤਾ ਤੇ ਆਪਣੀ ਪਤਨੀ ਨਾਲ ਅੱਜ ਅਯੁੱਧਿਆ ਪਹੁੰਚ ਕੇ ਸ੍ਰੀਰਾਮ ਮੰਦਰ ’ਚ ਰਾਮਲੱਲਾ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ।’ ਉਨ੍ਹਾਂ ਅੱਗੇ ਲਿਖਿਆ, ‘ਇਸ ਮੌਕੇ ਭਗਵੰਤ ਜੀ ਤੇ ਉਨ੍ਹਾਂ ਦਾ ਪਰਿਵਾਰ ਵੀ ਨਾਲ ਰਿਹਾ। ਸਭ ਨੇ ਮਿਲ ਕੇ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀਰਾਮ ਜੀ ਦੇ ਦਰਸ਼ਨ ਕੀਤੇ ਅਤੇ ਦੇਸ਼ ਦੀ ਤਰੱਕੀ ਦੇ ਨਾਲ-ਨਾਲ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਪ੍ਰਾਰਥਨਾ ਕੀਤੀ।