ਯੂਪੀਏ ਦੇ ਮੁਕਾਬਲੇ ਐੱਨਡੀਏ ਨੇ ਰੁਜ਼ਗਾਰ ਦੇ ਡੇਢ ਗੁਣਾ ਵੱਧ ਮੌਕੇ ਮੁਹੱਈਆ ਕਰਵਾਏ: ਮੋਦੀ

ਯੂਪੀਏ ਦੇ ਮੁਕਾਬਲੇ ਐੱਨਡੀਏ ਨੇ ਰੁਜ਼ਗਾਰ ਦੇ ਡੇਢ ਗੁਣਾ ਵੱਧ ਮੌਕੇ ਮੁਹੱਈਆ ਕਰਵਾਏ: ਮੋਦੀ

ਪ੍ਰਧਾਨ ਮੰਤਰੀ ਨੇ ਨਵੇਂ ਭਰਤੀ ਹੋਏ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੰਡੇ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਯੂਪੀਏ ਸਰਕਾਰ ਦੇ 10 ਸਾਲਾਂ ਮੁਕਾਬਲੇ ਐੱਨਡੀਏ ਦੀ ਸਰਕਾਰ ਨੇ ਡੇਢ ਗੁਣਾ ਵਧ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਹਨ। ਰੁਜ਼ਗਾਰ ਮੇਲੇ ਤਹਿਤ ਹਾਲ ਹੀ ਵਿੱਚ ਭਰਤੀ ਕੀਤੇ ਗਏ ਇੱਕ ਲੱਖ ਤੋਂ ਵੱਧ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੰਡਣ ਮਗਰੋਂ ਵੀਡੀਓ ਕਾਨਫਰੰਸ ਰਾਹੀਂ ਉਨ੍ਹਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਪਿਛਲੀਆਂ ਸਰਕਾਰ ਨੂੰ ਵੀ ਨਿਸ਼ਾਨੇ ’ਤੇ ਲਿਆ ਤੇ ਕਿਹਾ ਕਿ ਉਸ ਸਮੇਂ ਨੌਕਰੀ ਦਾ ਇਸ਼ਤਿਹਾਰ ਜਾਰੀ ਹੋਣ ਤੋਂ ਲੈ ਕੇ ਨਿਯੁਕਤੀ ਪੱਤਰ ਦੇਦ ਤੱਕ ਬਹੁਤ ਲੰਮਾ ਸਮਾਂ ਲੱਗ ਜਾਂਦਾ ਸੀ ਅਤੇ ਇਸ ਦਾ ਫਾਇਦਾ ਚੁੱਕ ਕੇ ਵੱਡੇ ਪੱਧਰ ’ਤੇ ਰਿਸ਼ਵਤ ਲਈ ਜਾਂਦੀ ਸੀ। ਉਨ੍ਹਾਂ ਕਿਹਾ, ‘ਅਸੀਂ ਭਾਰਤ ਸਰਕਾਰ ’ਚ ਭਰਤੀ ਪ੍ਰਕਰਿਆ ਹੁਣ ਪੂਰੀ ਤਰ੍ਹਾਂ ਪਾਰਦਰਸ਼ੀ ਬਣਾ ਦਿੱਤੀ ਹੈ। ਇੰਨਾ ਹੀ ਨਹੀਂ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਭਰਤੀ ਪ੍ਰਕਿਰਿਆ ਇੱਕ ਤੈਅ ਸਮੇਂ ਅੰਦਰ ਪੂਰੀ ਕਰ ਲਈ ਜਾਵੇ। ਇਸ ਨਾਲ ਹਰ ਨੌਜਵਾਨ ਨੂੰ ਆਪਣੀ ਯੋਗਤਾ ਸਾਬਤ ਕਰਨ ਦਾ ਪੂਰਾ ਮੌਕਾ ਮਿਲਣ ਲੱਗਾ ਹੈ।’ ਉਨ੍ਹਾਂ ਕਿਹਾ, ‘ਅੱਜ ਹਰ ਨੌਜਵਾਨ ਦਾ ਮੰਨਣਾ ਹੈ ਕਿ ਉਹ ਸਖਤ ਮਿਹਨਤ ਤੇ ਹੁਨਰ ਦੀ ਬਦੌਲਤ ਨੌਕਰੀ ਹਾਸਲ ਕਰ ਸਕਦੇ ਹਨ। ਮੌਜੂਦਾ ਸਰਕਾਰ ਨੇ ਪਿਛਲੇ 10 ਸਾਲਾਂ ਅੰਦਰ ਪਿਛਲੀਆਂ ਸਰਕਾਰਾਂ ਮੁਕਾਬਲੇ 1.5 ਗੁਣਾ ਵਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ।’