ਆਦਿਵਾਸੀਆਂ ਦੀ ਜੀਵਨ ਸ਼ੈਲੀ ਜਲਵਾਯੂ ਤਬਦੀਲੀ ਦਾ ਹੱਲ: ਮੁਰਮੂ

ਆਦਿਵਾਸੀਆਂ ਦੀ ਜੀਵਨ ਸ਼ੈਲੀ ਜਲਵਾਯੂ ਤਬਦੀਲੀ ਦਾ ਹੱਲ: ਮੁਰਮੂ

ਨਵੀਂ ਦਿੱਲੀ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਆਖਿਆ ਕਿ ਕਬਾਇਲੀ ਜੀਵਨ ਸ਼ੈਲੀ ਜਲਵਾਯੂ ਤਬਦੀਲੀ ਵਰਗੀ ਆਲਮੀ ਸਮੱਸਿਆ ਦਾ ਹੱਲ ਪੇਸ਼ ਕਰਦੀ ਹੈ ਅਤੇ ਕਬਾਇਲੀਆਂ ਦੇ ਰਵਾਇਤੀ ਗਿਆਨ ਨੂੰ ਬਚਾਉਣ ਲਈ ਸਮੂਹਿਕ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ।

ਰਾਸ਼ਟਰਪਤੀ ਨੇ ਕਬਾਇਲੀ ਭਾਈਚਾਰਿਆਂ ਤੋੋਂ ਕੁਦਰਤ ਦੇ ਅਨੁਕੂਲ ਰਹਿਣਾ ਸਿੱਖਣ ਦੀ ਲੋੜ ’ਤੇ ਜ਼ੋਰ ਦਿੱਤਾ ਖਾਸਕਰ ਅਜਿਹੇ ਸਮੇਂ ਜਦੋਂ ‘ਆਧੁਨਿਕੀਕਰਨ ਦੀ ਦੌੜ ਨੇ ਧਰਤੀ ਤੇ ਉਸ ਦੇ ਕੁਦਰਤੀ ਸਰੋਤਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਮੁਰਮੂੁ ਨੇ ਇੱਥੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ‘ਆਦੀ ਮਹਾਉਤਸਵ’ ਦਾ ਉਦਘਾਟਨ ਕਰਨ ਮਗਰੋਂ ਕਿਹਾ, ‘‘ ਜਲਵਾਯੂ ਤਬਦੀਲੀ ਦੇ ਟਾਕਰੇ ਲਈ ਕਬਾਇਲੀ ਭਾਈਚਾਰੇ ਦੀ ਜੀਵਨ ਸ਼ੈਲੀ ਨੂੰ ਅਪਣਾਉਣਾ ਹੋਰ ਵੀ ਅਹਿਮ ਹੋ ਜਾਂਦਾ ਹੈ।’’ ਇਸ ਮਹਾਉਤਸਵ ਦਾ ਮਨੋਰਥ ਭਾਰਤ ਦੀ ਕਬਾਇਲੀ ਵਿਰਾਸਤ ਅਮੀਰ ਵਿਭਿੰਨਤਾ ਦਾ ਪ੍ਰਦਰਸ਼ਨ ਕਰਨਾ ਹੈ। ਇਹ ਮਹਾਉਤਸਵ 18 ਫਰਵਰੀ ਤੱਕ ਚੱਲੇਗਾ। ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਕਬਾਇਲੀ ਭਾਈਚਾਰੇ ਨਵੀਂ ਤਕਨੀਕ ਤੋਂ ਲਾਹਾ ਲੈ ਸਕਦੇ ਹਨ ਅਤੇ ਤਕਨੀਕ ਦੀ ਵਰਤੋਂ ਟਿਕਾਊ ਵਿਕਾਸ ਲਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ‘ਰਵਾਇਤੀ ਗਿਆਨ ਦੇ ਹੌਲੀ ਹੌਲੀ ਖਤਮ ਹੋਣ’ ’ਤੇ ਚਿੰਤਾ ਪ੍ਰਗਟਾਈ ਅਤੇ ‘‘ਇਸ ਨੂੰ ਸੁਰੱਖਿਅਤ ਕਰਨ ਲਈ ਸਾਂਝੀਆਂ ਕੋਸ਼ਿਸ਼ਾਂ’’ ਕਰਨ ਦੀ ਅਪੀਲ ਕਰਦਿਆਂ ਇਸ ਤਹਿਤ ਨਵੀਂ ਤਕਨੀਕ ਦਾ ਲਾਹਾ ਲੈਣ ਦਾ ਸੁਝਾਅ ਦਿੱਤਾ। ਰਾਸ਼ਟਰਪਤੀ ਨੇ ਆਖਿਆ ਕਿ ਸਰਕਾਰ ਅਨੁਸੂਚਿਤ ਜਨਜਾਤੀਆਂ (ਐੱਸਟੀ) ਦੇ ਵਿਕਾਸ ਨੂੰ ਤਰਜੀਹ ਦਿੰਦੀ ਹੈ ਪਰ ਉਨ੍ਹਾਂ ਦੇ ਸੱਭਿਆਚਾਰ ਦੀ ਰੱਖਿਆ ਕਰਨੀ ਵੀ ਓਨੀ ਹੀ ਅਹਿਮ ਹੈ। ਇਸ ਮੌਕੇ ਰਾਸ਼ਟਰਪਤੀ ਨੇ ਆਪਣੀ ਤਰ੍ਹਾਂ ਦਾ ਪਹਿਲਾ ਪੂੰਜੀ ਫੰਡ ਵੀ ਲਾਂਚ ਕੀਤਾ ਜਿਸ ਦਾ ਮਕਸਦ ਰਿਆਇਤੀ ਵਿੱਤੀ ਮਦਦ ਮੁਹੱਈਆ ਕਰਵਾ ਕੇ ਐੱਸ.ਟੀ. ਭਾਈਚਾਰੇ ’ਚ ਉੱਦਮੀਆਂ ਨੂੰ ਉਤਸ਼ਾਹਿਤ ਕਰਨਾ ਹੈ।