ਉੱਤਰਾਖੰਡ: ਹਲਦਵਾਨੀ ਦੇ ਬਾਹਰੀ ਇਲਾਕਿਆਂ ਤੋਂ ਕਰਫਿਊ ਹਟਾਇਆ

ਉੱਤਰਾਖੰਡ: ਹਲਦਵਾਨੀ ਦੇ ਬਾਹਰੀ ਇਲਾਕਿਆਂ ਤੋਂ ਕਰਫਿਊ ਹਟਾਇਆ

ਹਲਦਵਾਨੀ- ਉੱਤਰਾਖੰਡ ਵਿੱਚ ਹਿੰਸਾ ਦੀ ਮਾਰ ਹੇਠਾਂ ਆਏ ਹਲਦਵਾਨੀ ਸ਼ਹਿਰ ਦੇ ਬਾਹਰੀ ਇਲਾਕਿਆਂ ਤੋਂ ਕਰਫਿਊ ਹਟਾ ਲਿਆ ਗਿਆ ਹੈ ਪਰ ਬਨਭੂਲਪੁਰਾ ਖੇਤਰ ’ਚ ਲਾਗੂ ਰਹੇਗਾ ਜਿੱਥੇ ਲੰਘੇ ਵੀਰਵਾਰ ਨੂੰ ਇੱਕ ਗ਼ੈਰਕਾਨੂੰਨੀ ਮਦਰੱਸਾ ਤੋੜੇ ਜਾਣ ਮਗਰੋਂ ਭੜਕੀ ਭੀੜ ਨੇ ਅਗਜ਼ਨੀ ਤੇ ਤੋੜ-ਭੰਨ ਕੀਤੀ ਸੀ। ਹਿੰਸਕ ਘਟਨਾਵਾਂ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ ਅਤੇ ਜਾਂਚ 15 ਦਿਨਾਂ ਅੰਦਰ ਪੂਰੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।

ਮੁੱਖ ਸਕੱਤਰ ਰਾਧਾ ਰਤੂੜੀ ਵੱਲੋਂ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਕੁਮਾਓਂ ਦੇ ਕਮਿਸ਼ਨਰ ਦੀਪਕ ਰਾਵਤ ਮੈਜਿਸਟਰੇਟ ਜਾਂਚ ਕਰਨਗੇ ਅਤੇ 15 ਦਿਨ ਅੰਦਰ ਆਪਣੀ ਰਿਪੋਰਟ ਸਰਕਾਰ ਨੂੰ ਸੌਂਪਣਗੇ। ਨੈਨੀਤਾਲ ਦੀ ਜ਼ਿਲ੍ਹਾ ਅਧਿਕਾਰੀ ਵੰਦਨਾ ਸਿੰਘ ਨੇ ਅੱਜ ਕਰਫਿਊ ਬਲਭੂਲਪੁਰਾ ਤੱਕ ਸੀਮਤ ਕਰਨ ਦਾ ਹੁਕਮ ਜਾਰੀ ਕੀਤਾ ਹੈ। ਹੁਕਮਾਂ ’ਚ ਕਿਹਾ ਗਿਆ ਹੈ ਕਿ ਕਰਫਿਊ ਹੁਣ ਸਮੁੱਚੇ ਬਨਭੂਲਪੁਰਾ ਖੇਤਰ ਤੱਕ ਸੀਮਤ ਰਹੇਗਾ ਜਿਸ ਵਿੱਚ ਫੌਜੀ ਛਾਉਣੀ, ਤਿਕੋਨੀਆ-ਤੀਨਪਾਨੀ ਤੇ ਗੌਲਾਪਾਰ ਬਾਈਪਾਸ ਦਾ ਇਲਾਕਾ ਸ਼ਾਮਲ ਹੈ।