ਭ੍ਰਿਸ਼ਟਾਚਾਰੀਆਂ ਦਾ ‘ਅੰਮ੍ਰਿਤ ਕਾਲ’ ਚੱਲ ਰਿਹੈ: ਰਾਹੁਲ

ਭ੍ਰਿਸ਼ਟਾਚਾਰੀਆਂ ਦਾ ‘ਅੰਮ੍ਰਿਤ ਕਾਲ’ ਚੱਲ ਰਿਹੈ: ਰਾਹੁਲ

ਨਵੀਂ ਦਿੱਲੀ- ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਪ੍ਰਗਤੀ ਮੈਦਾਨ ਸੁਰੰਗ ਪ੍ਰਾਜੈਕਟ ਵਿੱਚ ਕਥਿਤ ‘ਗੰਭੀਰ ਖਾਮੀਆਂ’ ਨੂੰ ਲੈ ਕੇ ਅੱਜ ਮੋਦੀ ਸਰਕਾਰ ’ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਭ੍ਰਿਸ਼ਟਾਚਾਰੀਆਂ ਦਾ ‘ਅੰਮ੍ਰਿਤ ਕਾਲ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਜੂਨ 2022 ਨੂੰ ਪ੍ਰਗਤੀ ਮੈਦਾਨ ਇੰਟੀਗ੍ਰੇਟਿਡ ਟਰਾਂਜ਼ਿਟ ਕੌਰੀਡੋਰ ਪ੍ਰਾਜੈਕਟ ਦੇ ਹਿੱਸੇ ਵਜੋਂ 1.3 ਕਿਲੋਮੀਟਰ ਲੰਮੀ ਸੁਰੰਗ ਅਤੇ ਪੰਜ ਅੰਡਰਪਾਸਾਂ ਦਾ ਨੀਂਹ ਪੱਥਰ ਰੱਖਿਆ ਸੀ। ਇਸ ਦਾ ਮਕਸਦ ਸ਼ਹਿਰ ਦੇ ਪੂਰਬੀ ਹਿੱਸਿਆਂ ਅਤੇ ਸੈਟੇਲਾਈਟ ਕਸਬੇ ਨੋਇਡਾ ਤੇ ਗਾਜ਼ੀਆਬਾਦ ਵਿਚਾਲੇ ਸੰਪਰਕ ਸੁਖਾਲਾ ਬਣਾਉਣਾ ਹੈ। ਦਿੱਲੀ ਸਰਕਾਰ ਦੇ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਨੇ ਪ੍ਰਾਜੈਕਟ ’ਚ ਕਥਿਤ ‘ਗੰਭੀਰ ਖਾਮੀਆਂ’ ਲਈ ਲਾਰਸਨ ਐਂਡ ਟਰਬੋ ਨੂੰ ਨੋਟਿਸ ਜਾਰੀ ਕਰ ਕੇ ਕੰਪਨੀ ਤੋਂ 500 ਰੁਪਏ ਦੀ ‘ਹਰਜਾਨਾ ਰਾਸ਼ੀ’ ਮੰਗੀ ਹੈ ਅਤੇ ਕੰਪਨੀ ਨੂੰ ਮੁਰੰਮਤ ਕਾਰਜ ਤੁਰੰਤ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਹੈ। ਲਾਰਸਨ ਐਂਡ ਟਰਬੋ ਨੇ ਕਿਹਾ ਕਿ ਉਸ ਨੇ ਪੀਡਬਲਿਊਡੀ ਖ਼ਿਲਾਫ਼ 500 ਕਰੋੜ ਰੁਪਏ ਦਾ ਜਵਾਬੀ-ਦਾਅਵਾ ਕੀਤਾ ਹੈ। ਪ੍ਰਾਜੈਕਟ ਵਿੱਚ ਕਥਿਤ ਖਾਮੀਆਂ ਸਬੰਧੀ ਟਿੱਪਣੀ ਕਰਦਿਆਂ ਰਾਹੁਲ ਗਾਂਧੀ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਦੇਸ਼ ਵਿੱਚ ਭ੍ਰਿਸ਼ਟਾਚਾਰੀਆਂ ਦਾ ‘ਅੰਮ੍ਰਿਤ ਕਾਲ ਚੱਲ ਰਿਹਾ ਹੈ। ਲਗਪਗ 777 ਕਰੋੜ ਰੁਪਏ ਖਰਚ ਕੇ ਬਣਾਈ ਗਈ ਪ੍ਰਗਤੀ ਮੈਦਾਨ ਸੁਰੰਗ ਸਿਰਫ ਇੱਕ ਸਾਲ ਵਿੱਚ ਹੀ ਵਰਤੋਂ ਦੇ ਯੋਗ ਨਹੀਂ ਰਹੀ। ਪ੍ਰਧਾਨ ਮੰਤਰੀ ਹਰ ਵਿਕਾਸ ਪ੍ਰਜੈਕਟ ’ਤੇ ‘ਪਲਾਨਿੰਗ’ ਦਾ ਜਗ੍ਹਾ ‘ਮਾਡਲਿੰਗ’ ਕਰ ਰਹੇ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਪ੍ਰਧਾਨ ਮੰਤਰੀ ਮੋਦੀ ਦੀ ਸੁਰੰਗ ਦੇ ਉਦਘਾਟਨ ਤੋਂ ਬਾਅਦ ਦੀ ਤਸਵੀਰ ਸਾਂਝੀ ਕੀਤੀ ਤੇ ਕਿਹਾ, ‘‘ਈਡੀ, ਸੀਬੀਆਈ, ਆਈਟੀ ਭ੍ਰਿਸ਼ਟਾਚਾਰ ਨਾਲ ਨਹੀਂ ਬਲਕਿ ਜਮਹੂਰੀਅਤ ਨਾਲ ਲੜ ਰਹੇ ਹਨ।’’ –